ਪਰਿਵਾਰਕ ਰਿਸ਼ਤਿਆਂ ਦੇ ਬਿਹਤਰ ਵਾਈ-ਫਾਈ ਚਾਰਜ਼ਰ – ਸਾਡੇ ਬਜ਼ੁਰਗ

harjinder basiala 180326 ਪਰਿਵਾਰਕ ਰਿਸ਼ਤਿਆਂ ਦੇ ਬਿਹਤਰ ਵਾਈaaa
ਵਾਵਰੋਲਿਆਂ ਦੇ ਵਾਂਗ ਉਚੇ-ਥੱਲੇ ਹੁੰਦੀ ਆਧੁਨਿਕ ਜ਼ਿੰਦਗੀ, ਖਾਸ ਕਰ ਪ੍ਰਵਾਸੀ ਵਸਦੇ ਭਾਰਤੀਆਂ ਦੀ ਜ਼ਿੰਦਗੀ ਬਹੁਤ ਕੁਝ ਆਪਣੇ ਪਿੱਛੇ ਖਿਲਰਵਾਂ ਜਿਹਾ ਛੱਡ ਰਹੀ ਹੈ। ਬਹੁਤ ਸਾਰੇ ਇਹ ਚਾਹੁੰਦੇ ਹਨ ਕਿ ਸਾਰਾ ਕੁਝ ਪਹਿਲਾਂ ਦੀ ਤਰ੍ਹਾਂ ਵਿਹੜੇ ਦੀ ਸ਼ਾਨ ਬਣਿਆ ਰਹੇ ਪਰ ਮੀਲਾਂ ਦਾ ਸਫਰ ਪਰਿਵਾਰਕ ਰਿਸ਼ਤਿਆਂ ਦੇ ਵਿਚ ਵਿਹਲ ਪਾ ਹੀ ਜਾਂਦਾ ਹੈ। ਅਜਿਹੇ ਦੇ ਵਿਚ ਜੋ ਜਿਆਦਾ ਭਾਵਨਾਵਾਂ ਦੇ ਬਹਾਅ ਵਿਚ ਯਾਦ ਆਉਂਦੇ ਹਨ ਉਹ ਹਨ ਸਾਡੇ ਵਤਨੀ ਰਹਿ ਗਏ ਬਜ਼ੁਰਗ। ਇਨ੍ਹਾਂ ਬਜ਼ੁਰਗਾਂ ਵਿਚ ਮਾਤਾ-ਪਿਤਾ, ਦਾਦਾ-ਦਾਦੀ, ਨਾਨਾ-ਨਾਨੀ, ਸੱਸ-ਸਹੁਰਾ, ਚਾਚਾ-ਚਾਚੀ, ਤਾਇਆ-ਤਾਈ, ਭੂਆ-ਫੁੱਫੜ ਜਾਂ ਫਿਰ ਭਰਾ-ਭਰਜਾਈ ਮੂਹਰਲੀ ਕਤਾਰ ਦੇ ਵਿਚ ਆਉਂਦੇ ਹਨ।
ਸਦਕੇ ਜਾਈਏ ਵਾਈ-ਫਾਈ ਜਾਂ ਇੰਟਰਨੈਟ ਦੀ ਖੋਜ ਕਰਨ ਵਾਲਿਆਂ ਦੇ ਜਿਨ੍ਹਾਂ ਨੇ ਅੱਜ ਦੇ ਅਤਿ ਆਧੁਨਿਕ ਯੁੱਗ ਦੇ ਵਿਚ ਹਜ਼ਾਰਾਂ ਮੀਲਾਂ ਦੀ ਦੂਰੀ ਹੋਣ ਦੇ ਬਾਵਜੂਦ ਤੁਹਾਨੂੰ ਪਰਿਵਾਰਕ ਮੈਂਬਰਾਂ ਦੇ ਨਾਲ ਵੀਡੀਓ ਸੰਪਰਕ ਬਣਾਈ ਰੱਖਣ ਦੇ ਯੋਗ ਕਰ ਦਿੱਤਾ ਹੈ। ਅੱਜ ਦੌੜਦੀ ਜਵਾਨੀ ਨੂੰ ਜਿੱਥੇ ਸਾਡਾ ਬੁਢਾਪਾ ਤੱਕ ਰਿਹਾ ਹੈ ਉਤੇ ਸਾਡਾ ਫਰਜ਼ ਵੀ ਬਣਦਾ ਹੈ ਕਿ ਇਨ੍ਹਾਂ ਦੀ ਅਸੀਸ ਭਰੀ ਤੱਕਣੀ ਨੂੰ ਆਪਣੇ ਉਤੇ ਕੇਂਦਰਿਤ ਕਰਾਈ ਰੱਖੀਏ ਅਤੇ ਇਕ ਦਿਨ ਸਾਡੇ ਉਪਰੋਕਤ ਸਾਰੇ ਵੱਡੇ-ਵਡੇਰੇ ਮਾਣ ਨਾਲ ਹੋਰ ਸਿਹਤਮੰਦ ਤੇ ਜਵਾਨ ਮਹਿਸੂਸ ਕਰਨ।
ਇਹ ਬਜ਼ੁਰਗ ਮੈਨੂੰ ਕਈ ਵਾਰ ਪਰਿਵਾਰਕ ਰਿਸ਼ਤਿਆਂ ਦੇ ਬਿਹਤਰ ਵਾਈ-ਫਾਈ ਚਾਰਜ਼ਰ ਵਾਂਗ ਜਾਪਦੇ ਹਨ ਕਿਉਂਕਿ ਅੱਜ ਹਜ਼ਾਰਾਂ ਮੁੰਡੇ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਤੋਂ ਭਾਵੇਂ ਦੂਰ ਬੈਠੇ ਹਨ ਪਰ ਵਾਈ-ਫਾਈ ਜਾਂ ਕਹਿ ਲਈਏ ਇੰਟਰਨੈਟ ਦੀ ਸਹੂਲਤ ਨਾਲ ਅੱਜ ਵੀ ਉਨ੍ਹਾਂ ਦੀ ਸਲਾਹ ਅਨੁਸਾਰ ਆਪਣੇ ਜੀਵਨ ਦੇ ਕਈ ਵੱਡੇ ਫੈਸਲਿਆਂ ਵਿਚ ਅਗਵਾਈ ਲੈਂਦੇ ਹਨ। ਦੂਰ ਜਾਂ ਨੇੜੇ ਬੈਠੇ ਇਨ੍ਹਾਂ ਬਜ਼ੁਰਗਾਂ ਤੋਂ ਮਿਲਦੀ ਸਿੱਖਿਆ ਇੰਝ ਹੀ ਕੰਮ ਕਰਦੀ ਹੈ ਜਿਵੇਂ ਸਾਡੇ ਪਰਿਵਾਰਕ ਰਿਸ਼ਤਿਆਂ ਨੂੰ ਅਨਰਜ਼ੀ ਮਿਲਦੀ ਹੋਵੇ ਅਤੇ ਇਹ ਰਿਸ਼ਤੇ ਮੁੜ ਚਾਰਜ ਹੋ ਰਹੇ ਹੋਣ।
ਆਮ ਤੌਰ ‘ਤੇ ਜਦੋਂ ਕੋਈ ਚੀਜ਼ ਹੱਥ ਦੇ ਵਿਚ ਹੁੰਦੀ ਹੈ ਤਾਂ ਉਸਦਾ ਮੁੱਲ ਓਨਾ ਮਹਿਸੂਸ ਨਹੀਂ ਕੀਤਾ ਜਾਂਦਾ ਪਰ ਜਦੋਂ ਓਹੀ ਚੀਜ਼ ਸਦਾ ਲਈ ਹੱਥੋਂ ਨਿਕਲ ਜਾਵੇ ਤਾਂ ਅਕਸਰ ਨਾ ਪੂਰਾ ਹੋਣ ਵਾਲਾ ਘਾਟਾ ਕਹਿ ਕੇ ਦਿਲੀ ਦਿਲਾਸਾ ਦਿੱਤਾ ਜਾਂਦਾ ਹੈ। ਭਾਵੇਂ ਦੁਨੀਆ ਤੋਂ ਹਰ ਇਕ ਨੇ ਇਕ ਦਿਨ ਤੁਰ ਜਾਣਾ ਹੈ ਪਰ ਕਿਤੇ ਨਾ ਕਿਤੇ ਉਮਰਾਂ ਦੇ ਅਨੁਸਾਰ ਵਾਰੀ ਦੀ ਉਡੀਕ ਵੀ ਬਣੀ ਰਹਿੰਦੀ ਹੈ। ਵਿਦੇਸ਼ਾਂ ਦੀ ਧਰਤੀ ਉਤੇ ਬੈਠ ਆਪਣੇ ਵੱਡੇ-ਵਡੇਰਿਆਂ ਨਾਲ ਸੰਪਰਕ ਬਣਾਈ ਰੱਖਣਾ ਅਤਿ ਜਰੂਰੀ ਹੈ। ਇਹ ਵੀ ਰਿਪੋਰਟਾਂ ਹਨ ਕਿ ਕਈ ਬਜ਼ੁਰਗ ਆਪਣੀ ਔਲਾਦ ਦੀ ਤਰੱਕੀ, ਅਮੀਰੀ ਤੇ ਉਨ੍ਹਾਂ ਦੀ ਸਫਲਤਾ ਉਤੇ ਤਾਂ ਖੁਸ਼ ਹਨ ਪਰ ਔਲਾਦ ਵੱਲੋਂ ਰਿਸ਼ਤਿਆਂ ਦੀ ਜ਼ਿੰਮੇਵਾਰੀ ਚੁੱਕਣ ਦੀ ਕਾਮਯਾਬੀ ਤੋਂ ਦੁਖੀ ਹਨ। ਕਈ ਬਜ਼ੁਰਗ ਔਲਾਦ ਦੇ ਹੁੰਦਿਆਂ ਇਧਰ-ਉਧਰ ਭਟਕਦੇ ਵੇਖੇ ਜਾ ਸਕਦੇ ਹਨ ਜੇਕਰ ਉਨ੍ਹਾਂ ਦੇ ਦਿਲ ਦੀ ਗੱਲ ਸੁਨਣੀ ਚਾਹੀਏ ਤਾਂ ਉਹ ਦੁੱਖ-ਤਕਲੀਫਾਂ ਦੱਸਣ ਤੋਂ ਬਾਅਦ ਇਨ੍ਹਾਂ ਸਤਰਾਂ ਨਾਲ ਹੀ ਅੰਤ ਕਰਦੇ ਹਨ ਕਿ ‘ਖੈਰ ਕੋਈ ਗੱਲ ਨਹੀਂ, ਸੁਖੀ ਰਹਿਣ ਤੇ ਤੰਦਰੁਸਤ ਰਹਿਣ ਆਪਣੀ ਤਾਂ ਨਿਕਲ ਗਈ ਪਤਾ ਨਹੀਂ ਕਿਹੜੇ ਵੇਲੇ ਬੁਲਾਵਾ ਆ ਜਾਣਾ’।
ਅਜਿਹੀ ਔਲਾਦ ਫਿਰ ਅੰਤਿਮ ਰਸਮਾਂ ਦੇ ਵਿਚ ਅਥਰੂ ਕੇਰਦੀ ਅਤੇ ਵੱਡਾ ਇਕੱਠ ਕਰਦੀ ਵੀ ਵੇਖੀ ਜਾਂਦੀ ਹੈ। ਨਿਊਜ਼ੀਲੈਂਡ ਦੇ ਵਿਚ ‘ਰੈਸਟ ਹੋਮਜ਼’ ਦਾ ਪੁਰਾਣਾ ਪ੍ਰਚਲਨ ਹੈ। ਬਜ਼ੁਰਗ ਲੋਕ ਆਪਣੇ ਲਈ ਪਹਿਲਾਂ ਹੀ ਅਜਿਹੇ ਰੈਸਟ ਹੋਮ ਬੁੱਕ ਕਰਵਾ ਲੈਂਦੇ ਹਨ, ਆਪਣੇ ਲੋਕਾਂ ਵਿਚ ਇਹ ਰਿਵਾਜ਼ ਐਨਾ ਨਹੀਂ ਜਾਂ ਕਹਿ ਲਈਏ ਸਾਡੇ ਲੋਕ ਇਹ ਸੋਚਦੇ ਹਨ ਕਿ ਉਨ੍ਹਾਂ ਦੇ ਬੱਚੇ ਤਾਂ ਉਨ੍ਹਾਂ ਨੂੰ ਆਪਣੇ ਕੋਲ ਹੀ ਰੱਖਣਗੇ ਚਾਹੇ ਉਹ ਬਿਮਾਰ ਹੋਣ ਜਾਂ ਤੰਦਰੁਸਤ। ਪਰ ਨਹੀਂ ਜ਼ਮਾਨੇ ਨੇ ਪਰਿਵਾਰਕ ਰਿਸ਼ਤਿਆਂ ਨੂੰ ਵੰਡ ਦਿੱਤਾ ਹੈ। ਕਈਆਂ ਲਈ ਪਰਿਵਾਰ ਦਾ ਮਤਲਬ ਆਪਣੀ ਪਤਨੀ ਜਾਂ ਬੱਚੇ ਹੀ ਹਨ ਅਤੇ ਕਈਆਂ ਲਈ ਚਾਚੇ-ਤਾਏ ਵੀ ਆਪਣੇ ਜਾਪਦੇ ਹਨ।
ਜਿਹੜੇ ਘਰਾਂ ਦੇ ਵਿਚ ਮਾਪੇ ਵਸਦੇ ਹਨ ਉਨ੍ਹਾਂ ਦੇ ਲਈ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਦੇ ਬੱਚਿਆਂ ਨੇ ਇਸ ਗੱਲ ਦਾ ਪੂਰਾ ਅਨੰਦ ਲਿਆ ਹੋਵੇਗਾ ਕਿ ਕਿ ਉਨ੍ਹਾਂ ਦਾ ਘਰ ਤਾਂ ਇਕ ਸਰਾਂ ਵਾਂਗ ਹੈ, ਜਦੋਂ ਮਰਜ਼ੀ ਆਓ, ਰੋਟੀ-ਪਾਣੀ ਖਾਓ, ਸੌਂ ਜਾਓ ਜਾਂ ਉਠ ਜਾਓ, ਬਾਹਰ ਜਾਣ ਵੇਲੇ ਕਿਸੀ ਬਾਰੀ ਦੇ ਬੰਦ ਕਰਨ ਦਾ ਫਿਕਰ ਨਹੀਂ, ਕਿਸੀ ਦਰਵਾਜ਼ੇ ਦੇ ਖੁੱਲ੍ਹੇ ਰਹਿ ਜਾਣ ਦਾ ਡਰ ਨਹੀਂ, ਬੱਸ ਜਾਂਦੀ ਵਾਰੀ ਇਹ ਕਹਿ ਜਾਓ  ”ਅੱਛਾ ਮਾਤਾ ਮੈਂ ਕੰਮ ‘ਤੇ ਚੱਲਿਆ…ਬਹੁਤ ਲੇਟ ਹੋ ਗਿਆ।” ਇਥੇ ਪਿੱਛਿਓ ਇਕ ਆਵਾਜ਼ ਫਿਰ ਜਰੂਰ ਆਵੇਗੀ ਕਿ ”ਕਾਕਾ ਰੋਟੀ ਤਾਂ ਖਾ ਜਾ…..”। ਬੱਸ ਇਹੀ ਆਵਾਜ਼ ਬੱਚਿਆਂ ਨੂੰ ਵਾਈ-ਫਾਈ ਸਿਸਟਮ ਦੇ ਨਾਲ ਰੱਜ ਦੇ ਜਾਂਦੀ ਹੈ ਅਤੇ ਬਜ਼ੁਰਗਾਂ ਨੂੰ ਆਪਣੀ ਔਲਾਦ ਵਾਪਿਸ ਦੇਖਣ ਦੀ ਭੁੱਖ ਤੇ ਬੱਚੇ ਸਾਰਾ ਦਿਨ ਉਡੇ ਫਿਰਦੇ ਹਨ।
ਸੋ ਵਿਦੇਸ਼ੀ ਰਹਿੰਦੇ ਵੀਰੋ ਤੇ ਭੈਣੋ! ਜੇਕਰ ਤੁਹਾਡੇ ਮਾਪੇ ਜਾਂ ਵਡੇਰੇ ਕਿਸੇ ਵੀ ਤਰ੍ਹਾਂ ਨਾਲ ਤਾਹਡੇ ਸੰਪਰਕ ਵਿਚ ਹਨ ਤਾਂ ਉਨ੍ਹਾਂ ਦੇ ਨਾਲ ਸਮਾਂ ਬਿਤਾ ਕੇ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਜਰੂਰ ਚਾਰਜ਼ ਕਰ ਲਿਆ ਕਰੋ। ਇਹ ਰਿਸ਼ਤੇ ਜੇਕਰ ਕਾਇਮ ਰਹਿਣਗੇ ਤਾਂ ਤੁਹਾਡੇ ਦੁਨੀਆ ਦੇ ਨਾਲ ਜੁੜਦੇ ਰਿਸ਼ਤਿਆਂ ਦਾ ਅਧਾਰ ਮਜ਼ਬੂਤ ਹੁੰਦਾ ਪ੍ਰਤੀਤ ਹੋਏਗਾ। ਦਵਾ ਦੇ ਨਾਲੋਂ ਬਹੁਤ ਵਾਰ ਦੁਆ ਜਿਆਦਾ ਅਸਰ ਕਰਦੀ ਹੈ, ਗੱਲ ਹੈ ਤੁਹਾਡੇ ਅੰਦਰ ਉਤਪੰਨ ਹੁੰਦੇ ਸੈਲਾਂ ਦੀ। ਆਓ ਆਪਣੇ ਬਜ਼ੁਰਗਾਂ ਜਾਂ ਕਹਿ ਲਈਏ ਵਾਈ-ਫਾਈ ਪਰਿਵਾਰਕ ਚਾਰਜ਼ਰਾਂ ਦੇ ਸੰਪਰਕ ਵਿਚ ਰਹੀਏ।

Install Punjabi Akhbar App

Install
×