ਪੁਲਿਸ ਪ੍ਰਸ਼ਾਸਨ ਦਾ ਭਵਿੱਖ ਅਤੇ ਸਿਆਸਤ ਦੇ ਘਿਨਾਉਣੇ ਕਾਰੇ

ਇਸ ਬਾਰੇ ਬਹੁਤੇ ਅੰਕੜੇ ਜਾਂ ਘਟਨਾਵਾਂ ਦਾ ਜਿਕਰ ਕਰਕੇ ਗੱਲ ਨੂੰ ਲੰਬਾ ਖਿੱਚਣ ਦੀ ਲੋੜ ਨਹੀਂ ਹੈ ਕਿ ਪਿਛਲੇ ਕੁੱਝ ਅਰਸੇ ਤੋਂ ਕੇਂਦਰ ਅਤੇ ਰਾਜਾਂ ਦੀਆਂ ਕਈ ਸਰਕਾਰਾਂ ਨੇ ਦਰਪੇਸ਼ ਚੁਣੌਤੀਆਂ ਨਾਲ ਤਾਨਾਸ਼ਾਹੀ ਤਰੀਕੇ ਨਾਲ ਨਜਿੱਠਣ ਅਤੇ ਆਪਣੇ ਘਿਨਾਉਣੇ ਮਨਸੂਬਿਆਂ ਹਿਤ ਦੰਗੇ ਕਰਾਉਣ ਲਈ ਅਨੇਕਾਂ ਵਾਰ ਪੁਲਿਸ ਵਿੱਚ ਆਪਣੇ ਭਾੜੇ ਦੇ ਗੁੰਡਿਆਂ ਦੀ ਘੁੱਸਪੈਠ ਕਰਵਾ ਕੇ ਪੁਲਿਸ ਅਤੇ ਵਰਦੀ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ। ਪਹਿਲਾਂ ਇਹ ਵਰਤਾਰਾ ਦੇਰ ਨਾਲ ਸਾਹਮਣੇ ਆਉਂਦਾ ਸੀ ਪਰ ਹੁਣ ਇੰਟਰਨੈੱਟ ਅਤੇ ਸੋਸ਼ਲ ਮੀਡੀਏ ਦੇ ਜ਼ਰੀਏ ਵੀਡੀਓ ਤੇ ਤਸਵੀਰਾਂ ਸਹਿਤ ਅਜਿਹੀਆਂ ਕੋਝੀਆਂ ਚਾਲਾਂ ਤੁਰੰਤ ਵਾਇਰਲ ਹੋ ਜਾਂਦੀਆਂ ਹਨ। ਦੇਸ਼ ਦੇ ਕਾਨੂੰਨ ਬਣਾਉਂਦੀ ਭਾਵੇਂ ਸਰਕਾਰ ਹੈ ਪਰ ਉਸ ਨੂੰ ਲਾਗੂ ਕਰਨ ਦਾ ਜਿਆਦਾਤਰ ਕਾਰਜ ਪੁਲਿਸ ਦੇ ਹਿੱਸੇ ਆਉਂਦਾ ਹੈ ਇਸ ਕਰਕੇ ਲੋਕਾਂ ਅਤੇ ਸਰਕਾਰ ਨੂੰ ਪੁਲਿਸ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ। ਪੁਲਿਸ ਕਿਸੇ ਵੀ ਦੇਸ਼ ਵਿੱਚ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਸਰਗਰਮ ਅਤੇ ਤਾਕਤਵਰ ਭੂਮਿਕਾ ਨਿਭਾਉਂਦੀ ਹੈ। ਉਂਝ ਤਾਂ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਸਰਕਾਰਾਂ ਪੁਲਿਸ ਨੂੰ ਆਪਣੇ ਦੂਸ਼ਿਤ ਮਕਸਦਾਂ ਲਈ ਇੱਛਾ ਅਨੁਸਾਰ ਵਰਤ ਲੈਂਦੀਆਂ ਹਨ। ਪਰ ਭਾਰਤ ਵਿੱਚ ਪਿਛਲੇ ਕੁੱਝ ਸਮੇਂ ਦੌਰਾਨ ਕਈ ਰਾਜਾਂ ਅਤੇ ਕੇਂਦਰ ਦੀਆਂ ਨੇ ਜਿਸ ਤਰਾਂ ਪੁਲਿਸ ਦੀ ਵਰਦੀ ਦੀ ਦੁਰਵਰਤੋਂ ਕਰਕੇ ਪੁਲਿਸ ਦੇ ਅਕਸ ਨੂੰ ਖਰਾਬ ਕੀਤਾ ਹੈ ਉਹ ਬਹੁਤ ਦੁਖਦਾਈ ਹੀ ਨਹੀਂ ਬਲਕਿ ਅਸਹਿਣਯੋਗ ਹੈ।

ਮੈਂ ਇੱਥੇ ਸਪੱਸ਼ਟ ਕਰ ਦੇਵਾਂ ਕਿ ਪੁਲਿਸ ਦੀ ਨੌਕਰੀ ਮੇਰੀ ਪਹਿਲੀ ਪਸੰਦ ਸੀ ਪਰ ਪ੍ਰਾਪਤ ਨਾ ਹੋ ਸਕੀ, ਮੇਰੇ ਬਹੁਤ ਸਾਰੇ ਦੋਸਤ ਤੇ ਰਿਸ਼ਤੇਦਾਰ ਪੁਲਿਸ ਵਿੱਚ ਨੌਕਰੀ ਕਰ ਚੁੱਕੇ ਹਨ ਅਤੇ ਕਰ ਵੀ ਰਹੇ ਹਨ ਅਤੇ ਕਿਓਂਕਿ ਪੁਲਿਸ ਮੁਲਾਜ਼ਮ ਵੀ ਸਾਡੇ ਹੀ ਪੁੱਤ, ਭਤੀਜੇ, ਚਾਚੇ, ਤਾਏ, ਫੁੱਫੜ,ਮਾਮੇ, ਮਾਸੜ ਆਦਿ ਹਨ ਇਸ ਕਰਕੇ ਮੈਂ ਪੁਲਿਸ ਵਰਦੀ ਦੀ ਬਹੁਤ ਕਦਰ ਕਰਦਾ ਹਾਂ ਅਤੇ ਇਸ ਦੀ ਹੁੰਦੀ ਬਦਨਾਮੀ ਦਾ ਦਰਦ ਮਹਿਸੂਸ ਕਰਦਾ ਹਾਂ।

ਪਿਛਲੇ ਦਿਨੀਂ ਦਿੱਲੀ ਸੰਘੂ ਬਾਰਡਰ ਉੱਪਰ ਸਰਕਾਰੀ ਦੰਗੱਈਆਂ ਵਲੋਂ ਸ਼ਾਂਤ ਬੈਠੇ ਕਿਸਾਨਾਂ ਉੱਪਰ ਜੋ ਹਮਲਾ ਕੀਤਾ ਗਿਆ ਉਸ ਦੀਆਂ ਵਾਇਰਲ ਹੋ ਰਹੀਆ ਵੀਡੀਓਜ਼ ਵਿੱਚ ਵੀ ਪੁਲਿਸ ਦਾ ਅਕਸ ਖਰਾਬ ਕਰਨ ਵਾਲਾ ਘਟਨਾਕ੍ਰਮ ਦੇਖਣ ਨੂੰ ਮਿਲਿਆ। ਕਈ ਤਸਵੀਰਾਂ ਅਤੇ ਵੀਡੀਓਜ਼ ਵਿੱਚ ਪੁਲਿਸ ਵਰਦੀ ਵਾਲੇ ਵਿਅਕਤੀ ਨੂੰ ਹੱਥ ਵਿੱਚ ਵੱਟੇ ਫੜਿਆਂ ਅਤੇ ਗੈਰ-ਮਨੁੱਖੀ ਤਸ਼ੱਦਦ ਕਰਦੇ ਦੇਖਿਆ ਗਿਆ ਹੈ। ਹੁਣ ਸੁਆਲ ਇਹ ਪੈਦਾ ਹੋ ਜਾਂਦਾ ਹੈ ਕਿ ਜੇਕਰ ਉਹ ਵਿਅਕਤੀ ਪੁਲਿਸ ਦੇ ਹਨ ਤਾਂ ਇਹ ਬਹੁਤ ਸ਼ਰਮਨਾਕ ਗੱਲ ਹੈ ਅਤੇ ਜੇਕਰ ਉਹ ਅਸਲ ਪੁਲਿਸ ਦੇ ਆਦਮੀਂ ਨਹੀਂ ਹਨ ਤਾਂ ਪੁਲਿਸ ਨੂੰ ਇਸ ਦੀ ਨਿਖੇਧੀ ਕਰ ਕੇ ਤੇ ਅਸਲ ਸੱਚ ਸਾਹਮਣੇ ਲਿਆ ਕੇ ਅਜਿਹੇ ਕਾਰਨਾਮਿਆਂ ਖਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ।

ਇਕ ਆਮ ਬੇਕਸੂਰ ਵਿਅਕਤੀ ਵੀ ਆਪਣੇ ਵਿਰੁੱਧ ਲੱਗੇ ਨਜਾਇਜ਼ ਦੋਸ਼ ਨਾਲ ਤੜਫ਼ ਜਾਂਦਾ ਹੈ ਅਤੇ ਕਈ ਵਾਰ ਕਮਜੋਰ ਵਿਅਕਤੀ ਵੀ ਜਬਰਦਸਤ ਵਿਰੋਧ ਦਰਜ ਕਰਾ ਜਾਂਦਾ ਹੈ। ਪੁਲਿਸ ਯਕੀਨਨ ਉਸ ਦੀਆਂ ਅੱਖਾਂ ਸਾਹਮਣੇ ਹੱਕਾਂ ਪ੍ਰਤੀ ਵਰਤ ਰਹੇ ਅਜਿਹੇ ਵਰ੍ਹਿਆਂ ਤੱਕ ਚੱਲਣ ਵਾਲੇ ਅਨੇਕਾਂ ਵਰਤਾਰਿਆਂ ਤੋਂ ਭਲੀ-ਭਾਂਤ ਵਾਕਿਫ਼ ਹੋਵੇਗੀ। ਜ਼ੁਲਮ ਕਰਨਾ ਅਤੇ ਸਹਿਣਾ ਦੋਵੇਂ ਪਾਪ ਮੰਨੇ ਜਾਂਦੇ ਹਨ ਤਾਂ ਜੋ ਗੁਨਾਹ ਕਰਿਆ ਹੀ ਨਹੀਂ ਉਸ ਦੀ ਨਮੋਸ਼ੀ ਤੇ ਬਦਨਾਮੀ ਵੀ ਪੁਲਿਸ ਨੂੰ ਨਹੀਂ ਝੱਲ ਲੈਣੀ ਚਾਹੀਦੀ। ਇਸ ਗੱਲ ਦੀ ਹੈਰਾਨੀ ਹੋਣਾ ਸੁਭਾਵਿਕ ਹੈ ਕਿ ਪੁਲਿਸ ਇੱਕ ਤਾਕਤਵਰ ਅਤੇ ਸਮਰੱਥ ਧਿਰ ਹੋਣ ਦੇ ਬਾਵਜੂਦ ਉਸ ਬਦਨਾਮੀ ਨੂੰ ਕਿਓਂ ਬਰਦਾਸ਼ਤ ਕਰ ਜਾਂਦੀ ਹੈ। ਇੱਕ ਵੱਡੀ ਪਹੁੰਚ ਅਤੇ ਅਧਿਕਾਰ ਰੱਖਦੀ ਹੋਣ ਦੇ ਬਾਵਜੂਦ ਪੁਲਿਸ ਧੱਬਾ ਲੁਆ ਕੇ ਹਮੇਸ਼ਾ ਚੁੱਪ ਕਿਓਂ ਰਹਿ ਜਾਂਦੀ ਹੈ।

ਇਹ ਗੱਲ ਵੀ ਸਪੱਸ਼ਟ ਹੈ ਕਿ ਪੁਲਿਸ ਹਰ ਥਾਂ ਧੱਕਾ ਨਹੀਂ ਕਰ ਸਕਦੀ ਅਤੇ ਪੁਲਿਸ ਹਰ ਵਾਰ ਦੰਗਿਆਂ ਦਾ ਹਿੱਸਾ ਨਹੀਂ ਹੋ ਸਕਦੀ। ਅਜਿਹੀ ਬਦਨੁਮਾ ਘਟਨਾ ਭਾਵੇਂ ਇੱਕ ਸ਼ਹਿਰ ਜਾਂ ਇਕ ਰਾਜ ਵਿੱਚ ਵਾਪਰਦੀ ਹੈ ਪਰ ਇਸ ਦਾ ਸੇਕ ਤਾਂ ਹਰ ਸ਼ਹਿਰ, ਹਰ ਰਾਜ ਤੇ ਹਰ ਦੇਸ਼ ਦੀ ਪੁਲਿਸ ਤੱਕ ਹੀ ਨਹੀਂ ਬਲਕਿ ਦੁਨੀਆਂ ਦੇ ਸਮੁੱਚੇ ਪੁਲਿਸ ਵਰਗ ਤੱਕ ਪਹੁੰਚਦਾ ਹੈ। ਇਸ ਕਰਕੇ ਮੇਰੀ ਸਾਰੇ ਪੁਲਿਸ ਵਰਗ ਨੂੰ ਬੇਨਤੀ ਹੈ ਕਿ ਆਪਣੇ ਅਤੇ ਆਪਣੇ ਪਰਿਵਾਰ ਦੇ ਸ੍ਵੈ-ਮਾਣ ਅਤੇ ਸਨਮਾਨਯੋਗ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨਾਲ ਸਿਆਸਤ ਵਲੋਂ ਖੇਡੇ ਜਾ ਰਹੇ ਇਸ ਘਿਨਾੳਣੇ ਵਰਤਾਰੇ ਵਿਰੁੱਧ ਆਵਾਜ਼ ਜਰੂਰ ਉਠਾਉਣ ਅਤੇ ਲੋਕਾਂ ਦੀਆਂ ਅਸੀਸਾਂ ਖੱਟਣ। ਆਪਣੀ ਪਰਿਵਾਰਕ ਭਾਵਨਾਂ, ਆਪਣੀ ਨਿੱਜੀ ਸਾਖ਼, ਲੋਕਾਂ ਦੀਆਂ ਉਮੀਦਾਂ ਅਤੇ ਨੌਕਰੀ ਲੈਣ ਸਮੇਂ ਚੁੱਕੀ ਸਹੁੰ ਦੇ ਅਕੀਦੇ ਨੂੰ ਸਾਹਮਣੇ ਰੱਖਦਿਆਂ ਇਹ ਤੁਹਾਡਾ ਫਰਜ ਵੀ ਹੈ ਅਤੇ ਅਧਿਕਾਰ ਵੀ ਹੈ।

(ਸੁਖਵੀਰ ਸਿੰਘ ਕੰਗ) +91 85678-72291

sukhvirsinghkang@gmail.com

Install Punjabi Akhbar App

Install
×