ਬਿਜਲੀ ਸੰਕਟ ਲਈ ਪੰਜਾਬ ਸਰਕਾਰ ਤੇ ਪਾਵਰਕਾਮ ਪੂਰੀ ਤਰ੍ਹਾਂ ਜੁਮੇਵਾਰ- ਕਾ: ਸੇਖੋਂ

ਥਰਮਲ ਨੂੰ ਜੁਰਮਾਨੇ ਦਾ ਨੋਟਿਸ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ

ਬਠਿੰਡਾ –
ਪੰਜਾਬ ਵਿੱਚ ਖੇਤੀਬਾੜੀ ਨੂੰ ਸਿੱਧਾ ਪ੍ਰਭਾਵਿਤ ਕਰਨ ਵਾਲਾ ਬਿਜਲੀ ਸੰਕਟ ਦਿਨੋ ਦਿਨ ਵਧਦਾ ਜਾ ਰਿਹਾ ਹੈ। ਜਿਸ ਲਈ ਪੰਜਾਬ ਸਰਕਾਰ ਤੇ ਪਾਵਰਕਾਮ ਪੂਰੀ ਤਰ੍ਹਾਂ ਜੁਮੇਵਾਰ ਹਨ। ਇਹ ਦੋਸ਼ ਲਾਉਂਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਸਾਡੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਜੇਕਰ ਤੁਰੰਤ ਇਸਦਾ ਹੱਲ ਨਾ ਕੀਤਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੇਲੇ ਇਸ ਸਬੰਧੀ ਜੁਆਬ ਮੰਗਿਆ ਜਾਵੇਗਾ।
ਕਾ: ਸੇਖੋਂ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਸਦਕਾ ਪਬਲਿਕ ਸੈਕਟਰ ਦਾ ਬਠਿੰਡਾ ਥਰਮਲ ਪਲਾਂਟ ਬੰਦ ਹੋਣ ਉਪਰੰਤ ਬਿਜਲੀ ਦੀ ਘਾਟ ਰੜਕਣ ਲੱਗ ਪਈ ਸੀ। ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਸਮਝੌਤਿਆਂ ਸਦਕਾ ਪੰਜਾਬ ਰਾਜ, ਕਾਰਪੋਰੇਟ ਕੰਪਨੀਆਂ ਦੇ ਥਰਮਲ ਪਲਾਟਾਂ ਦੇ ਰਹਿਮੋ ਕਰਮ ਤੇ ਚੱਲ ਰਿਹਾ ਹੈ। ਸੂਬੇ ਦੀ ਮੌਜੂਦਾ ਕੈਪਟਨ ਸਰਕਾਰ ਬਣਨ ਤੇ ਰਾਜ ਦੇ ਲੋਕਾਂ ਨੂੰ ਉਮੀਦ ਸੀ ਕਿ ਇਹਨਾਂ ਸਮਝੌਤਿਆਂ ਤੇ ਮੁੜ ਨਜਰਸਾਨੀ ਕੀਤੀ ਜਾਵੇਗੀ, ਕਿਉਂਕਿ ਚੋਣਾਂ ਤੋਂ ਪਹਿਲ ਕਾਂਗਰਸੀ ਆਗੂ ਅਜਿਹੇ ਬਿਆਨ ਦਿੰਦੇ ਰਹੇ ਸਨ। ਪਰ ਸਰਕਾਰ ਬਣਨ ਉਪਰੰਤ ਉਹਨਾਂ ਇਸ ਸਬੰਧੀ ਚੁੱਪ ਵੱਟ ਲਈ। ਇਸੇ ਕਰਕੇ ਪੰਜਾਬ ਵਿੱਚ ਦੇਸ਼ ਦੇ ਸਾਰੇ ਰਾਜਾਂ ਨਾਲੋਂ ਮਹਿੰਗੀ ਵਿਚਲੀ ਮਿਲ ਰਹੀ ਹੈ ਅਤੇ ਬਿਜਲੀ ਸੰਕਟ ਕਾਰਨ ਪਰੇਸਾਨੀ ਝੱਲਣੀ ਪੈ ਰਹੀ ਹੈ। ਇੱਥੇ ਹੀ ਬੱਸ ਨਹੀਂ ਬਿਜਲੀ ਸੈਕਟਰ ਤੇ ਕਾਰਪੋਰੇਟ ਕੰਪਨੀਆਂ ਦਾ ਮੁਕੰਮਲ ਗਲਬਾ ਹੋਣ ਕਾਰਨ ਕਥਿਤ ਜਾਅਲੀ ਥੁੜ ਪੈਦਾ ਕਰਨਾ ਵੀ ਉਹਨਾਂ ਦੇ ਹੱਥ ਵਿੱਚ ਹੈ।
ਝੋਨੇ ਦੇ ਮੌਜੂਦਾ ਸੀਜਨ ‘ਚ ਬਿਜਲੀ ਦੀ ਘਾਟ ਕਾਰਨ ਲੱਗ ਰਹੇ ਵੱਡੇ ਕੱਟਾਂ ਬਾਰੇ ਪੰਜਾਬ ਦੀ ਕੈਪਟਨ ਸਰਕਾਰ ਤੇ ਪਾਵਰਕਾਮ ਨੂੰ ਪੂਰੀ ਤਰ੍ਹਾਂ ਜੁਮੇਵਾਰ ਠਹਿਰਾਉਂਦਿਆਂ ਕਾ: ਸੇਖੋਂ ਨੇ ਕਿਹਾ ਕਿ ਤਲਵੰਡੀ ਸਾਬੋ ਦੇ ਵਣਾਂਵਾਲਾ ਥਰਮਲ ਪਲਟ ਦਾ ਯੂਨਿਟ ਨੰਬਰ ਤਿੰਨ ਪਿਛਲੇ 8 ਮਾਰਚ ਤੋਂ ਬੰਦ ਪਿਆ ਹੈ। ਇਹ ਪਤਾ ਹੋਣ ਦੇ ਬਾਵਜੂਦ ਕਿ ਝੋਨੇ ਦਾ ਸੀਜਨ ਆ ਰਿਹਾ ਹੈ ਅਤੇ ਕਿਸਾਨਾਂ ਨੂੰ ਵੱਧ ਬਿਜਲੀ ਦੀ ਲੋੜ ਪਵੇਗੀ, ਰਾਜ ਸਰਕਾਰ ਤੇ ਪਾਵਰਕਾਮ ਨੇ ਇਸਨੂੰ ਚਾਲੂ ਕਰਵਾਉਣ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ। ਹੁਣ ਪਾਵਰਕਾਮ ਵੱਲੋਂ ਵਣਾਂਵਾਲਾ ਥਰਮਲ ਨੂੰ ਜੁਰਮਾਨੇ ਦਾ ਨੋਟਿਸ ਭੇਜਿਆ ਗਿਆ ਹੈ। ਸੂਬਾ ਸਕੱਤਰ ਨੇ ਸੁਆਲ ਉਠਾਇਆ ਕਿ ਥਰਮਲ ਨੂੰ ਜੁਰਮਾਨਾ ਕਰਨ ਨਾਲ ਕੀ ਬਿਜਲੀ ਸਪਲਾਈ ਪੂਰੀ ਹੋ ਜਾਵੇਗੀ? ਕੀ ਜੁਰਮਾਨਾ ਕਰਨ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਪਾਲੀ ਜਾ ਸਕੇਗੀ? ਕਿਸਾਨਾਂ ਦੀ ਫ਼ਸਲ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ? ਉਹਨਾਂ ਕਿਹਾ ਕਿ ਜੁਰਮਾਨੇ ਦਾ ਨੋਟਿਸ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਹੀ ਭੇਜਿਆ ਗਿਆ ਹੈ, ਜਿਸਦਾ ਕਿਸਾਨੀ ਜਾਂ ਬਿਜਲੀ ਸੰਕਟ ਦੇ ਹੱਲ ਨਾਲ ਕੋਈ ਵਾਸਤਾ ਨਹੀਂ ਹੈ।
ਸੁਬਾਈ ਸਕੱਤਰ ਨੇ ਕਿਹਾ ਕਿ ਹੁਣ ਇਸ ਥਰਮਲ ਪਲਾਂਟ ਦਾ ਯੂਨਿਟ ਨੰਬਰ ਇੱਕ ਵੀ ਬੰਦ ਹੋ ਗਿਆ ਹੈ, ਜਿਸ ਬਾਰੇ ਤਕਨੀਕੀ ਨੁਕਸ ਦੱਸਿਆ ਜਾ ਰਿਹਾ ਹੈ। ਇਸਦੇ ਬੰਦ ਹੋਣ ਨਾਲ ਬਿਜਲੀ ਸੰਕਟ ਹੋਰ ਡੂੰਘਾ ਹੋ ਜਾਵੇਗਾ। ਦੂਜੇ ਪਾਸੇ ਡੀਜ਼ਲ ਦੀ ਕੀਮਤ ਵੀ ਸੌ ਰੁਪਏ ਪ੍ਰਤੀ ਲਿਟਰ ਤੇ ਪਹੁੰਚ ਗਈ ਹੈ। ਉਹਨਾਂ ਕਿਹਾ ਕਿ ਅਜਿਹੇ ਮਾਹੌਲ ਵਿੱਚ ਝੋਨੇ ਦੀ ਫ਼ਸਲ ਪਾਲਣੀ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਰਹੀ। ਇਸ ਨਾਲ ਆਰਥਿਕ ਤੰਗੀ ਹੰਢਾ ਰਹੀ ਕਿਸਾਨੀ ਹੋਰ ਨਿਘਾਰ ਵੱਲ ਚਲੀ ਜਾਵੇਗੀ।
ਕਾ: ਸੇਖੋਂ ਨੇ ਕਿਹਾ ਕਿ ਝੋਨੇ ਦਾ ਸੀਜਨ ਆਉਣ ਦਾ ਪਤਾ ਹੋਣ ਦੇ ਬਾਵਜੂਦ ਵਣਾਂਵਾਲਾ ਥਰਮਲ ਪਲਾਂਟ ਦਾ ਬੰਦ ਪਿਆ ਯੂਨਿਟ ਨਾ ਚਲਵਾਉਣ ਤੇ ਥਰਮਲ ‘ਚ ਪੈਣ ਵਾਲੇ ਨੁਕਸ ਨੂੰ ਰੋਕਣ ਲਈ ਟੈਕਨੀਸਨਾਂ ਨੂੰ ਸੁਚੇਤ ਨਾ ਰੱਖਣ ਲਈ ਮੌਜੂਦਾ ਪੰਜਾਬ ਸਰਕਾਰ ਤੇ ਪਾਵਰਕਾਮ ਪੂਰੀ ਤਰ੍ਹਾਂ ਜੁਮੇਵਾਰ ਹਨ। ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਸਬੰਧੀ ਜੁਮੇਵਾਰ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਨੁਕਸ ਦੂਰ ਕਰਵਾ ਕੇ ਬੰਦ ਯੂਨਿਟ ਤੁਰੰਤ ਚਾਲੂ ਕਰਵਾਏ ਜਾਣ। ਉਹਨਾਂ ਰਾਜ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਘਰਾਂ ਦਫ਼ਤਰਾਂ ਵਿੱਚ ਏ ਸੀ, ਪੱਖੇ ਜਾਂ ਹੋਰ ਕੰਮਾਂ ਲਈ ਵਰਤੀ ਜਾ ਰਹੀ ਬਿਜਲੀ ਦੀ ਬੱਚਤ ਕਰਕੇ ਪੰਜਾਬ ਦੀ ਕਿਸਾਨੀ ਨੂੰ ਸਹਿਯੋਗ ਦਿੱਤਾ ਜਾਵੇ।

Welcome to Punjabi Akhbar

Install Punjabi Akhbar
×
Enable Notifications    OK No thanks