ਭਾਰੀ ਬਾਰਿਸ਼ ਨੇ ਸਿਡਨੀ ਵਿੱਚ ਲਿਆਂਦੇ ਹੜ੍ਹ -ਗਲੀਆਂ ਭਰੀਆਂ ਪਾਣੀ ਨਾਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਦਿਨ ਵੀਰਵਾਰ ਅਤੇ ਸ਼ੁਕਰਵਾਰ ਨੂੰ ਹੋਈ ਭਾਰੀ ਬਾਰਿਸ਼ ਕਾਰਨ ਸਿਡਨੀ ਵਿਚਲੀਆਂ ਨਦੀਆਂ ਪਾਣੀ ਨਾਲ ਲਬਾਲਬ ਭਰ ਗਈਆਂ ਅਤੇ ਨਤੀਜਤਨ, ਸਿਡਨੀ ਖੇਤਰ ਵਿੱਚ ਕਈ ਥਾਂਈਂ ਨਦੀਆਂ ਦਾ ਪਾਣੀ ਗਲੀਆਂ ਵਿੱਚ ਵੜ ਆਇਆ ਅਤੇ ਹੜ੍ਹਾਂ ਕਾਰਨ ਲੋਕਾਂ ਨੂੰ ਪ੍ਰਭਾਵੀ ਖੇਤਰਾਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਉਪਰ ਲਿਜਾਇਆ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ, ਯਾਨੀ ਕਿ ਸ਼ਨਿਚਰਵਾਰ ਨੂੰ ਹੋਣ ਵਾਲੀ ਭਾਰੀ ਸੰਭਵਿਤ ਵਰਖਾ ਨਾਲ ਸਥਿਤੀਆਂ ਹੋਣ ਵੀ ਬਦ ਤੋਂ ਬਦਤਰ ਹੋ ਸਕਦੀਆਂ ਹਨ ਅਤੇ ਲੋਕਾਂ ਨੂੰ ਚੇਤੰਨ ਅਤੇ ਕਿਸੇ ਸੰਭਾਵੀ ਖਤਰੇ ਨੂੰ ਭਾਂਪਦਿਆਂ ਜਾਂ ਚਿਤਾਵਨੀਆਂ ਦੇ ਮੱਦੇਨਜ਼ਰ ਤੁਰੰਤ ਆਪਣੀਆਂ ਥਾਵਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਉਪਰ ਜਾਣ ਲਈ ਤਿਆਰ ਰਹਿਣ ਨੂੰ ਪ੍ਰਸ਼ਾਸਨ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ।
ਫਲੱਡ ਆਪ੍ਰੇਸ਼ਨ ਮੈਨੇਜਰ ਜਸਟਿਨ ਰਾਬਿਨਸਨ ਨੇ ਕਿਹਾ ਕਿ ਨੈਪੀਅਨ ਅਤੇ ਹਾਕਸਬਰੀ ਨਦੀਆਂ ਵਿੱਚ ਹੜ੍ਹਾਂ ਕਾਰਨੀ ਸਥਿਤੀਆਂ ਨਾਜ਼ੁਕ ਹਨ ਅਤੇ ਨਦੀਆਂ ਵਿੱਚ ਪਾਣੀ ਦੀ ਰਫ਼ਤਾਰ ਅਤੇ ਮਾਤਰਾ ਲਗਾਤਾਰ ਖ਼ਤਰਨਾਕ ਬਣਦੀ ਜਾ ਰਹੀ ਹੈ। ਇਸ ਤੋਂ ਇਲਾਵਾ ਵਾਰਾਗਾਂਬਾ ਡੈਮ ਵਿਚਲਾ ਵਾਧੂ ਪਾਣੀ ਵੀ ਛੱਡਿਆ ਜਾ ਰਿਹਾ ਹੈ ਅਤੇ ਇਸ ਨਾਲ ਹੇਠਲੇ ਇਲਾਕਿਆਂ ਵਿਚ ਹੜ੍ਹਾਂ ਦਾ ਖ਼ਤਰਾ ਬਰਕਰਾਰ ਹੈ।
ਨਿਊ ਸਾਊਥ ਵੇਲਜ਼ ਦੇ ਮਿਡ-ਨਾਰਥ ਸਮੁੰਦਰੀ ਕਿਨਾਰਿਆਂ ਅਤੇ ਕੈਨਬਰਾ ਆਦਿ ਵਿੱਚ ਮੌਸਮ ਸਬੰਧੀ ਚਿਤਾਵਨੀਆਂ ਅੱਜ ਸਵੇਰ ਤੋਂ ਲਾਗਾਤਰ ਦਿੱਤੀਆਂ ਜਾਣੀਆਂ ਜਾਰੀ ਹਨ ਅਤੇ ਲੋਕਾਂ ਨੂੰ ਅਜਿਹੀਆਂ ਚਿਤਾਵਨੀਆਂ ਉਪਰ ਅਮਲ ਕਰਨ ਨੂੰ ਕਿਹਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸੰਭਵਿਤ ਹੜ੍ਹਾਂ ਅਤੇ ਹਨੇਰੀ ਵਾਲੀਆਂ ਹਵਾਵਾਂ ਜਿਨ੍ਹਾਂ ਦੀ ਰਫ਼ਤਾਰ 60-70 ਕਿ. ਮੀਟਰ ਪ੍ਰਤੀ ਘੰਟਾ ਅਤੇ ਅੱਜ ਇਹ ਰਫ਼ਤਾਰ ਵੱਧ ਕੇ 90 ਕਿ. ਮੀਟਰ ਪ੍ਰਤੀ ਘੰਟਾ ਵੀ ਹੋ ਸਕਦੀ ਹੈ, ਕਾਰਨ ਜਾਨ ਮਾਲ ਨੂੰ ਖ਼ਤਰਾ ਹੋ ਸਕਦਾ ਹੈ ਇਸ ਲਈ ਸਮਾਂ ਰਹਿੰਦਿਆਂ ਹੀ ਆਪਣੀ ਤਿਆਰੀ ਕਰ ਕੇ ਰੱਖੀ ਜਾਵੇ।

ਨਿਊ ਸਾਊਥ ਵੇਲਜ਼ ਦੇ ਇਸ ਪ੍ਰਭਾਵਿਤ ਖੇਤਰ ਅੰਦਰ ਦਰਜਨ ਤੋਂ ਵੀ ਵੱਧ ਨਦੀਆਂ ਦੇ ਉਫਾਨ ਉਪਰ ਆ ਜਾਣ ਕਾਰਨ, ਰਾਜ ਦੀਆਂ ਆਪਾਤਕਾਲੀਨ ਸੇਵਾਵਾਂ ਦੇ ਵਿਭਾਗ ਵੱਲੋਂ 1300 ਤੋਂ ਵੀ ਜ਼ਿਆਦਾ ਮਦਦ ਲਈ ਮਿਲੀਆਂ ਕਾਲਾਂ ਉਪਰ ਮੌਕੇ ਤੇ ਤੁਰੰਤ ਕਾਰਵਾਈ ਕਰਦਿਆਂ ਹੜ੍ਹ ਪ੍ਰਭਾਵਿਤ ਖੇਤਰਾਂ ਅੰਦਰ 57 ਬਚਾਉ ਆਪ੍ਰੇਸ਼ਨ ਕੀਤੇ ਗਏ ਹਨ। ਜ਼ਿਆਦਾ ਪ੍ਰਭਾਵਿਤ ਇਲਾਕੇ ਜਿੱਥੇ ਕਿ ਨਦੀਆਂ ਦਾ ਪਾਣੀ ਬਹੁਤ ਜ਼ਿਆਦਾ ਭਰ ਰਿਹਾ ਹੈ -ਕਿੰਡੀ ਬ੍ਰਿਜ ਦੇ ਦੁਆਲ਼ੇ ਹੇਸਟਿੰਗਜ਼ ਨਦੀ, ਵਾਓਚੋਪ ਅਤੇ ਸੈਟਲਮੈਂਟ ਪੁਆਇੰਟ ਆਦਿ ਨੂੰ ਦੱਸਿਆ ਜਾ ਰਿਹਾ ਹੈ।
ਪੋਰਟ ਮੈਕੁਆਇਰ ਦੇ ਨਿਚਲੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਉਥੋਂ ਹਟਾ ਕੇ ਸੁਰੱਖਿਅਤ ਥਾਵਾਂ ਉਪਰ ਲਿਜਾਇਆ ਗਿਆ ਹੈ ਅਤੇ ਨਾਰਥ ਹੈਵਨ, ਡੰਬੋਗੈਨ, ਕੈਮਡਨ ਹੈਡ, ਲਾਰੀਟਨ ਜਿਹੇ ਇਲਾਕਿਆਂ ਦੇ ਨਿਵਾਸੀਆਂ ਅਤੇ ਉਹ ਜੋ ਕਿ ਕੈਂਪਸੇ ਅਤੇ ਮੈਕਲੀ ਨਦੀ ਦੇ ਨਿਚਲੇ ਖੇਤਰਾਂ ਵਿੱਚ ਰਹਿ ਰਹੇ ਹਨ ਨੂੰ ਵੀ ਆਪਣੀਆਂ ਥਾਵਾਂ ਛੱਡ ਕੇ ਸੁਰੱਖਿਅਤ ਥਾਵਾਂ ਉਪਰ ਲਿਜਾਉਣ ਦਾ ਕੰਮ ਜਾਰੀ ਹੈ।

Install Punjabi Akhbar App

Install
×