– ਪਾਕੂਰੰਗਾ ਵਿਖੇ 13 ਸਾਲਾ ਮੁੰਡੇ ਨੂੰ ਬਿਨਾਂ ਹੈਲਮਟ ਸਾਈਕਲ ਚਲਾਉਣ ਅਤੇ ਸ਼ਰਾਰਤਾਂ ਲਈ ਪੁਲਿਸ ਨੇ ਦਬੋਚਿਆ
– ਇਕ ਪੁਲਿਸ ਅਫਸਰ ਨੇ ਹੱਥਕੜੀ ਲਗਾਉਣ ਵੇਲੇ ਮੁੱਕੇ ਦੀ ਕੀਤੀ ਵਰਤੋਂ
ਆਕਲੈਂਡ -ਪਾਕੂਰੰਗਾ ਵਿਖੇ ਬੀਤੇ ਦਿਨੀਂ ਕੁਝ ਬੱਚਿਆਂ ਦੇ ਝੁੰਡ ਵੱਲੋਂ ਗਲੀਆਂ ਦੇ ਵਿਚ ਸਾਇਕਲਾਂ ਉਤੇ ਸ਼ਰਾਰਤਾਂ ਆਦਿ ਕੀਤੀਆਂ ਜਾ ਰਹੀਆਂ ਸਨ। ਇਕ 13 ਸਾਲਾ ਮੁੰਡੇ ਨੇ ਹੈਲਮਟ ਵੀ ਨਹੀਂ ਪਹਿਨਿਆ ਹੋਇਆ ਸੀ। ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਇਹ ਬੱਚਾ ਸਾਈਕਲ ਉਤੇ ਬਚ ਨਿਕਲਿਆ। ਦੋ ਪੁਲਿਸ ਅਫਸਰਾਂ ਨੇ ਇਸ ਮੁੰਡੇ ਨੂੰ ਕਾਬੂ ਤਾਂ ਕਰ ਲਿਆ ਪਰ ਜਦੋਂ ਇਸਨੂੰ ਕਾਬੂ ਕੀਤਾ ਗਿਆ ਤਾਂ ਲਗਦਾ ਹੈ ਕਿ ਪੁਲਿਸ ਕਾਫੀ ਪ੍ਰੇਸ਼ਾਨ ਹੋ ਚੁੱਕੀ ਸੀ, ਇਕ ਪੁਲਿਸ ਅਫਸਰ ਜਿਸ ਨੇ ਇਕ ਬੱਚੇ ਦਾ ਸਾਈਕਲ ਲੈ ਕੇ ਇਸ ਮੁੰਡੇ ਦਾ ਪਿੱਛਾ ਕੀਤਾ ਸੀ, ਨੇ ਹੱਥਕੜੀ ਲਗਾਉਣ ਵੇਲੇ ਇਸ 13 ਸਾਲਾ ਬੱਚੇ ਦੀ ਵੱਖੀ ਦੇ ਵਿਚ ਉਕ ਘਸੁੰਨ (ਮੁੱਕਾ) ਜੜ ਦਿੱਤਾ ਕਿਉਂਕਿ ਉਹ ਆਪਣਾ ਗੁੱਟ ਆਪਣੇ ਪੇਟ ਥੱਲੇ ਲਕੋ ਰਿਹਾ ਸੀ। ਇਸ ਸਾਰੇ ਘਟਨਾਕ੍ਰਮ ਨੂੰ ਬੱਚੇ ਅਤੇ ਹੋਰ ਲੋਕ ਫੋਨ ਦੇ ਵਿਚ ਰਿਕਾਰਡ ਕਰ ਰਹੇ ਸਨ। ਇਹ ਵੀਡੀਓ ਹੁਣ ਵਾਇਰਲ ਹੋ ਗਈ ਹੈ ਅਤੇ ਪੁਲਿਸ ਅਫਸਰ ਘਸੁੰਨ ਮਾਰਦਾ ਵਿਖਾਈ ਦਿੰਦਾ ਹੈ। ਨਿਊਜ਼ੀਲੈਂਡ ਦੇ ਵਿਚ ਅਜਿਹਾ ਕਰਨਾ ਸ਼ਾਇਦ ਪੁਲਿਸ ਲਈ ਐਨਾ ਸੌਖਾ ਨਹੀਂ ਹੈ ਜਿਸ ਕਰਕੇ ਇਸਦੇ ਪਿਤਾ ਨੇ ਇਸਦੀ ਸ਼ਿਕਾਇਤ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਬੱਚਾ ਪੁਲਿਸ ਦੇ ਨਾਲ ਕ੍ਰੋਧਿਤ ਹੋਇਆ ਸੀ। ਪੁਲਿਸ ਨੇ ਇਸ ਮੁੰਡੇ ਉਤੇ ਚਾਰ ਦੋਸ਼ ਲਾਏ ਹਨ। ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਹ ਬੱਚੇ ਲੋਕਾਂ ਨੂੰ ਵੀ ਤੰਗ ਕਰ ਰਹੇ ਸਨ। ਪੁਲਿਸ ਵੇਖ ਕੇ ਇਹ ਮੁੰਡਾ ਲਾਲ ਬੱਤੀ ਦੀ ਪ੍ਰਵਾਹ ਕੀਤੇ ਬਿਨਾਂ ਹੀ ਭੱਜ ਗਿਆ ਸੀ, ਜਿਸ ਨਾਲ ਦੂਜੇ ਲੋਕਾਂ ਨੂੰ ਵੱਡਾ ਖਤਰਾ ਹੋ ਸਕਦਾ ਸੀ।
ਵਿਚਾਰਨ ਦੀ ਗੱਲ ਹੈ ਕਿ ਅਜਿਹੇ ਸ਼ਰਾਰਤੀ ਬੱਚਿਆਂ ਨੂੰ ਜੇਕਰ ਪੁਲਿਸ ਨੇ ਹੁਣ ਨੱਥ ਨਾ ਪਾਈ ਤਾਂ ਇਹ ਵੱਡੇ ਹੋ ਕੇ ਆਪਣੀਆਂ ਆਦਤਾਂ ਵਿਗਾੜ ਲੈਣਗੇ। ਇਹ ਆਪ ਤਾਂ ਇਕ ਮੁੱਕਾ ਨਹੀਂ ਝੱਲ ਸਕਣਗੇ ਪਰ ਦੂਜਿਆਂ ਦੇ ਢਿੱਡਾਂ ਵਿਚ ਚਾਕੂ ਤੱਕ ਮਾਰ ਦਿੰਦੇ ਹਨ।