
ਬੀਤੇ ਕੱਲ੍ਹ, ਬਾਅਦ ਦੁਪਹਿਰ, 3:35 ਦੇ ਕਰੀਬ, ਮੈਲਬੋਰਨ ਦੇ ਉਤਰ-ਪੱਛਮੀ ਖੇਤਰ ਵਿੱਚ ਟੇਲਰਜ਼ ਝੀਲਾਂ ਦੇ ਦੁਆਲੇ ਰੋਵੈਲ ਪਲੇਸ ਦੇ ਖੇਤ ਖਲਿਹਾਨਾਂ ਵਿੱਚ ਅੱਗ ਲੱਗ ਗਈ। ਅੱਗ ਬੁਝਾਊ ਕਰਮਚਾਰੀਆਂ ਨੇ ਇਕਦਮ ਐਕਸ਼ਨ ਲੈਂਦਿਆਂ, ਬੇਸ਼ੱਕ ਅੱਗ ਤੇ ਕਾਬੂ ਪਾ ਲਿਆ ਹੈ ਪਰੰਤੂ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਹ ਅੱਗ ਜਾਣਬੁੱਝ ਕੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਲਗਾਈ ਗਈ ਹੈ। ਅੱਗ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਅਤੇ ਨਾ ਹੀ ਕਿਸੇ ਨੂੰ ਕੋਈ ਸੱਟ ਫੇਟ ਲੱਗੀ ਹੈ ਪਰੰਤੂ ਕਾਫੀ ਇਲਾਕਾ ਸੜ੍ਹ ਕੇ ਸੁਆਹ ਹੋ ਗਿਆ ਅਤੇ ਆਲ਼ੇ ਦੁਆਲੇ ਦੇ ਘਰਾਂ ਵਿੱਚੋਂ 40 ਦੇ ਕਰੀਬ ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਂਵਾਂ ਤੇ ਜਾਣ ਲਈ ਉਕਤ ਪ੍ਰਭਾਵਿਤ ਖੇਤਰ ਨੂੰ ਖਾਲੀ ਕਰਵਾਉਣਾ ਪਿਆ ਹੈ।
ਵਿਕਟੌਰੀਆ ਪੁਲਿਸ ਨੇ ਇਸ ਬਾਬਤ ਇੱਕ ਸਾਈਕਲ ਵਾਲੇ ਦੀ ਫੋਟੋ ਜਾਰੀ ਕਰਦਿਆਂ ਜਨਤਕ ਅਪੀਲ ਕੀਤੀ ਹੈ ਜੇਕਰ ਕਿਸੇ ਨੂੰ ਇਸ ਸਾਈਕਲ ਵਾਲੇ ਦੀ ਪਛਾਣ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ।
ਪੁਲਿਸ ਦਾ ਮੰਨਣਾ ਹੈ ਕਿ ਉਕਤ ਸਾਈਕਲ ਵਾਲਾ ਹੀ ਇਸ ਅੱਗ ਵਾਲੀ ਵਾਰਦਾਤ ਬਾਰੇ ਕੁੱਝ ਨਾ ਕੁੱਝ ਚਾਨਣਾ ਪਾ ਸਕਦਾ ਹੈ। ਇਸ ਲਈ 1800 333 000 ਤੇ ਫੋਨ ਕਾਲ ਕੀਤੀ ਜਾ ਸਕਦੀ ਹੈ ਅਤੇ ਜਾਂ ਫੇਰ ਪੁਲਿਸ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।