ਪੰਜਾਬ ਦੀ ਰਾਜਨੀਤਿਕ ਸਥਿਤੀ

punjab political future

ਲੋਕ ਸਭਾ ਚੋਣਾਂ ਦਾ ਦੌਰ ਆਪਣੇ ਆਖਰੀ ਪੜਾਅ ਵੱਲ ਬਹੁਤ ਤੇਜੀ ਨਾਲ ਵਧ ਰਿਹਾ ਹੈ। ਇਸ ਵਿੱਚ ਪੰਜਾਬ ਦੀ ਵਾਰੀ ਕਣਕ ਸਾਂਭਣ ਤੋ ਬਾਅਦ ਆਈ ਹੈ। ਪੂਰੇ ਪੰਜਾਬ ਵਿੱਚ ਲਗਭਗ ਸਾਰੀਆਂ ਰਾਜਨੀਤਕ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਉਹਨਾਂ ਦੇ ਸਮਰੱਥਕਾਂ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਆਪਣੇ ਉਮੀਦਵਾਰ ਦੀ ਜਿੱਤ ਯਕੀਨੀ ਦੱਸ ਰਹੇ ਹਨ।

ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ,ਜੋ ਕਿ 2017 ਵਿੱਚ ਹੋਈਆਂ ਸਨ। ਉਸ ਸਮੇਂ ਤੀਸਰੀ ਧਿਰ ਆਪ ਜੋ ਕਿ ਬਹੁੱਤ ਹੀ ਬਾਲੜੀ ਉਮਰ ਦੀ ਸੀ,ਉਸਦਾ ਪੂਰਾ ਬੋਲਬਾਲਾ ਸੀ ਪਰ ਅੱਜ ਆਪ ਪਾਰਟੀ ਦਾ ਤੀਲਾ-ਤੀਲਾ ਹੋ ਚੁੱਕਾ ਹੈ ਤੇ ਉਹਦੇ ਤੇ ਧਾਗਾ ਜਾਂ ਕਪੜਾ ਬੰਨਣ ਦੀ ਥਾਂ ਵੀ ਨਹੀ ਬਚੀ। ਆਪ ਪਾਰਟੀ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਰੱਜ ਕੇ ਖਿਲਵਾੜ ਕੀਤਾ। ਪਰਵਾਸੀ ਪੰਜਾਬੀਆਂ ਨੇ ਆਪਣਾ ਸਮਾਂ ਖਰਾਬ ਕਰਕੇ ਇਹਨਾਂ ਲਈ ਪ੍ਰਚਾਰ ਕੀਤਾ,ਕਈਆਂ ਨੇ ਤਾਂ ਜਹਾਜਾਂ ਦੀਆਂ ਟਿਕਟਾਂ ਖਰੀਦ ਕੇ ਪੰਜਾਬ ਵਿੱਚ ਆ ਕੇ ਦਿਨ-ਰਾਤ ਇਕ ਕਰ ਛੱਡਿਆ। ਆਪ ਪਾਰਟੀ ਦੇ ਕਨਵੀਨਰ ਕੇਜਰੀਵਾਲ ਤੇ ਸੰਜੇ ਸਿੰਘ ਵਰਗਿਆਂ ਨੇ ਤਾਂ ਪੰਜਾਬੀਆਂ ਨੂੰ “ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ” ਸਮਝ ਕੇ ਪੈਸਾ ਇਕੱਠਾ ਕੀਤਾ ਤੇ ਬਹੁੱਤ ਹੀ ਨਾਮਵਰ ਹਸਤੀਆਂ ਨੂੰ ਰੋਲ ਕੇ ਰੱਖ ਦਿੱਤਾ। ਇਹਨਾਂ ਵਿੱਚ ਮੁੱਖ ਤੌਰ ਤੇ ਮਰਹੂਮ ਡਾਕਟਰ ਦਲਜੀਤ ਸਿੰਘ,ਰੱਬੀ ਸ਼ੇਰਗਿੱਲ,ਗੁਰਪ੍ਰੀਤ ਘੁੱਗੀ,ਸੁੱਚਾ ਸਿੰਘ ਛੋਟੇਪੁਰ,ਜਰਨੈਲ ਸਿੰਘ,ਐਚ.ਐਸ.ਫੂਲਕਾ ਦੇ ਨਾਮ ਵਰਣਨਯੋਗ ਹਨ। ਇਸ ਸਾਰੇ ਵਰਤਾਰੇ ਵਿੱਚ ਸਿਰਫ ਤੇ ਸਿਰਫ ਭਗਵੰਤ ਮਾਨ ਨੇ ਆਪਣੀ ਕੁਰਸੀ ਦੀ ਖਾਤਰ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਠਿੱਬੀ ਲਾਈ। ਭਗਵੰਤ ਦਾ ਪੁਰਾਣਾ ਰਿਕਾਰਡ ਫੋਲ ਕੇ ਦੇਖਿਆ ਜਾਵੇ ਤਾਂ ਉਹਨੇ ਆਪਣੇ ਸਾਥੀ ਹਾਸ-ਰਸ ਕਲਾਕਾਰ ਜਗਤਾਰ ਜੱਗੀ,ਰਾਣਾ ਰਣਬੀਰ ਅਤੇ ਬਿੰਨੂ ਢਿੱਲੋ ਵਰਗਿਆਂ ਨੂੰ ਵਰਤ ਕੇ ਸੁੱਟ ਦਿੱਤਾ ਸੀ।

ਹੁਣ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ, ਜੋ ਕਿ 2017 ਵਿੱਚ ਝੂਠੇ ਦਾਅਵਿਆਂ ਤੇ ਬਾਦਲ ਵਿਰੋਧ ਕਰਕੇ ਬਣੀ ਸੀ। ਅਕਾਲੀ ਦਲ ਦੇ ਦੱਸ ਸਾਲ ਦੇ ਕਾਰਜਕਾਲ ਤੋ ਜਿਹੜੇ ਲੋਕ ਅੱਕੇ-ਥੱਕੇ ਪਏ ਸੀ,ਉਹਨਾਂ ਨੇ ਕਾਂਗਰਸ ਨੂੰ ਵੋਟਾਂ ਪਾ ਦਿੱਤੀਆਂ ਸੀ। ਕਾਂਗਰਸ ਦੇ ਦੋ ਸਾਲ ਦੇ ਕਾਰਜਕਾਲ ਤੋ ਲੋਕ ਇੰਨੇ ਜਿਆਦਾ ਪਰੇਸ਼ਾਨ ਹਨ ਕਿ ਉਹ ਕਹਿੰਦੇ ਹਨ ਕਿ ਇਸ ਤੋ ਤਾਂ ਅਕਾਲੀ ਹੀ ਚੰਗੇ ਸੀ। ਸਰਕਾਰੀ ਮੁਲਾਜ਼ਮਾਂ ਨੂੰ DA,Pay Commission ਤੇ ਤਨਖਾਹਾਂ ਤੇ ਪੈਨਸ਼ਨਾਂ ਸਮੇਂ ਸਿਰ ਨਹੀ ਮਿਲ ਰਹੀਆਂ।

ਇਸ ਤੋ ਇਲਾਵਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਤੇ ਮੁਲਾਜ਼ਮ ਆਗੂਆਂ ਨੂੰ ਬਿਨਾਂ ਵਜਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ,ਕਿ ਉਹ ਟੈਂਕੀਆਂ ਤੋ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ।

ਜਿਹੜੇ ਕੰਮ ਅਕਾਲੀਆਂ ਦੇ ਕਾਰਜਕਾਲ ਵਿੱਚ ਝਟਪਟ ਹੋ ਜਾਂਦੇ ਸੀ,ਉਹ ਲਗਭਗ ਠੱਪ ਵਰਗੇ ਹੀ ਹਨ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ Professional ਟੈਕਸ ਦੇ ਨਾਮ ਤੇ 200 ਰੁਪਏ ਪ੍ਰਤੀ ਮਹੀਨਾ ਸਰਕਾਰੀ ਤੇ ਪ੍ਰਾਈਵੇਟ ਕੰਪਨੀਆਂ ਦੇ ਮੁਲਾਜ਼ਮਾਂ ਤੇ ਵਾਧੂ ਭਾਰ ਪਾਇਆ ਹੈ। ਨੌਜਵਾਨ ਹਰ ਘਰ ਵਿੱਚ ਨੌਕਰੀ ਦਾ ਇੰਤਜ਼ਾਰ ਕਰ ਰਿਹਾ ਹੈ।ਸਨਅਤਕਾਰ ਤੇ ਘਰੇਲੂ ਖਪਤਕਾਰ ਬਿਜਲੀ ਦੇ ਬਿੱਲਾਂ ਨੇ ਬੇਹਾਲ ਕੀਤਾ ਹੋਇਆ ਹੈ। ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕਰ ਰਿਹਾ ਹੈ। ਜਿਸ ਵਿੱਚ ਮੁੱਖ ਤੌਰ ਤੇ ਰਾਕੇਸ਼ ਪਾਂਡੇ,ਮਹਿੰਦਰ ਸਿੰਘ ਕੇ.ਪੀ.,ਪ੍ਰਤਾਪ ਸਿੰਘ ਬਾਜਵਾ,ਸੰਤੋਸ਼ ਚੌਧਰੀ ਤੇ ਸਿੱਧੂ ਪਰਿਵਾਰ ਦੇ ਨਾਮ ਵਰਣਨਯੋਗ ਹਨ।

ਹੁਣ ਗੱਲ ਕਰਦੇ ਹਾਂ ਅਕਾਲੀ ਦਲ ਦੀ, ਜਿਹੜਾ ਕਿ 2017 ਵਿੱਚ ਬੇਅਦਬੀ ਕਾਂਡ ਕਰਕੇ ਫਾਡੀ ਰਹਿ ਗਿਆ ਸੀ। ਅਕਾਲੀ ਦਲ ਨੇ ਪਿਛਲੀ ਹਾਰ ਤੋ ਸਿਖਿਆ ਲੈਂਦੇ ਹੋਏ ਹਲਕਾਵਾਰ ਮੀਟਿੰਗਾਂ ਕਰਕੇ ਮਾਯੂਸ ਹੋਏ ਵਰਕਰਾਂ ਦਾ ਮਨੋ-ਬਲ ਉੱਚਾ ਕੀਤਾ।

ਪੰਜਾਬ ਦੇ ਮੁੱਖ ਮੁੱਦੇ,ਪਾਣੀ,ਕਿਸਾਨੀ,ਨੌਕਰੀ,ਹਸਪਤਾਲ,ਖੇਡਾਂ,ਵਧੀਆ ਸਿੱਖਿਅਕ ਢਾਂਚਾ ਤੇ ਸੁਰੱਖਿਆ ਕਾਨੂੰਨ ਹਨ। ਸਾਡੇ ਲੀਡਰ ਸਿਰਫ ਤੇ ਸਿਰਫ ਸੜਕਾਂ ਬਣਾਉਣ ਨੂੰ ਹੀ ਵਿਕਾਸ ਦਸ ਰਹੇ ਹਨ,ਜਦੋ ਕਿ ਸੜਕਾਂ ਸਰਕਾਰ ਦੀ ਮੁੱਖ ਜਿੰਮੇਵਾਰੀ ਹੁੰਦੀ ਹਨ।

ਸਾਡੇ ਲੀਡਰ ਸਿਰਫ ਸਟੇਜਾਂ ਤੇ ਝੂਠੇ ਵਾਅਦੇ ਕਰਕੇ ਅਵਾਮ ਨੂੰ ਭਰਮਾਉਦੇ ਹਨ। ਜੇਕਰ ਸਾਡੇ ਨੌਜਵਾਨਾਂ ਨੂੰ ਆਪਣੇ ਸੂਬੇ ਵਿਚ ਚੰਗੀਆਂ ਨੌਕਰੀਆਂ ਮਿਲਣ ਤਾਂ ਉਹ ਵਿਦੇਸ਼ ਜਾਣ ਬਾਰੇ ਕਦੀ ਨਾ ਸੋਚਣ ਤੇ ਬਾਹਰ ਦੇ ਨਾਮ ਤੇ ਏਜੰਟ ਉਹਨਾਂ ਨਾਲ ਠੱਗੀ ਨਾ ਮਾਰਣ।

ਜਿਹੜਾ ਪੰਜਾਬ ਪਾਣੀਆਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ,ਅੱਜ ਉਸਦਾ ਪਾਣੀ ਵੀ ਗੰਧਲਾ ਹੋ ਚੁੱਕਾ ਹੈ।

ਇਕ ਰਿਪੋਰਟ ਅਨੁਸਾਰ ਪੰਜਾਬ ਆਉਣ ਵਾਲੇ 25 ਸਾਲਾਂ ਤੱਕ ਪੰਜਾਬ ਰੇਗਿਸਤਾਨ ਬਣ ਜਾਵੇਗਾ ਪਰ ਸਾਡੇ ਲੀਡਰਾਂ ਦਾ ਪਾਣੀ ਦੇ ਬਚਾਅ ਵੱਲ ਕੋਈ ਧਿਆਨ ਨਹੀ ਹੈ,ਕਿਉਕਿ ਉਹਨਾਂ ਦੇ ਆਪਣੇ ਬੱਚੇ ਤਾਂ ਬਾਹਰੋਂ ਆਏ ਪਾਣੀ ਦੀ ਵਰਤੋ ਕਰਦੇ ਹਨ। ਇਸ ਤੋ ਇਲਾਵਾ ਪੰਜਾਬ ਵਿੱਚ ਸਤਲੁਜ ਤੇ ਬੁੱਢੇ ਦਰਿਆ ਦੇ ਪਾਣੀ ਵੱਲ ਧਿਆਨ ਦੇਣ ਦੀ ਵੀ ਸਖਤ ਲੋੜ ਹੈ,ਜਿਸ ਵਿੱਚ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਨਿੱਤ ਦਿਨ ਸੁੱਟਿਆ ਜਾ ਰਿਹਾ। ਜਿਸਦੇ ਫਲਸਰੂਪ ਲੋਕ ਤੇ ਜਾਨਵਰ ਜਾਨਲੇਵਾ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਪੰਜਾਬ ਵਿੱਚੋ ਸਨਅਤ ਖਤਮ ਹੋ ਕੇ ਦੂਜੇ ਸੂਬਿਆਂ ਵਿੱਚ ਜਾ ਰਹੀ ਹੈ,ਜੇਕਰ ਇਹੀ ਸਨਅਤ ਪੰਜਾਬ ਵਿੱਚ ਰਹੇ ਤਾਂ ਲੋਕਾਂ ਨੂੰ ਕੁੱਝ ਸੁੱਖ ਦਾ ਸਾਹ ਆਏ। ਜਿਸ ਵਿੱਚ ਮੁੱਖ ਤੌਰ ਤੇ ਬਟਾਲੇ ਤੇ ਮੰਡੀ ਗੋਬਿੰਦਗੜ੍ਹ ਦੀ ਲੋਹਾ ਸਨਅਤ, ਧਾਰੀਵਾਲ ਦੀ ਵੂਲਨ ਮਿੱਲ,ਅੰਮ੍ਰਿਤਸਰ ਦੀ ਕਪੜਾ ਮਿੱਲ ਤੇ ਲੁਧਿਆਣਾ ਦੀ ਸਨਅਤ ਜੇਕਰ ਮੁੜ ਸੁਰਜੀਤ ਹੋ ਜਾਣ ਤਾਂ ਪੰਜਾਬ ਵਿੱਚ ਰੁਜ਼ਗਾਰ ਦੇ ਵਾਰੇ-ਨਿਆਰੇ ਹੋ ਜਾਣਗੇ।

ਜਿਹੜਾ ਪੰਜਾਬ ਕਿਸੇ ਸਮੇਂ “ਸੋਨੇ ਦੀ ਚਿੜੀ” ਅਖਵਾਉਂਦਾ ਸੀ,ਉਸਦਾ ਅੰਨਦਾਤਾ ਅੱਜ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ। ਸਰਕਾਰਾਂ ਕਰਜਾ ਮਾਫੀ ਦੇ ਨਾਮ ਤੇ ਸਿਰਫ ਵੋਟਾਂ ਹੀ ਲੈਂਦੀਆਂ ਹਨ ਪਰ ਕਿਸਾਨ ਦੀ ਬਾਂਹ ਨਹੀ ਫੜਦੀਆਂ। ਜੇਕਰ ਕੁਦਰਤੀ ਆਫਤਾਂ ਨਾਲ ਫਸਲ ਖਰਾਬ ਹੋ ਜਾਏ ਤਾਂ ਸਰਕਾਰਾਂ ਕਦੀ ਕਿਸਾਨਾਂ ਦੀ ਸਾਰ ਨਹੀ ਲੈਂਦੀਆਂ।

ਜੇਕਰ ਸਰਕਾਰ ਸਸਤੇ ਬੀਜ,ਕੀਟਨਾਸ਼ਕ ਦਵਾਈਆਂ,ਸਮੇਂ ਸਿਰ ਫਸਲਾਂ ਦੀ ਅਦਾਇਗੀ(ਖਾਸ ਕਰਕੇ ਗੰਨੇ ਦੀ ਅਦਾਇਗੀ) ਸਬਜੀਆਂ ਦਾ ਸਹੀ ਮੰਡੀਕਰਨ ਤੇ ਸਟੋਰੇਜ,ਬਿਜਲੀ ਦੀ ਨਿਰ-ਵਿਘਨ ਸਪਲਾਈ ਵੱਲ ਧਿਆਨ ਦਿੱਤਾ ਜਾਵੇ ਤਾਂ ਕਿਸਾਨ ਸੁੱਖ ਦਾ ਸਾਹ ਲੈ ਸਕਦਾ ਹੈ।ਸਰਕਾਰਾਂ ਨੂੰ ਚਾਹੀਦਾ ਹੈ ਕਿ ਕੁਦਰਤੀ ਆਫਤਾਂ ਨਾਲ ਨਜਿਠਣ ਲਈ ਅਗਾਉ ਪ੍ਰਬੰਧ ਕਰੇ।

ਅੰਤ ਵਿੱਚ ਮੈ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਉਮੀਦਵਾਰ ਸਾਡੀਆਂ ਉਪਰੋਕਤ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਤੱਤਪਰ ਹੈ,ਉਸ ਨੂੰ ਵੋਟ ਪਾਉ। ਇਸ ਤੋ ਇਲਾਵਾ ਵੋਟ,ਪਾਰਟੀ,ਉਮੀਦਵਾਰ ਦੀ ਯੋਗਤਾ,ਕੰਮ ਕਰਨ ਦੀ ਇੱਛਾ ਸ਼ਕਤੀ ਨੂੰ ਦੇਖ ਕੇ ਪਾਉ ਪਰੰਤੂ ਚੋਣਾਂ ਕਰਕੇ ਕਿਸੇ ਤਰਾਂ ਦਾ ਤਨਾਅ ਨਹੀ ਹੋਣਾ ਚਾਹੀਦਾ ਹੈ। ਸਾਡੇ ਵਿੱਚ ਆਪਸੀ ਭਾਈਚਾਰਕ ਸਾਂਝ ਬਣੀ ਰਹਿਣੀ ਚਾਹੀਦੀ ਹੈ ਤਾਂ ਹੀ ਅਸੀ ਸੱਭਿਅਕ ਸਮਾਜ ਦੀ ਸਿਰਜਣਾ ਕਰ ਸਕੀਏ।

ਸਰਬੱਤ ਦੇ ਭਲਾ ਲੋਚਦੀ,
ਮਨਦੀਪ ਕੌਰ ਪੰਨੂ

Install Punjabi Akhbar App

Install
×