ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਬਾਰਡਰਾਂ ਉਪਰ ‘ਕਰੋਨਾ ਕਾਲ’ ਦੌਰਾਨ ਹੋਏ ਮਹੱਤਵ-ਪੂਰਨ ਕਾਰਜਾਂ ਦੇ ਆਂਕੜੇ

(ਦ ਏਜ ਮੁਤਾਬਿਕ) ਰਾਜ ਦੇ ਪੁਲਿਸ ਕਮਿਸ਼ਨਰ ਮਿਕ ਫਲਰ ਦਾ ਕਹਿਣਾ ਹੈ ਕਿ ਜੁਲਾਈ 6 ਨੂੰ ਜਦੋਂ ਨਿਊ ਸਾਊਥ ਵੇਲਜ਼ ਅਤੇ ਵਿਕਟੌਰੀਆਈ ਬਾਰਡਰਾਂ ਦੇ ਬੰਦ ਹੋਣ ਦਾ ਐਲਾਨ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਵੱਲੋਂ ਕੀਤਾ ਗਿਆ ਤਾਂ ਕੋਲ ਮਹਿਜ਼ 36 ਘੰਟੇ ਹੀ ਸਨ ਇਸ ਨੂੰ ਲਾਗੂ ਕਰਨ ਵਾਸਤੇ। ਪੁਲਿਸ ਇੱਕਦਮ ਹਰਕਤ ਵਿੱਚ ਆਈ ਅਤੇ ਪੁਲਿਸ ਨੇ ਆਸਟ੍ਰੇਲੀਆਈ ਡਿਫੈਂਸ ਫੋਰਸ ਦੀ ਮਦਦ ਨਾਲ -ਆਨਨ ਫਾਨਨ ਵਿੱਚ ਮੁੱਰੇ ਨਦੀ ਦੇ ਆਲ਼ੇ-ਦੁਆਲੇ ਕੁੱਝ ਪੁਲਿਸ ਦੇ ਬੁਨਿਆਦੀ ਢਾਂਚੇ ਖੜ੍ਹੇ ਕਰਨ ਦਾ ਕੰਮ ਉਲੀਕ ਦਿੱਤਾ ਅਤੇ ਐਲਾਨੇ ਗਏ ਸਮੇਂ ਦੀ ਜ਼ੱਦ ਅੰਦਰ ਹੀ ਸੀਲਿੰਗ ਦਾ ਕੰਮ ਮੁਕੰਮਲ ਵੀ ਹੋ ਗਿਆ। ਆਪਣੇ ਇਸ 138 ਦਿਨਾਂ ਦੇ ਬੰਦ ਦੇ ਕਾਰਜਕਾਲ ਦੌਰਾਨ ਹੋਈਆਂ ਗਤੀਵਿਧੀਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 100,000 ਪੁਲਿਸ ਅਫ਼ਸਰਾਂ ਦੀਆਂ ਸ਼ਿਫਟਾਂ ਲਗਾਈਆਂ ਗਈਆਂ; ਪੰਜ ਮਿਲੀਅਨ ਵਾਹਨਾਂ ਦੇ ਆਵਾਗਮਨ ਚੈਕ ਕੀਤੇ ਗਏ; ਪੰਜ ਲੱਖ ਦੇ ਕਰੀਬ ਵੱਡੇ ਵਾਹਨ ਵੀ ਨਿਗਰਾਨੀ ਹੇਠ ਲੰਘੇ; 40,000 ਸ਼ਿਫਟਾਂ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ ਮੁਲਾਜ਼ਮਾਂ ਦੀਆਂ ਲੱਗੀਆਂ; 54 ਅਲੱਗ ਅਲੱਗ ਸੀਮਾਵਾਂ ਉਪਰ ਤਾਇਨਾਤੀ ਅਤੇ ਚੈਕਿੰਗ ਕੀਤੀ ਗਈ; ਅਤੇ ਇਸ ਦੌਰਾਨ 1000 ਲੋਕਾਂ ਨੂੰ ਅਣਗਹਿਲੀਆਂ ਜਾਂ ਕੁਤਾਹੀਆਂ ਕਾਰਨ ਗ੍ਰਿਫਤਾਰ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਕਤ ਫੈਸਲਾ ਲੋਕਾਂ ਦੀ ਭਲਾਈ ਲਈ ਸੀ ਇਸ ਕਰਕੇ ਉਨ੍ਹਾਂ ਨੇ ਅਤੇ ਆਸਟ੍ਰੇਲੀਆਈ ਡਿਫੈਂਸ ਫੋਰਸ ਨੇ ਮਿਲ ਕੇ ਸਾਰੇ ਕੰਮ ਨੂੰ ਸਿਰੇ ਚਾੜ੍ਹਿਆ ਅਤੇ ਸਫਲਤਾ ਹਾਸਿਲ ਵੀ ਕੀਤੀ। ਇਸ ਦੌਰਾਨ ਕੁੱਝ ਅਜਿਹੇ ਗੈਰ-ਸਮਾਜਿਕ ਤੱਤ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਜੋ ਇਸ ਭਿਆਨਕ ਬਿਮਾਰੀ ਦੇ ਸਮੇਂ ਵੀ ਨਸ਼ੇ ਆਦਿ ਵੇਚਣ ਵਾਸਤੇ ਬਾਰਡਰਾਂ ਦੇ ਆਰ-ਪਾਰ ਆਉਂਦੇ ਜਾਂਦੇ ਹਨ ਅਤੇ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਕੋਲ ਵਾਜਿਬ ਪਰਮਿਟ ਲੈਣ ਦੇ ਕੋਈ ਕਾਰਨ ਜਾਂ ਵਸੀਲੇ ਹੁੰਦੇ ਹੀ ਨਹੀਂ ਅਤੇ ਉਹ ਪੁਲਿਸ ਦੇ ਹੱਥੇ ਚੜ੍ਹ ਜਾਂਦੇ ਹਨ।

Install Punjabi Akhbar App

Install
×