ਕੁਈਨਜ਼ਲੈਂਡ ਵਿੱਚ ਈ-ਸਕੂਟਰਾਂ ਦੇ ਨਿਯਮਾਂ ਵਿੱਚ ਬਦਲਾਅ: ਪੁਲਿਸ ਹੋਈ ਸਖ਼ਤ

ਰਾਜਾਂ ਦੀਆਂ ਸੜਕਾਂ ਅਤੇ ਪਾਰਕਾਂ ਆਦਿ ਵਿੱਚ ਈ-ਸਕੂਟਰਾਂ ਅਤੇ ਸਕੇਟ ਬੋਰਡਾਂ ਦੀ ਮਦਦ ਨਾਲ ਸਵਾਰੀਆਂ ਕਰਨ ਵਾਲੇ ਲੋਕਾਂ ਵਾਸਤੇ ਨਵੇਂ ਸਾਵਧਾਨੀ ਨਿਯਮ ਲਾਗੂ ਕੀਤੇ ਗਏ ਹਨ ਅਤੇ ਨਵੇਂ ਜੁਰਮਾਨੇ ਆਦਿ ਵੀ ਇਸ ਦੇ ਨਾਲ ਹੀ ਲਾਗੂ ਕਰ ਦਿੱਤੇ ਗਏ ਹਨ। ਅਜਿਹੀਆਂ ਵਸਤੂਆਂ ਦਾ ਇਸਤੇਮਾਲ ਹੁਣ ਫੁੱਟਪਾਥਾਂ, ਬਾਈਕ ਵਾਲੇ ਰਸਤਿਆਂ ਅਤੇ ਸਥਾਨਕ ਗਲੀਆਂ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ।
ਟਰਾਂਸਪੋਰਟ ਅਤੇ ਮੁੱਖ ਸੜਕਾਂ ਵਾਲੇ ਵਿਭਾਗਾਂ ਦੇ ਅਧਿਕਾਰੀ ਜੋਆਨਾ ਰੋਬਿਨਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਈਨਜ਼ਲੈਂਡ ਵਿੱਚ ਹੁਣ ਅਜਿਹੇ ਵਾਹਨਾਂ (ਪੀ.ਐਮ.ਡੀ.) ਉਪਰ ਸਵਾਰੀ ਕਰਨ ਵਾਲੇ ਲੋਕਾਂ ਲਈ ਹਦਾਇਤਾਂ ਹਨ ਕਿ ਜੇਕਰ ਕੋਈ 16 ਤੋਂ ਘੱਟ ਉਮਰ ਦਾ ਵਿਅਕਤੀ ਉਕਤ ਵਸਤੂਆਂ ਦੀ ਸਵਾਰੀ ਕਰਦਾ ਹੈ ਤਾਂ ਉਸਦੇ ਨਾਲ ਇੱਕ ਬਾਲਿਗ ਦਾ ਹੋਣਾ ਜ਼ਰੂਰੀ ਹੈ ਅਤੇ 12 ਸਾਲਾ ਤੋਂ ਘੱਟ ਉਮਰ ਦੇ ਬੱਚਿਆਂ ਵਾਸਤੇ ਉਕਤ ਸਵਾਰੀਆਂ ਉਪਰ ਪੂਰਨ ਤੌਰ ਤੇ ਪਾਬੰਧੀ ਲਗਾਈ ਗਈ ਹੈ।
ਫੁੱਟਪਾਥਾਂ ਉਪਰ ਸਵਾਰੀ ਕਰਤਾ ਵਾਸਤੇ ਹੁਣ 12 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਅਤੇ ਬਾਈਕ ਵਾਲੇ ਰਸਤਿਆਂ ਉਪਰ ਇਹ ਗਤੀ ਸੀਮਾ 25 ਕਿਲੋਮੀਟਰ ਪ੍ਰਤੀ ਘੰਟਾ ਹੀ ਵਾਜਿਬ ਹੋਵੇਗੀ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਅਜਿਹੇ ਈ-ਸਕੂਟਰ ਆਦਿ, ਚੋਰਾਂ ਲਈ ਵੀ ਆਸਾਨ ਟਾਰਗੇਟ ਹੁੰਦੇ ਹਨ ਅਤੇ ਸਭ ਨੂੰ ਇਸਤੋਂ ਚੇਤੰਨ ਰਹਿਣ ਦੀ ਜ਼ਰੂਰਤ ਹੈ।

ਨਿਊ ਸਾਊਥ ਵੇਲਜ਼ ਵਿੱਚ ਅਜਿਹੇ ਛੋਟੇ ਸਕੂਟਰਾਂ ਅਤੇ ਸਕੇਟਬੋਰਡਾਂ ਨੂੰ ਮੋਟਰ ਵਾਹਨਾਂ ਦੀ ਸੂਚੀ ਵਿੱਚ ਰਜਿਸਟਰ ਹੀ ਨਹੀਂ ਕੀਤਾ ਜਾਂਦਾ ਅਤੇ ਇਸੇ ਸਾਲ ਜੁਲਾਈ ਦੇ ਮਹੀਨੇ ਤੋਂ ਹੀ ਰਾਜ ਸਰਕਾਰ ਨੇ ਈ-ਸਕੂਟਰਾਂ ਨੂੰ ਟਰਾਇਲ ਦੇ ਤੌਰ ਤੇ ਹੀ ਰੱਖਿਆ ਹੋਇਆ ਹੈ।

ਵਿਕਟੌਰੀਆ ਰਾਜ ਵਿੱਚ ਨਿਜੀ ਈ-ਸਕੂਟਰਾਂ ਆਦਿ ਉਪਰ ਪਾਬੰਧੀ ਹੈ ਪਰੰਤੂ ਕਮਰਸ਼ਿਅਲ ਈ-ਸਕੂਟਰਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਪਰ ਇਹ ਮਹਿਜ਼ ਬਾਈਸਿਕਲ ਲੇਨ, ਬਾਈਸਿਕਲ ਪਾਥ, ਸ਼ੇਅਰਡ ਪਾਥ, ਅਤੇ ਅਜਿਹੀਆਂ ਸੜਕਾਂ ਉਪਰ ਹੀ ਚਲਾਏ ਜਾ ਸਕਦੇ ਹਨ ਜਿੱਥੇ ਕਿ ਵਾਹਨਾਂ ਦੀ ਗਤੀ ਸੀਮਾ 50 ਕਿਲੋਮੀਟਰ ਤੋਂ ਘੱਟ ਹੀ ਰੱਖ ਗਈ ਹੁੰਦੀ ਹੈ। ਰਾਜ ਵਿੱਚ ਇਸੇ ਸਾਲ 1 ਫਰਵਰੀ ਤੋਂ ਈ-ਸਕੂਟਰਾਂ ਦਾ ਟਰਾਇਲ ਚੱਲ ਰਿਹਾ ਹੈ।

ਦੱਖਣੀ-ਅਸਟ੍ਰੇਲੀਆ ਅੰਦਰ ਹਾਲ ਦੀ ਘੜੀ ਅਜਿਹੀ ਵਾਹਨਾਂ ਉਪਰ ਪਾਬੰਧੀਆਂ ਹਨ ਪਰੰਤੂ ਐਡੀਲੇਡ ਦੁਆਲੇ ਕੁੱਝ ਖੇਤਰਾਂ ਵਿੱਚ ਈ-ਸਕੂਟਰਾਂ ਦਾ ਟਰਾਇਲ ਚਲਾਇਆ ਜਾ ਰਿਹਾ ਹੈ। ਅਤੇ ਇਹ ਕਾਰਜ ਸਥਾਨਕ ਕਾਂਸਲਾਂ ਦੀ ਦੇਖਰੇਖ ਵਿੱਚ ਹੀ ਚਲਾਇਆ ਜਾ ਰਿਹਾ ਹੈ।

ਪੱਛਮੀ-ਆਸਟ੍ਰੇਲੀਆ ਅੰਦਰ ਸਾਲ 2021 ਦੇ ਅੰਤ ਵਿੱਚ ਈ-ਸਕੂਟਰਾਂ ਆਦਿ ਵਾਸਤੇ ਨਿਯਮ ਲਾਗੂ ਕਰ ਦਿੱਤੇ ਗਏ ਸਨ। ਇਨ੍ਹਾਂ ਦੇ ਤਹਿਤ ਫੁੱਟਪਾਥਾਂ, ਸ਼ੇਅਰਡ ਪਾਥਾਂ, ਆਦਿ ਉਪਰ ਇਹ ਚਲਾਏ ਜਾ ਸਕਦੇ ਹਨ ਪਰੰਤੂ ਇਨ੍ਹਾ ਨੂੰ ਰਾਹਾਂ ਦੇ ਸਿਰਫ ਖੱਭੇ ਪਾਸੇ ਹੀ ਚਲਾਇਆ ਜਾਂਦਾ ਹੈ ਅਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਪੂਰਾ ਰਾਹ ਦਿੱਤਾ ਜਾਂਦਾ ਹੈ। ਇਨ੍ਹਾਂ ਨੂੰ ਮੁੱਖ ਸੜਕਾਂ ਉਪਰ ਨਹੀਂ ਚਲਾਇਆ ਜਾ ਸਕਦਾ ਜਿੱਥੇ ਕਿ ਵਾਹਨਾਂ ਦੀ ਗਤੀ ਸੀਮਾ 50 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੁੰਦੀ ਹੈ ਅਤੇ ਇੱਕ ਤਰਫ਼ਾ ਸੜਕਾਂ ਉਪਰ ਵੀ ਇਨ੍ਹਾਂ ਨੂੰ ਚਲਾਉਣ ਦੀ ਮਨਾਹੀ ਹੈ।

ਤਸਮਾਨੀਆ ਵਿੱਚ 16 ਸਾਲਾਂ ਤੋਂ ਉਪਰ ਦਾ ਵਿਅਕਤੀ ਹੈਲਮੇਟ ਪਾ ਕੇ ਸਰਕਾਰ ਵੱਲੋਂ ਪ੍ਰਵਾਨਤ ਈ-ਸਕੂਟਰ ਚਲਾ ਸਕਦਾ ਹੈ ਅਤੇ ਸੜਕਾਂ ਉਪਰ ਪੀ.ਐਮ.ਡੀ. (ਪਾਵਰਡ ਮੋਟਰ ਡਿਵਾਇਸਸ) ਨੂੰ ਨਿਯਮਾਂ ਆਦਿ ਦੀ ਪਾਲਣਾ ਕਰਨੀ ਪੈਂਦੀ ਹੈ। ਵਾਹਨ ਦੀ ਲੰਬਾਈ 125 ਸੈਂਟੀਮੀਟਰ, ਚੌੜਾਈ 70 ਸਮ. ਅਤੇ ਉਚਾਈ 135 ਸਮ ਤੱਕ ਹੋਣੀ ਚਾਹੀਦੀ ਹੈ। ਭਾਰ 45 ਕਿਲੋਗ੍ਰਾਮ ਤੋਂ ਘੱਟ ਹੋਣਾ ਚਾਹੀਦਾ ਹੈ। ਇੱਕ ਵਿਅਕਤੀ ਹੀ ਚਲਾ ਸਕਦਾ ਹੈ ਅਤੇ 25 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਸੀਮਾ ਲਾਗੂ ਹੈ।

ਏ.ਸੀ.ਟੀ. ਅਜਿਹੇ ਵਾਹਨ (ਈ-ਸਕੂਟਰ) ਸ਼ੇਅਰਡ ਪਾਥਾਂ ਅਤੇ ਫੁੱਟਪਾਥਾਂ ਤੇ ਚਲਾਏ ਜਾ ਸਕਦੇ ਹਨ ਪਰੰਤੂ ਰਾਹਗੀਰਾਂ ਨੂੰ ਲੰਘਣ ਦਾ ਰਸਤਾ ਦੇਣਾ ਪੈਂਦਾ ਹੈ। ਮੁੱਖ ਸੜਕਾਂ ਉਪਰ ਜਾਂ ਹੋਰ ਮੋਟਰ ਬਾਈਕਾਂ ਵਾਲੀ ਲੇਨ ਅਤੇ ਅਜਿਹੇ ਰਿਹਾਇਸ਼ੀ ਇਲਾਕੇ ਜਿੱਥੇ ਕਿ ਫੁੱਟਪਾਥ ਨਹੀਂ ਹੁੰਦੇ, ਅਜਿਹੇ ਵ੍ਹਾਈਕਲ ਚਲਾਏ ਨਹੀਂ ਜਾ ਸਕਦੇ ਹਨ। ਸ਼ਰਾਬ ਜਾਂ ਹੋਰ ਅਜਿਹੇ ਕੋਈ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਕੇ ਅਜਿਹੇ ਵਾਹਨ ਨਹੀਂ ਚਲਾਏ ਜਾ ਸਕਦੇ। ਸਾਈਕਲ ਪਾਥ ਤੇ 25 ਕਿਲੋਮੀਟਰ, ਫੁੱਟਪਾਥਾਂ ਤੇ 15 ਕਿ.ਮੀ. ਅਤੇ ਸੜਕਾਂ ਦੀ ਕਰਾਸਿੰਗ ਆਦਿ ਉਪਰ 10 ਕਿਲੋਮੀਟਰ ਦੀ ਗਤੀ ਸੀਮਾ ਵੀ ਲਾਗੂ ਹੈ।