
(ਦ ਏਜ ਮੁਤਾਬਿਕ) ਕੁਈਨਜ਼ਲੈਂਡ ਦੀ ਪ੍ਰੀਮੀਅਰ ਐਨੇਸਟੇਸ਼ੀਆ ਪੈਲਾਸ਼ਾਈ ਨੇ ਇੱਕ ਪ੍ਰੈਸ ਕਾਨਫਰੰਸ ਦੇ ਮਾਧਿਅਮ ਰਾਹੀਂ ਰਾਜ ਦੇ ਸਿਹਤ ਅਧੀਕਾਰੀਆਂ, ਸੁਰੱਖਿਆ ਅਧਿਕਾਰੀਆਂ, ਅਤੇ ਉਨ੍ਹਾਂ ਦੀਆਂ ਸਮੁੱਚੀਆਂ ਟੀਮਾਂ ਦਾ, ਸਮੇਤ ਰਾਜ ਦੀ ਮਾਣਯੋਗ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੀ ਮਿਹਨਤ ਅਤੇ ਲਗਨ ਸਦਕਾ ਅੱਜ ਬੀਤੇ 52 ਦਿਨਾਂ ਤੋਂ ਰਾਜ ਅੰਦਰ ਕਰੋਨਾ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਇਸ ਲਈ ਸਾਰੇ ਹੀ ਵਧਾਈ ਦੇ ਪਾਤਰ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਅੰਦਰ ਇਸ ਵੇਲੇ ਮਹਿਜ਼ 8 ਚਲੰਤ ਕਰੋਨਾ ਦੇ ਮਾਮਲੇ ਹਨ ਅਤੇ ਬੀਤੀ ਰਾਤ ਵੀ ਕੋਈ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ। ਰਾਜ ਵਿੱਚ ਚਲ ਰਹੇ ਕੋਵਿਡ-19 ਦੇ ਟੈਸਟਾਂ ਬਾਰੇ ਵਿਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 4320 ਟੈਸਟ ਕੀਤੇ ਗਏ ਹਨ। ਉਨ੍ਹਾਂ ਨੇ ਨਾਲ ਹੀ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਆਪਣੀ ਸਿਹਤ ਦਾ ਆਪ ਵੀ ਧਿਆਨ ਰੱਖਣ ਅਤੇ ਕਿਸੇ ਵੀ ਅਣਗਹਿਲੀ ਜਾਂ ਗਲਤੀ ਦਾ ਸ਼ਿਕਾਰ ਨਾ ਹੋਣ ਅਤੇ ਆਪਣੀ ਅਤੇ ਆਪਣੇ ਸਮਾਜ ਦੀ ਸਿਹਤ ਦੀ ਰੱਖਿਆ ਕਰਨ ਵਿੱਚ ਹਮੇਸ਼ਾ ਇਸੇ ਤਰ੍ਹਾਂ ਸਹਿਯੋਗੀ ਰਹਿਣ।