ਨਿਊਜ਼ੀਲੈਂਡ ਸ਼ੋਕ ਸਮਾਚਾਰ: ਸੜੀ ਕਾਰ ’ਚ ਸੀ ਇੰਡੀਅਨ ਮੁੰਡਾ

ਬੀਤੇ ਸ਼ਨੀਵਾਰ ਰਾਤ 8 ਵਜੇ ਬੈਰੀ ਕਰਟਿਸ ਪਾਰਕ ਫਲੈਟ ਬੁੱਸ਼ ਵਿਖੇ ਜਲਦੀ ਕਾਰ ’ਚ ਸੀ 26 ਸਾਲਾ ਕੁਨਾਲ ਖੇੜਾ

-ਪੁਲਿਸ ਜਾਂਚ-ਪੜ੍ਹਤਾਲ ਰਾਹੀਂ ਲੱਭ ਰਹੀ ਘਟਨਾ ਦੇ ਕਾਰਨ

ਆਕਲੈਂਡ, 9 ਮਾਰਚ, 2020:-ਨਿਊਜ਼ੀਲੈਂਡ ਪੁਲਿਸ ਨੇ ਅੱਜ ਇਕ ਦੁਖਦਾਈ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਸ਼ਨੀਵਾਰ (6 ਫਰਵਰੀ) ਨੂੰ ਬੈਰੀ ਕਰਟਿਸ ਪਾਰਕ, ਚੈਪਲ ਰੋਡ, ਫਲੈਟ ਬੁੱਸ਼ ਵਿਖੇ ਰਾਤ 8 ਵਜੇ ਇਕ ਜਲਦੀ ਹੋਈ ਕਾਰ ਪਾਈ ਗਈ ਸੀ। ਇਸ ਜਲਦੀ ਹੋਈ ਕਾਰ ਦੇ ਵਿਚ ਉਸ ਵੇਲੇ ਸ਼ੱਕ ਕੀਤਾ ਜਾ ਰਿਹਾ ਸੀ ਕਿ ਇਸਦੇ ਵਿਚ ਕੋਈ ਵਿਅਕਤੀ ਹੈ। ਪੁਲਿਸ ਨੇ ਉਸ ਰਾਤ ਇਸ ਸਿਲਵਰ ਰੰਗ ਦੀ ਮਾਜਦਾ ਕਾਰ ਵਿਚੋਂ ਇਕ ਵਿਅਕਤੀ ਨੂੰ ਬਾਹਰ ਕੱਢ ਲਿਆ ਸੀ।
ਅੱਜ ਪੁਲਿਸ ਨੇ ਉਸ ਸਬੰਧੀ ਪਰਦਾ ਚੁੱਕਦਿਆਂ ਦੱਸਿਆ ਕਿ ਇਹ 26 ਸਾਲਾ ਭਾਰਤੀ ਨੌਜਵਾਨ ਮੁੰਡਾ ਕੁਨਾਲ ਖੇੜਾ ਸੀ। ਇਹ ਨੌਜਵਾਨ ਮੈਨੁਕਾਓ ਖੇਤਰ ਦੇ ਵਿਚ ਰਹਿੰਦਾ ਸੀ। ਡਿਟੈਕਟਿਵ ਸੀਨੀਅਰ ਸਰਜੈਂਟ ਨਟਾਲੀ ਨੈਲਸਨ ਨੇ ਇਸ ਮੌਤ ਨੂੰ ਅਜੇ ਰਹੱਸਮਈ ਅਤੇ ਅਸਪਸ਼ਟ ਦੱਸਿਆ ਹੈ, ਜਿਸ ਦੀ ਅਗਲੇਰੀ ਜਾਂਚ ਚੱਲ ਰਹੀ ਹੈ। ਪੁਲਿਸ ਨੇ ਉਸਦੇ ਇੰਡੀਆ ਰਹਿੰਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਹਰ ਤਰ੍ਹਾਂ ਦੀ ਯੋਗ ਸਹਾਇਤਾ ਸਬੰਧੀ ਕਿਹਾ ਹੈ।  ਪਤਾ ਲੱਗਾ ਹੈ ਕਿ ਇਹ ਨੌਜਵਾਨ ਜੇ.ਪੀ. ਨਗਰ ਸੰਗਰੂਰ ਨਾਲ ਸਬੰਧਿਤ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਇਸ ਨੌਜਵਾਨ ਦੇ ਸਾਰੇ ਦੋਸਤ ਇਸ ਘਟਨਾ ਤੋਂ ਬਹੁਤ ਹੈਰਾਨ ਹਨ। ਪਹਿਲਾਂ ਇਹ ਨੌਜਵਾਨ ਔਕਲੈਂਡ ਕੰਮ ਕਰਦਾ ਸੀ ਅਤੇ ਫਿਰ ਕ੍ਰਾਈਸਟਚਰਚ ਵਿਖੇ ਕੰਮ ਕਰਨ ਚਲਾ ਗਿਆ ਸੀ। ਉਸਦੇ ਮਿ੍ਰਤਕ ਸਰੀਰ ਨੂੰ ਉਸਦੇ ਜਾਣਕਾਰ ਫਿਊਨਰਲ ਹੋਮ ਦੇ ਵਿਚ ਅਜੇ ਰੱਖ ਰਹੇ ਹਨ ਅਤੇ ਅਗਲਾ ਪ੍ਰੋਗਰਾਮ ਕੀ ਹੈ, ਜਲਦ ਹੀ ਦੱਸਿਆ ਜਾਵੇਗਾ।
ਮਾਪਿਆਂ ਦਾ ਬੁਰਾ ਹਾਲ-ਪਿਉ ਦੇ ਨਹੀਂ ਰੁੱਕ ਰਹੇ ਅਥਰੂ
ਅੱਜ ਜਦੋਂ ਇਸ ਪੱਤਰਕਾਰ ਨੇ ਉਸਦੇ ਪਿਤਾ ਜੀ ਅਤੇ ਹੋਰ ਰਿਸ਼ਤੇਦਾਰਾਂ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਹ ਸਾਰੇ ਭੁੱਬਾਂ ਮਾਰ ਰੋ ਰਹੇ ਸਨ। ਪਿਤਾ ਸ੍ਰੀ ਪਰਦੀਪ ਕੁਮਾਰ ਬਿਜਲੀ ਬੋਰਡ ਦੇ ਵਿਚ ਕੈਸ਼ੀਅਰ ਹਨ ਜਦ ਕਿ ਮਾਤਾ ਘਰੇਲੂ ਪਤਨੀ ਹੈ। ਇਸਦੀ ਇਕ ਛੋਟੀ 20 ਕੁ ਸਾਲਾਂ ਦੀ ਭੈਣ ਹੈ ਜਿਸ ਦੀ ਅਗਲੇਰੀ ਪੜ੍ਹਾਈ ਵਾਸਤੇ ਇਸਨੇ ਪੈਸੇ ਭੇਜੇ ਹੋਏ ਸਨ। ਸਤੰਬਰ 2018 ਦੇ ਵਿਚ ਇਹ ਨੌਜਵਾਨ ਆਪਣੇ ਮਾਤਾ-ਪਿਤਾ ਦੇ ਵਿਆਹ ਦੀ ਸਾਲਗਿਰਾ ਉਤੇ ਸਰਪ੍ਰਾਈਜ ਵਿਜਟ ਦੇਣ ਪਹੁੰਚ ਗਿਆ ਸੀ। 2019 ਦੇ ਵਿਚ ਇਸ ਨੌਜਵਾਨ ਦੇ ਪਿਤਾ ਸ੍ਰੀ ਪ੍ਰਦੀਪ ਕੁਮਾਰ ਨਿਊਜ਼ੀਲੈਂਡ ਆਏ ਸਨ। ਜਿਸ ਦਿਨ ਇਸ ਨੌਜਵਾਨ ਦੀ ਮੌਤ ਹੋਈ ਹੈ ਇਕ ਅੱਧਾ ਦਿਨ ਪਹਿਲਾਂ ਹੀ ਉਸ ਦੇ ਪਿਤਾ ਜੀ ਨੇ ਨਵੇਂ ਮਕਾਨ ਦਾ ਨੀਂਹ ਪੱਥਰ ਰੱਖਿਆ ਸੀ ਤਾਂ ਕਿ ਵਿਆਹ ਤੱਕ ਨਵਾਂ ਘਰ ਬਣ ਜਾਵੇ। ਇਸਦੇ ਰਿਸ਼ਤੇ ਵਾਸਤੇ ਵੀ ਗੱਲ ਚੱਲਣੀ ਸ਼ੁਰੂ ਹੋ ਗਈ ਸੀ। ਚਾਚਾ ਜੀ ਦੇ ਵੀ ਬੇਟੀਆਂ ਹੋਣ ਕਰਕੇ ਅਤੇ ਇਕ ਦੋ ਹੋਰ ਨੇੜਲੇ ਰਿਸ਼ਤੇਦਾਰਾਂ ਦੇ ਬੇਟੀਆਂ ਹੋਣ ਕਰਕੇ ਇਹ ਹੀ ਇਕੱਲਾ ਮੁੰਡਾ ਸੀ ਜਿਸ ਦੇ ਵਿਆਹ ਦਾ ਸਭ ਨੂੰ ਚਾਅ ਬਣਿਆ ਹੋਇਆ ਸੀ। ਔਕਲੈਂਡ ਪੜ੍ਹਾਈ ਤੋਂ ਬਾਅਦ ਉਹ ਕ੍ਰਾਈਸਟਚਰਚ ਚਲਾ ਗਿਆ ਸੀ ਅਤੇ ਫਿਰ 2020 ਦੇ ਵਿਚ ਇਥੇ ਆ ਗਿਆ ਸੀ। ਕਦੇ-ਕਦੇ ਕੁਨਾਲ ਊਬਰ ਈਟ ਕਰਦਾ ਹੁੰਦਾ ਸੀ ਉਂਡ ਉਹ ਪੱਕੀ ਨੌਕਰੀ ਕਿਤੇ ਕਰਦਾ ਸੀ। ਪੀ. ਆਰ. ਨਾ ਲੱਗਣ ਦਾ ਅਜੇ ਉਸਨੂੰ ਝੋਰਾ ਖਾਂਦਾ ਸੀ ਅਤੇ ਕੈਨੇਡਾ ਵੱਲ ਜਾਣ ਦਾ ਵੀ ਸੋਚਦਾ ਰਹਿੰਦਾ ਸੀ। ਉਸਦੇ ਪਿਤਾ ਨੇ ਕਿਹਾ ਕਿ ਉਸਦਾ ਬੇਟਾ ਬਹੁਤ ਹੀ ਸਿਆਣਾ ਸੀ । ਵਿਆਹ ਵਾਸਤੇ ਵੀ ਉਸਨੇ ਆਪਣੇ ਘਰਦਿਆਂ ਨੂੰ ਕਹਿ ਰੱਖਿਆ ਸੀ। ਮਾਤਾ-ਪਿਤਾ ਆਪਣੇ ਪੁੱਤਰ ਦੀ ਮਿ੍ਰਤਕ ਦੇਹ ਵੇਖਣੀ ਲੋਚਦੇ ਹਨ ਪਰ ਪੁਲਿਸ ਅਜੇ ਇਸ ਸਬੰਧੀ ਜਿਆਦਾ ਕੁਝ ਨਹੀਂ ਪਰਿਵਾਰ ਨੂੰ ਦੱਸ ਰਹੀ। ਮਿ੍ਰਤਕ ਨੌਜਵਾਨ ਦਾ ਅੰਤਿਮ ਸੰਸਕਾਰ ਇਥੇ ਹੀ ਕੀਤਾ ਜਾਣਾ ਹੈ। ਮਾਪਿਆਂ ਦੀਆਂ ਆਂਦਰਾ ਨੂੰ ਤਾਂ ਉਦੋਂ ਹੀ ਠੰਡ ਪਵੇਗੀ ਜਦੋਂ ਉਹ ਆਪਣੀਆਂ ਅੱਖਾਂ ਨਾਲ ਉਸਦੇ ਅੰਤਿਮ ਦਰਸ਼ਨ ਕਰ ਲੈਣਗੇ। ਪੁਲਿਸ ਕੀ ਦਿਸ਼ਾ ਨਿਰਦੇਸ਼ ਜਾਰੀ ਕਰਦੀ ਹੈ ਅਜੇ ਸਪਸ਼ਟ ਨਹੀਂ ਹੈ। 

Install Punjabi Akhbar App

Install
×