ਦਫ਼ਤਰੀ ਰਾਜਨੀਤੀ ਅਤੇ ਦਫ਼ਤਰੀ ਸਕਰਾਤਮਕਤਾ ਤੇ ਸੁਹਿਰਦਤਾ!

ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਪ੍ਰਸ਼ਾਸਨਿਕ ਅਤੇ ਆਪਣੇ ਖਿੱਤੇ ਨਾਲ ਸੰਬੰਧਤ ਟੀਚਿਆਂ ਦੀ ਪ੍ਰਾਪਤੀ ਲਈ ਦਫ਼ਤਰਾਂ ਅਤੇ ਦਫ਼ਤਰੀ ਅਮਲੇ ਦੀ ਜ਼ਰੂਰਤ ਹੁੰਦੀ ਹੈ ਜਿਸਦੇ ਸਦਕਾ ਇਹ ਆਪਣੇ ਕਾਰਜਾਂ ਨੂੰ ਸੰਤੁਲਨਤਾ ਨਾਲ ਨੇਪਰੇ ਚਾੜਦੇ ਹਨ। ਦਫ਼ਤਰ ਇਹਨਾਂ ਅਦਾਰਿਆਂ ਦਾ ਕੇਂਦਰ ਬਿੰਦੂ ਹੁੰਦੇ ਹਨ ਅਤੇ ਉਹਨਾਂ ਦੀ ਸਫ਼ਲਤਾ ਦਫ਼ਤਰੀ ਅਮਲੇ ਭਾਵ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਨਿਰਭਰ ਕਰਦੀ ਹੈ। ਹਰ ਵਿਅਕਤੀ ਜਾਂ ਕਰਮਚਾਰੀ ਦੇ ਕੰਮ ਕਰਨ ਦੇ ਦੋ ਨਜ਼ਰੀਆਂ ਜਾਂ ਪਹੁੰਚ ਹੁੰਦੀ ਹੈ ਸਕਰਾਤਮਕ ਅਤੇ ਨਕਰਾਤਮਕ। ਯੋਗ ਅਤੇ ਸਕਰਾਤਮਕ ਪਹੁੰਚ ਰੱਖਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਕਾਰਜਸ਼ੈਲੀ ਸਦਕਾ ਚੰਗੇ ਨਤੀਜੇ ਦਿੰਦੇ ਹਨ ਉੱਥੇ ਹੀ ਦਫ਼ਤਰਾਂ ਵਿੱਚ ਨਕਰਾਤਮਕ ਪਹੁੰਚ ਰੱਖਣ ਵਾਲੇ ਕਰਮਚਾਰੀ ਜਿੱਥੇ ਸਾਥੀ ਕਰਮਚਾਰੀਆਂ ਦਾ ਨੁਕਸਾਨ ਕਰਦੇ ਹਨ ਉੱਥੇ ਹੀ ਅਦਾਰੇ ਦੀਆਂ ਸੇਵਾਵਾਂ ਅਤੇ ਟੀਚਿਆਂ ਨੂੰ ਪਿਛਾਂਹ ਵੱਲ ਡਾਢਾ ਧੱਕਾ ਮਾਰਦੇ ਹਨ।

ਦਫ਼ਤਰਾਂ ਵਿੱਚ ਹਲਕੀ ਮਾਨਸਿਕਤਾ ਵਾਲੇ ਕਰਮਚਾਰੀਆਂ ਦਾ ਸੁਭਾਅ ਹੀ ਹੁੰਦਾ ਹੈ ਦੂਜੇ ਦੇ ਕੰਮਾਂ ਵਿੱਚ ਸਿੱਧੇ ਜਾਂ ਅਸਿੱਧੇ ਢੰਗਾਂ ਨਾਲ ਰੁਕਾਵਟ ਪੈਦਾ ਕਰਦੇ ਹਨ। ਅਜਿਹੇ ਕਰਮਚਾਰੀ ਪ੍ਰਾਪਤ ਆਦੇਸ਼ਾਂ, ਕੰਮਾਂ ਨੂੰ ਪਹਿਲਾਂ ਹੀ ਨਕਰਾਤਮਕ ਪਹੁੰਚ ਨਾਲ ਸ਼ੁਰੂ ਕਰਦੇ ਹਨ। ਚਾਪਲੂਸ, ਚੁਗਲਬਾਜ਼, ਆਯੋਗ ਅਤੇ ਨਕਰਾਤਮਕ ਕਰਮਚਾਰੀਆਂ ਦਾ ਦਫਤਰ ਵਿੱਚ ਆਪਣਾ ਵਿਸ਼ੇਸ਼ ਰੁੱਤਬਾ ਬਣਾਈ ਰੱਖਣ ਦਾ ਜ਼ਿਆਦਾ ਰੁਝਾਨ ਹੁੰਦਾ ਹੈ। ਦਫ਼ਤਰੀ ਮਾੜੇ ਅਨਸਰ, ਉੱਚ ਅਧਿਕਾਰੀਆਂ ਦੇ ਦੂਜੇ ਕਰਮਚਾਰੀਆਂ ਪ੍ਰਤੀ ਕੰਨ ਭਰਦੇ ਰਹਿੰਦੇ ਹਨ, ਚਾਲਾਕੀਆਂ ਨਾਲ ਭਰਪੂਰ ਮਿੱਠੇ ਠੱਗ ਹੁੰਦੇ ਹਨ। ਅਜਿਹੇ ਕਰਮਚਾਰੀ ਅਫ਼ਸਰ ਜਾਂ ਉੱਚ ਅਧਿਕਾਰੀ ਦੇ ਵਿਸ਼ਵਾਸ ਦਾ ਬਹੁਤ ਨਜ਼ਾਇਜ਼ ਫਾਇਦਾ ਚੁੱਕਦੇ ਹਨ ਅਤੇ ਅਧਿਕਾਰੀ ਦੀ ਜਾਣਕਾਰੀ ਤੋਂ ਬਿਨ੍ਹਾਂ ਬਾਕੀ ਅਮਲੇ ਉੱਪਰ ਸਿੱਧੇ ਅਸਿੱਧੇ ਢੰਗਾਂ ਨਾਲ ਖ਼ੁਦ ਫੈਸਲੇ ਥੋਪਣ ਦੇ ਵਿਕਾਰ ਤੋਂ ਪੀੜਤ ਹੋ ਜਾਂਦੇ ਹਨ। ਇੱਥੇ ਸੰਬੰਧਤ ਅਧਿਕਾਰੀ ਦਾ ਫ਼ਰਜ਼ ਬਣਦਾ ਹੈ ਉਹ ਕੰਨਾਂ ਦਾ ਕੱਚਾ ਨਾ ਬਣੇ, ਲਾਈ ਲੱਗ ਨਾ ਬਣੇ ਅਤੇ ਕਰਮਚਾਰੀਆਂ ਸੰਬੰਧੀ, ਅਦਾਰੇ ਦੀ ਮਾਣ ਅਤੇ ਕਾਰਜਸ਼ੀਲਤਾ ਨਾਲ ਕੋਈ ਸਮਝੌਤਾ ਨਾ ਕਰੇ, ਉੱਚ ਅਧਿਕਾਰੀ ਨੂੰ ਫੈਸਲੇ ਆਪਣੇ ਵਿਵੇਕ ਨਾਲ ਲੈਣੇ ਚਾਹੀਦੇ ਹਨ। ਅਧਿਕਾਰੀ ਦਾ ਲਾਈਲੱਗ ਹੋਣਾ ਉਸਦੀ ਯੋਗਤਾ ਅਤੇ ਵਿਵੇਕ ਤੇ ਸਵਾਲੀਆਂ ਨਿਸ਼ਾਨ ਖੜ੍ਹਾ ਕਰਦਾ ਹੈ। ਸਿਫਾਰਸ਼ਾਂ ਰਾਹੀਂ ਆਏ ਆਯੋਗ ਵਿਅਕਤੀ, ਯੋਗ ਅਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਕੰਮਾਂ ਵਿੱਚ ਰੁਕਾਵਟ ਪੈਦਾ ਕਰਨ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।

ਯੋਗ ਅਤੇ ਕੁਸ਼ਲ ਕਰਮਚਾਰੀ ਲਈ ਜ਼ਰੂਰੀ ਹੈ ਕਿ ਉਹ ਦਫ਼ਤਰੀ ਰਾਜਨੀਤੀ ਨੂੰ ਆਪਣੇ ਉੱਪਰ ਭਾਰੂ ਨਾ ਹੋਣ ਦੇਵੇ ਅਤੇ ਸਜਗਤਾ ਨਾਲ ਰਹੇ। ਕਈ ਵਾਰ ਦਫ਼ਤਰਾਂ ਵਿੱਚ ਅਜਿਹੇ ਸਹਿਕਰਮੀਆਂ ਨਾਲ ਕੰਮ ਕਰਨਾ ਪੈਂਦਾ ਹੈ ਜੋ ਯੋਗ ਨਹੀਂ ਹੁੰਦੇ ਅਤੇ ਆਪਣੇ ਉੱਚ ਅਧਿਕਾਰੀ ਦੇ ਅੱਗੇ ਆਪਣੀ ਵਾਹ-ਵਾਹ ਕਰਦੇ ਨਹੀਂ ਥੱਕਦੇ ਅਤੇ ਦੁਜਿਆਂ ਨੂੰ ਮਾੜਾ ਦਿਖਾਉਣ ਜਾਂ ਸਾਬਿਤ ਕਰਨ ਵਿੱਚ ਆਪਣੀ ਜਿੱਤ ਸਮਝਦੇ ਹਨ, ਸੋ ਦਫ਼ਤਰੀ ਮਾਹੌਲ ਸੰਬੰਧੀ ਹਮੇਸ਼ਾ ਚੌਕੰਨੇ ਰਹਿਣਾ ਚਾਹੀਦਾ ਹੈ ਅਤੇ ਆਪਣੀ ਸਥਿਤੀ ਬਿਲਕੁਲ ਸਪੱਸ਼ਟ ਰੱਖਣੀ ਚਾਹੀਦੀ ਹੈ। ਦੂਜਿਆਂ ਨਾਲ ਮਿਲ ਕੇ ਰਹਿਣਾ ਚੰਗੀ ਗੱਲ ਹੈ ਪਰੰਤੂ ਆਪਣੇ ਨਿੱਜੀ ਜੀਵਨ ਦੀਆਂ ਗੱਲਾਂ ਨੂੰ ਸਹਿ-ਕਰਮੀਆਂ ਨਾਲ ਸਾਂਝੀਆਂ ਕਰਨ ਤੋਂ ਬਚਣਾ ਚਾਹੀਦਾ ਹੈ। ਸਹਿਕਰਮੀਆਂ ਤੇ ਯਕੀਨ ਕਰੋ ਪਰੰਤੂ ਅੰਧਵਿਸ਼ਵਾਸ ਨਹੀਂ ਕਰਨਾ ਚਾਹੀਦਾ। ਕਿਸੇ ਇੱਕ ਦੇ ਕਹੇ ਤੇ ਦੂਜੇ ਸਹਿਕਰਮੀ ਨੂੰ ਮਾੜਾ ਨਹੀਂ ਮੰਨਣਾ ਚਾਹੀਦਾ ਸਗੋਂ ਸੰਬੰਧਤ ਵਿਅਕਤੀ ਨੂੰ ਖੁਦ ਜਾਣਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਜਦ ਕੋਈ ਤੁਹਾਡੇ ਕੋਲ ਕਿਸੇ ਦੀ ਚੁਗਲੀ ਕਰ ਰਿਹਾ ਹੈ ਤਾਂ ਯਾਦ ਰਹੇ ਕਿਸੇ ਹੋਰ ਕੋਲ ਉਹ ਤੁਹਾਡੀ ਚੁਗਲੀ ਕਰ ਸਕਦਾ ਹੈ, ਕਮੈਂਟ ਕਰਨ ਤੋਂ ਬਚਣਾ ਚਾਹੀਦਾ ਹੈ। ਕਿਸੇ ਦੇ ਦਬਾਅ ਹੇਠ ਆ ਕੇ ਗਲਤ ਦਾ ਸਾਥ ਨਹੀਂ ਦੇਣਾ ਚਾਹੀਦਾ ਸਗੋਂ ਆਪਣਾ ਪੱਖ ਰੱਖਣ ਦੀ ਆਦਤ ਪਾਉਣੀ ਚਾਹੀਦੀ ਹੈ। ਇਹ ਯਕੀਨੀ ਬਣਾਇਆ ਜਾਵੇ ਕਿ ਤੁਹਾਡਾ ਵਿਵਹਾਰ ਨਿਮਰਤਾ ਭਰਪੂਰ ਹੋਵੇ, ਅਜਿਹਾ ਵਿਵਹਾਰ ਦੂਜਿਆਂ ਨੂੰ ਖਿੱਚ ਪੈਦਾ ਕਰਦਾ ਹੈ। ਕਿਸੇ ਕਾਰਨ ਨਾ ਤਾਂ ਜ਼ਿਆਦਾ ਖੁਸ਼ ਹੀ ਹੋਣਾ ਚਾਹੀਦਾ ਹੈ ਅਤੇ ਨਾਂਹੀ ਕਿਸੇ ਕਾਰਨ ਜਿਆਦਾ ਗੱਸੇ ਵਿੱਚ ਆਉਣਾ ਚਾਹੀਦਾ ਹੈ, ਆਪਣੇ ਸੁਭਾਅ ਵਿੱਚ ਸਹਿਜਤਾ ਅਤੇ ਸਥਿਰਤਾ ਬਣਾਈ ਰੱਖਣੀ ਚਾਹੀਦੀ ਹੈ।

ਯੋਗ ਅਤੇ ਕੁਸ਼ਲ ਕਰਮਚਾਰੀ ਕਿਸੇ ਤਰ੍ਹਾਂ ਦੀ ਗਲਤੀ ਹੋਣ ਤੇ ਗਲਤੀ ਸਵੀਕਾਰ ਕਰਨ ਦਾ ਗੁਣ ਰੱਖਦੇ ਹਨ ਅਤੇ ਉਹਨਾਂ ਦੇ ਵਿਵਹਾਰ ਵਿੱਚ ਵੀ ਸਕਰਾਤਮਕਤਾ ਅਤੇ ਸੁਹਿਰਤਦਾ ਦੀ ਝਲਕ ਸਪੱਸ਼ਟ ਨਜ਼ਰੀ ਆਉਂਦੀ ਹੈ। ਦਫ਼ਤਰਾਂ ਵਿੱਚ ਆਪਣੀ ਮਰਿਆਦਾ ਦਾ ਹਮੇਸ਼ਾਂ ਖ਼ਿਆਲ ਰੱਖਣਾ ਚਾਹੀਦਾ ਹੈ। ਜੇਕਰ ਕੋਈ ਤੁਹਾਡੇ ਖ਼ਿਲਾਫ ਰਾਜਨੀਤੀ ਕਰ ਰਿਹਾ ਹੈ ਤਾਂ ਉਸ ਨਾਲ ਇਕੱਲੇ ਗੱਲ ਕਰਨਾ ਚਾਹੀਦਾ ਹੈ ਤਾਂ ਜੇ ਉਹ ਸਮਝਦਾਰ ਹੋਵੇਗਾ ਤਾਂ ਤੁਹਾਡੇ ਤੋਂ ਮਾਫ਼ੀ ਮੰਗੇਗਾ, ਨਹੀਂ ਫਿਰ ਉਸਦੇ ਦੁਆਰਾ ਸ਼ੁਰੂ ਕੀਤੀ ਗਈ ਸਿਆਸਤ ਜਾਂ ਲੜਾਈ ਨੂੰ ਤੁਹਾਨੂੰ ਅੰਤ ਤੱਕ ਪਹੁੰਚਾਣਾ ਲਾਜ਼ਮੀ ਹੋਵੇਗਾ ਅਤੇ ਖੁਦ ਦੀ ਕਾਬਲੀਅਤ ਸਾਬਿਤ ਕਰਨੀ ਪਵੇਗੀ। ਸਮੇਂ ਰਹਿੰਦੇ ਉੱਚ ਅਧਿਕਾਰੀ ਨਾਲ ਸੰਬੰਧਤ ਤੱਥਾਂ ਤੇ ਗੱਲ ਕੀਤੀ ਜਾ ਸਕਦੀ ਹੈ। ਆਪਣੇ ਕੰਮ ਤੇ ਫੋਕਸ ਕਰਨਾ ਚਾਹੀਦਾ ਹੈ। ਆਪਣੇ ਟੀਮ ਲੀਡਰ ਜਾਂ ਉੱਚ ਅਧਿਕਾਰੀ ਨੂੰ ਹਮੇਸ਼ਾ ਭਰੋਸੇ ਵਿੱਚ ਲੈ ਕੇ ਚੱਲਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਾ ਦੇਵੋ। ਤੁਹਾਡੇ ਲਈ ਜ਼ਰੂਰੀ ਹੈ ਕਿ ਤੁਹਾਡਾ ਕੰਮ ਬੋਲੇ ਅਤੇ ਤੁਹਾਡੀ ਯੋਗਤਾ ਤੇ ਕੋਈ ਪ੍ਰਸ਼ਨ ਚਿੰਨ ਨਾ ਲਗਾ ਸਕੇ।

ਕਿਸੇ ਯੋਗ ਕਰਮਚਾਰੀ ਦੇ ਖ਼ਿਲਾਫ਼ ਦਫ਼ਤਰੀ ਰਾਜਨੀਤੀ ਵਿੱਚ ਸ਼ਾਮਿਲ ਹੋਣਾ ਚੰਗੀ ਗੱਲ ਨਹੀਂ ਸਗੋਂ ਇਸਤੋਂ ਪਾਸਾ ਵੱਟਣਾ ਹੀ ਜ਼ਿਆਦਾ ਸਮਝਦਾਰੀ ਹੋਵੇਗੀ। ਤੁਹਾਡੇ ਜਵਾਬ ਸਿੱਧੇ ਸਪਾਟ ਸਪੱਸ਼ਟ ਹੋਣੇ ਚਾਹੀਦੇ ਹਨ ਜਿਸ ਨਾਲ ਕੰਮ ਕਰਨ ਵਿੱਚ ਤੁਹਾਨੂੰ ਦਿੱਕਤ ਹੈ, ਉੱਥੇ ਨਾਂਹ ਕਹਿਣਾ ਚੰਗਾ ਹੈ, ਉਹਨਾਂ ਦੇ ਪੱਟੇ ਟੋਏ ਵਿੱਚ ਡਿੱਗਣ ਨਾਲੋਂ। ਦਫ਼ਤਰਾਂ ਵਿੱਚ ਮਾੜੇ ਸਹਿਕਰਮੀਆਂ ਨਾਲ ਨਿਪਟਣ ਵਿੱਚ ਤੁਹਾਡਾ ਆਤਮ ਵਿਸ਼ਵਾਸ ਹੀ ਤੁਹਾਡਾ ਹਥਿਆਰ ਹੈ।

ਚੁਗਲਖੋਰ ਅਤੇ ਚਾਪਲੂਸ ਕਰਮਚਾਰੀ ਦੀ ਅਸਲੀਅਤ ਜ਼ਿਆਦਾ ਦੇਰ ਤੱਕ ਛੁਪੀ ਨਹੀਂ ਰਹਿ ਸਕਦੀ ਅਤੇ ਉਹ ਆਪਣੀਆਂ ਕੋਝੀਆਂ ਹਰਕਤਾਂ ਕਾਰਨ ਆਪਣੇ ਸਹਿਕਰਮੀਆਂ ਦੀ ਨਜ਼ਰਾਂ ਚ ਆਪਣਾ ਵੱਕਾਰ ਗੁਆ ਲੈਂਦਾ ਹੈ। ਸੰਸਾਰ ਦਾ ਨਿਯਮ ਹੈ ਕਿ ਕਦੇ ਕਿਸੇ ਬਿਨ੍ਹਾਂ ਕੁਝ ਨਹੀਂ ਰੁੱਕਦਾ, ਇਸ ਲਈ ਨਕਰਾਤਮਕ ਕਰਮਚਾਰੀਆਂ ਨੂੰ ਆਪਣੀ ਕਾਰਜਸ਼ੈਲੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ, ਇਹੋ ਅਦਾਰੇ ਅਤੇ ਸਹਿਕਰਮੀਆਂ ਲਈ ਸਹੀ ਹੋਵੇਗਾ।

ਇਹ ਕੋਈ ਅੱਤਕੱਥਨੀ ਨਹੀਂ ਕਿ ਵਿਅਕਤੀ ਦੇ ਵਿਵਹਾਰ ਅਤੇ ਕਾਰਜਸ਼ੈਲੀ ਵਿੱਚ ਉਸਦੇ ਮਾਤਾ ਪਿਤਾ ਤੋਂ ਮਿਲੇ ਸੰਸਕਾਰ, ਪੜ੍ਹਾਈ ਅਤੇ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਇਸ ਲਈ ਹਰ ਵਿਅਕਤੀ ਅਤੇ ਕਰਮਚਾਰੀ ਨੂੰ ਚਾਹੀਦਾ ਹੈ ਕਿ ਉਹ ਨਕਰਾਤਮਕਤਾਂ ਤੋਂ ਲਾਂਭੇ ਹੋ ਆਪਣੇ ਵਿਵਹਾਰ ਅਤੇ ਕਾਰਜਸ਼ੈਲੀ ਵਿੱਚ ਸਕਰਾਤਮਕਤਾ ਅਤੇ ਸੁਹਿਰਦਤਾ ਦਾ ਲੇਪ ਕਰੇ।

(ਗੋਬਿੰਦਰ ਸਿੰਘ ਢੀਂਡਸਾ) bardwal.gobinder@gmail.com

Install Punjabi Akhbar App

Install
×