
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਇਲ ਮੈਲਬੋਰਨ ਹਸਪਤਾਲ ਅੰਦਰ ਇੱਕ ਮਹਿਲਾ ਮਰੀਜ਼ ਦੀ ਕੋਵਿਡ-19 ਦੀ ਰਿਪੋਰਟ ਪਾਜ਼ਿਟਿਵ ਆ ਜਾਣ ਕਾਰਨ ਇੱਥੋਂ ਦੇ 30 ਸਟਾਫ ਮੈਂਬਰਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਪਰੰਤੂ ਬਾਅਦ ਵਿੱਚ ਉਚ ਅਧਿਕਾਰੀਆਂ ਦੀ ਮਾਹਿਰਾਂ ਦੀ ਟੀਮ ਵੱਲੋਂ ਮੁੜ ਤੋਂ ਹੋਈ ਜਾਂਚ ਵਿੱਚ ਪਾਇਆ ਗਿਆ ਕਿ ਉਕਤ ਮਹਿਲਾ ਮਰੀਜ਼ ਦੀ ਕਰੋਨਾ ਪਾਜ਼ਿਟਿਵ ਦੀ ਰਿਪੋਰਟ ਹੀ ਗਲਤ ਸੀ। ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਹਿਲਾਂ ਦਿੱਤੀ ਗਈ ਰਿਪੋਰਟ ਵਿੱਚ ਕੁੱਝ ਗਲਤੀ ਹੋ ਗਈ ਸੀ ਅਤੇ ਮਹਿਲਾ ਮਰੀਜ਼ ਨੂੰ ਕਰੋਨਾ ਪਾਜ਼ਿਟਿਵ ਦਿਖਾਇਆ ਗਿਆ ਅਤੇ ਇਸ ਦੇ ਨਾਲ ਹੀ ਅਹਿਤਿਆਦਨ ਉਸ ਮਹਿਲਾ ਮਰੀਜ਼ ਦੇ ਸਿੱਧੇ ਸੰਪਰਕ ਵਿੱਚ ਆਏ ਸਟਾਫ ਮੈਂਬਰਾਂ ਨੂੰ ਵੀ ਆਈਸੋਲੇਟ ਕੀਤਾ ਗਿਆ ਸੀ ਅਤੇ ਇਹ ਸਾਰਾ ਕੁੱਝ ਜਨਤਕ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਕੀਤਾ ਗਿਆ ਸੀ। ਦੂਜੇ ਪਾਸੇ ਰਾਜ ਅੰਦਰ ਹਾਲ ਵੀ ਕੋਈ ਕਰੋਨਾ ਦਾ ਸਥਾਨਕ ਸਥਾਪਨ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ ਅਤੇ ਬੀਤੇ 24 ਘੰਟਿਆਂ ਦੌਰਾਨ 5848 ਟੈਸਟ ਕੀਤੇ ਗਏ ਹਨ। ਜ਼ਿਕਰਯੋਗ ਇਹ ਵੀ ਹੈ ਕਿ ਬੀਤੇ ਲਗਾਤਾਰ 58 ਦਿਨਾਂ ਤੋਂ ਵਿਕਟੋਰੀਆ ਅੰਦਰ ਕੋਈ ਵੀ ਕਰੋਨਾ ਦਾ ਨਵਾਂ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਅਤੇ ਨਾ ਹੀ ਇਸ ਭਿਆਨਕ ਬਿਮਾਰੀ ਨਾਲ ਕੋਈ ਮੌਤ ਹੀ ਹੋਈ ਹੈ।