ਕਰੋਨ ਵੈਕਸੀਨ ਉਪਰ ਹਰ ਕਿਸੇ ਦਾ ਪੂਰਨ ਅਤੇ ਬਰਾਬਰ ਦਾ ਹੱਕ -ਪੋਪ ਫਰਾਂਸਿਸ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕ੍ਰਿਸਮਿਸ ਦੇ ਮੌਕੇ ਤੇ ਵੈਟਿਕਨ ਸਿਟੀ ਦੀ ਬਾਲਕਾਨੀ ਵਿੱਚ ਖੜ੍ਹ ਕੇ ਆਪਣਾ ਸੰਦੇਸ਼ ਸੁਣਾਉਣ ਦੀ ਬਜਾਏ ਇਸ ਵਾਰੀ ਪੋਪ ਫਰਾਂਸਿਸ ਨੇ ਆਪਣੇ ਘਰ ਦੇ ਅੰਦਰੋਂ ਹੀ ਜਨਤਕ ਸੰਦੇਸ਼ ਜਾਰੀ ਕੀਤਾ ਅਤੇ ਇਸ ਦਾ ਸਿੱਧਾ ਪ੍ਰਸਾਰਣ ਟੀ.ਵੀ. ਅਤੇ ਇੰਟਰਨੈਟ ਦੇ ਜ਼ਰੀਏ ਕੀਤਾ ਗਿਆ। ਆਪਣੇ ਭਾਸ਼ਣ ਦੌਰਾਨ ਜਿੱਥੇ ਪੋਪ ਨੇ ਸਾਰਿਆਂ ਨੂੰ ਕ੍ਰਿਸਮਿਸ ਮੌਕੇ ਤੇ ਵਧਾਈਆਂ ਦਿੱਤੀਆਂ, ਉਥੇ, ਹੀ ਕਰੋਨਾ ਦੀ ਦਵਾਈ ਉਪਰ ਹੋ ਰਹੀ ਸੰਸਾਰ ਪੱਧਰ ਉਪਰਲੀ ਸਿਆਸਤ ਉਪਰ ਤੰਜ ਵੀ ਕੱਸਿਆ ਅਤੇ ਕਿਹਾ ਕਿ ਉਕਤ ਵੈਕਸੀਨ -ਇਸ ਸੰਸਾਰ ਅੰਦਰ ਰਹਿ ਰਹੇ ਹਰ ਇੱਕ ਵਿਅਕਤੀ ਦਾ ਪੂਰਨ ਅਧਿਕਾਰ ਹੈ ਅਤੇ ਇਸ ਉਪਰ ਕਿਸੇ ਨੂੰ, ਕਿਤੇ ਵੀ ਅਤੇ ਕਦੇ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਤੇ ਇਹ ਦਵਾਈ ਪਹਿਲਾਂ ਤਾਂ ਉਨ੍ਹਾਂ ਖੇਤਰਾਂ ਵਿੱਚ ਦਿੱਤੀ ਜਾਵੇ ਜਿੱਥੇ ਕਿ ਇਸ ਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਫੇਰ ਸਾਰਿਆਂ ਨੂੰ ਹੀ ਇਹ ਦਵਾਈ ਦਿੱਤੀ ਜਾਵੇ ਅਤੇ ਇਸ ਵਿਚ ਕਿਸੇ ਵੀ ਕਿਸਮ ਦਾ ਕੋਈ ਭੇਦ-ਭਾਵ ਨਾ ਕੀਤਾ ਜਾਵੇ। ਉਨ੍ਹਾਂ ਸੰਸਾਰ ਪੱਧਰ ਦੇ ਲੀਡਰਾਂ, ਬਿਜਨਸਮੈਨਾਂ, ਅੰਤਰ-ਰਾਸ਼ਟਰੀ ਪੱਧਰ ਦੇ ਅਦਾਰਿਆਂ ਆਦਿ ਨੂੰ ਜ਼ੋਰ ਦੇ ਕੇ ਕਿਹਾ ਕਿ ਇਸ ਦਵਾਈ ਉਪਰ ਕੋਈ ਵੀ ਖੇਡ ਨਾ ਖੇਡੀ ਜਾਵੇ ਅਤੇ ਇਸ ਦੀ ਵੰਡ ਹਰ ਕਿਸੇ ਲਈ ਯਕੀਨੀ ਬਣਾਈ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਇਸ ਦਵਾਈ ਤੋਂ ਵਾਂਝਾ ਨਾ ਰਹਿ ਸਕੇ। ਵੈਟਿਕਨ ਸਿਟੀ ਦੇ ਅਧਿਕਾਰੀਆਂ ਕੋਲੋਂ ਮਿਲੀ ਜਾਣਕਾਰੀ ਮੁਤਾਬਿਕ, ਪੋਪ ਨਵੇਂ ਸਾਲ ਦੇ ਮਾਰਚ ਦੇ ਮਹੀਨੇ ਵਿੱਚ ਇਰਾਕ ਜਾਣਗੇ ਅਤੇ ਕਿਸੇ ਵੀ ਪੋਪ ਦਾ ਇਹ ਪਹਿਲੀ ਯਾਤਰਾ ਹੋਵੇਗੀ ਅਤੇ ਉਹ ਵੀ ਮੌਸੂਲ ਸ਼ਹਿਰ ਵਿੱਚ ਜਿੱਥੇ ਕਿ ਜਹਾਦੀਆਂ ਦਾ ਪੂਰਨ ਕਬਜ਼ਾ ਹੈ। ਪੋਪ ਨੇ ਕਿਹਾ ਕਿ ਉਹ ਮਿਡਲ ਈਸਟ ਦੇ ਦੇਸ਼ਾਂ ਦੀਆਂ ਯਾਤਰਾਵਾਂ ਜ਼ਰੂਰ ਕਰਨਗੇ ਜਿੱਥੇ ਕਿ ਜਹਾਦ ਦੇ ਨਾਮ ਤੇ ਬੀਤੇ ਦੋ ਦਹਾਕਿਆਂ ਤੋਂ ਇਸਾਈ ਭਾਈਚਾਰੇ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾ ਰਹੇ ਹਨ।

Install Punjabi Akhbar App

Install
×