ਨਿਊ ਸਾਊਥ ਵੇਲਜ਼ ਪੁਲਿਸ ਜਨਤਕ ਤੌਰ ਤੇ ਇੱਕ ਮਦਦ ਮੰਗ ਰਹੀ ਹੈ ਅਤੇ ਲੋਕਾਂ ਨੂੰ ਆਗਾਹ ਕਰ ਰਹੀ ਹੈ ਕਿ ਬਲੂ ਮਾਊਂਟੇਨ ਖੇਤਰ ਵਿੱਚੋਂ ਇੱਕ 14 ਸਾਲਾਂ ਦੀ ਨਵਯੁਵਤੀ, ਬੀਤੇ ਦਿਨ, ਨਵੇਂ ਸਾਲ ਦਿਹਾੜੇ ਤੇ ਲਾਪਤਾ ਹੋ ਗਈ ਹੈ।
ਐਲਿਜ਼ਾਬੈਥ ਡਾਇਰ ਨਾਮ ਦੀ ਲਾਪਤਾ ਲੜਕੀ ਨੂੰ ਆਖਰੀ ਵਾਰੀ ਆਪਣੇ ਘਰ ਮੈਰੀਵਾ ਸਟ੍ਰੀਟ (ਕਾਟੂੰਬਾ -ਪੱਛਮੀ ਸਿਡਨੀ) ਵਿਖੇ ਦੇਖਿਆ ਗਿਆ ਸੀ ਜਦੋਂ ਉਹ ਐਤਵਾਰ ਦੀ ਸ਼ਾਮ ਦੇ 5 ਵਜੇ ਆਪਣੇ ਘਰ ਤੋਂ ਬਾਹਰ ਗਈ ਸੀ। ਉਸਨੇ ਗਹਿਰੀ ਨੀਲੀ ਰੰਗ ਦੀ ਜੀਨਸ, ਨੀਲੇ ਰੰਗ ਦੀ ਹੀ ਡੈਨਿਮ ਜੈਕਟ ਅਤੇ ਕਾਲੇ ਰੰਗ ਦੇ ਡੋਕ ਮਾਰਟਿਨ ਦੇ ਬੂਟ ਪਾਏ ਹੋਏ ਹਨ। ਉਹ ਯੂਰਪੀ ਲੋਕਾਂ ਵਾਲੀ ਸ਼ਕਲ ਦੀ ਹੈ। ਸਰੀਰਕ ਪੱਖੋਂ ਉਹ ਪਤਲੀ ਹੈ, ਭੂਰੇ ਰੰਗ ਦੇ ਛੋਟੇ ਵਾਲ ਹਨ ਅਤੇ ਉਸਦਾ ਕੱਦ 150 ਅਤੇ 160 ਸਮ ਦਰਮਿਆਨ ਹੈ। ਉਹ ਐਨਕਾਂ ਵੀ ਲਗਾਉਂਦੀ ਹੈ।
ਐਲਿਜ਼ਾਬੈਥ ਦੇ ਘਰਦਿਆਂ ਦਾ ਕਹਿਣਾ ਹੈ ਕਿ ਉਹ ਅਕਸਰ ਕਾਟੂੰਬਾ, ਲਿਓਰਾ ਅਤੇ ਵੈਂਟਵਰਥ ਫਾਲਜ਼ ਆਦਿ ਉਪਰ ਜਾਂਦੀ ਹੀ ਰਹਿੰਦੀ ਹੈ। ਉਹ ਸਿਡਨੀ ਸੀ.ਬੀ.ਡੀ. ਵਿੱਚ ਵੀ ਅਕਸਰ ਹੀ ਜਾਇਆ ਕਰਦੀ ਹੈ।
ਪੁਲਿਸ ਨੇ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਉਕਤ ਲੜਕੀ ਬਾਰੇ ਕੁੱਝ ਪਤਾ ਹੋਵੇ ਤਾਂ ਤੁਰੰਤ ਕ੍ਰਾਇਮ ਸਟੋਪਰਾਂ ਨੂੰ ਇੱਤਲਾਹ ਦੇਣ ਜਾਂ 1800 333 000 ਤੇ ਕਾਲ ਕਰ ਕੇ ਸੂਚਨਾ ਦਿਉ ਤਾਂ ਕਿ ਲਾਪਤਾ ਲੜਕੀ ਨੂੰ ਜਲਦੀ ਤੋਂ ਜਲਦੀ ਭਾਲ਼ ਕੇ ਉਸਦੇ ਮਾਪਿਆਂ ਤੱਕ ਪਹੁੰਚਾਇਆ ਜਾ ਸਕੇ।