ਕੁਈਨਜ਼ਲੈਂਡ ਵਿਖੇ ਸੁਪਰਯਾਚ ਉਪਰ ਕੋਵਿਡ-19 ਦੇ ਇਨਫੈਕਸ਼ਨ ਦੀ ਪੜਤਾਲ ਕਰ ਰਹੀ ਹੈ ਪੁਲਿਸ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੁਈਨਜ਼ਲੈਂਡ ਦੀ ਪੁਲਿਸ ਦਾ ਕਹਿਣਾ ਹੈ ਕਿ ਉਹ ਖੁਦ ਸਿਹਤ ਅਧਿਕਾਰੀਆਂ ਨਾਲ ਮਿਲ ਕੇ, ਕਰੇਨਜ਼ ਦੇ ਸਮੁੰਦਰੀ ਤਟਾਂ ਉਪਰ ਖੜ੍ਹੀ ਸੁਪਰਯਾਚ ਵਿਚ ਕੋਵਿਡ-19 ਦੇ ਇਨਫੈਕਸ਼ਨ ਦੇ ਸੌਮਿਆਂ ਦੀ ਤਲਾਸ਼ ਕਰ ਰਹੀ ਹੈ ਪਰੰਤੂ ਇਸ ਵਿੱਚ ਹਾਲੇ ਕੁੱਝ ਸਮਾਂ ਹੋਰ ਲੱਗ ਸਕਦਾ ਹੈ। ਮੁੱਖ ਸੁਪਰਿਨਟੈਂਡੈਟ ਮਾਰਕ ਵ੍ਹੀਲਰ ਨੇ ਕਿਹਾ ਕਿ ਪੁਲਿਸ ਅਤੇ ਐਸ.ਈ.ਐਸ. ਕਰੂ ਮੈਂਬਰ ਆਪਸ ਵਿੱਚ ਮਿਲ ਕੇ ਸਾਰੀ ਤਹਿਕੀਕਾਤ ਕਰ ਰਹੇ ਹਨ ਅਤੇ ਇਸ ਵਾਸਤੇ ਸੀਮਾਵਾਂ ਉਪਰ ਗਤੀਵਿਧੀਆਂ ਅਤੇ ਚੈਕ-ਪੁਆਇੰਟ ਵਧਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਸੀਮਾਵਾਂ ਉਪਰ ਚੈਕਿੰਗ ਦਾ ਸਮਾਂ ਬਹੁਤ ਘੱਟ ਮਿਲਿਆ ਪਰੰਤੂ ਫੇਰ ਵੀ ਸਾਰੇ ਤਾਇਨਾਤ ਅਧਿਕਾਰੀ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਮੌਜੂਦਾ ਸਮੇਂ ਵਿੱਚ ਤਿੰਨ ਚੈਕ-ਪੁਆਇੰਟ ਲਗਾਏ ਗਏ ਹਨ ਅਤੇ ਚੌਥੇ ਨੂੰ ਵੀ ਖੜ੍ਹਾ ਕਰਨ ਦੀ ਤਿਆਰੀ ਚੱਲ ਰਹੀ ਹੈ। ਰਾਜ ਦੇ ਸਿਹਤ ਮੰਤਰੀ ਯੈਵੈਟ ਡੀ-ਆਥ ਨੇ ਰਾਜ ਅੰਦਰ ਕਰੋਨਾ ਦੇ ਦੋ ਮਾਮਲੇ ਮਿਲਣ ਕਾਰਨ ਗਹਿਰੀ ਚਿੰਤਾ ਜਤਾਈ ਅਤੇ ਕਿਹਾ ਕਿ ਅਧਿਕਾਰੀ ਆਪਣਾ ਫਰਜ਼ ਪੂਰੀ ਤਰ੍ਹਾਂ ਨਿਭਾ ਰਹੇ ਹਨ ਅਤੇ ਜਲਦੀ ਹੀ ਇਸ ਆਫਤ ਉਪਰ ਕਾਬੂ ਪਾ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਵਿਨਮ, ਬਾਰਗਾਰਾ ਅਤੇ ਬੰਡਾਬਰਗ ਅੰਦਰ ਸੀਵੇਜ ਦੀ ਟੈਸਟਿੰਗ ਵੀ ਚੱਲ ਰਹੀ ਹੈ ਅਤੇ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਕਿਸਮ ਦੇ ਵੀ ਸਰੀਰਿਕ ਲੱਛਣ ਹੋਣ ਤੇ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰਨ ਅਤੇ ਮੈਡੀਕਲ ਸਹਾਇਤਾ ਲਈ ਅਧਿਕਾਰੀਆਂ ਨਾਲ ਸੰਪਰਕ ਕਰਨ। ਜ਼ਿਕਰਯੋਗ ਹੈ ਕਿ ਸੁਪਰਯਾਚ ਵਿੱਚਲੀ ਕਰੂ ਮੈਂਬਰ ਇੱਕ 20 ਸਾਲਾਂ ਦੀ ਮਹਿਲਾ ਹੈ ਅਤੇ ਇਹ ਯਾਚ ਮਾਲਡੀਵਜ਼ ਤੋਂ ਕੈਅਰਨਜ਼ ਬੀਤੇ ਸੋਮਵਾਰ ਨੂੰ ਪਹੁੰਚਿਆ ਹੈ ਅਤੇ ਇਸ ਵਿੱਚ 6 ਕਰੂ ਮੈਂਬਰਾਂ ਦੇ ਨਾਲ ਨਾਲ 14 ਯਾਤਰੀ ਸਵਾਰ ਸਨ। ਯਾਤਰੀਆਂ ਨੂੰ ਤਾਂ ਹੋਟਲ ਕੁਆਰਨਟੀਨ ਕਰ ਦਿੱਤਾ ਗਿਆ ਹੈ ਪਰੰਤੂ ਕਰੂ ਮੈਂਬਰ ਹੋਟਲ ਕੁਆਰਨਟੀਨ ਵਿੱਚ ਜਾਣ ਨੂੰ ਤਿਆਰ ਨਹੀਂ ਅਤੇ ਸ਼ਿਪ ਵਿੱਚ ਹੀ ਰਹਿ ਰਹੇ ਹਨ।

Install Punjabi Akhbar App

Install
×