ਪੰਜਾਬੀ ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤ੍ਰਿਵੇਣੀ ਦਵਿੰਦਰ ਬਾਂਸਲ

ਇਸਤਰੀ ਪ੍ਰਮਾਤਮਾ ਦਾ ਸਮਾਜ ਨੂੰ ਦਿੱਤਾ ਬਿਹਤਰੀਨ ਤੋਹਫ਼ਾ ਹੈ। ਸਮਾਜ ਦੀ ਸਿਰਜਣਾ, ਸਥਾਪਤੀ, ਸਲਾਮਤੀ, ਖ਼ੁਸ਼ਹਾਲੀ, ਸੰਜੀਦਗੀ ਅਤੇ ਉਤਪਤੀ ਇਸਤਰੀ ਉਪਰ ਹੀ ਨਿਰਭਰ ਕਰਦੀ ਹੈ। ਇਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਇਸਤਰੀ ਨੂੰ ਅਨੇਕਾਂ ਦੁਸ਼ਾਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦਾ ਇਸਤਰੀ ਦੀ ਮਨੋਦਸ਼ਾ ਤੇ ਗਹਿਰਾ ਪ੍ਰਭਾਵ ਪੈਣਾ ਕੁਦਰਤੀ ਹੈ। ਇਸਤਰੀ ਭਾਵਨਾਵਾਂ ਵਿਚ ਵਹਿਣ ਵਾਲੀ ਹੁੰਦੀ ਹੈ, ਜਿਸ ਕਰ ਕੇ ਜਲਦੀ ਮੁਹੱਬਤ ਦੇ ਮੱਕੜ-ਜਾਲ ਵਿਚ ਫਸ ਜਾਂਦੀ ਹੈ। ਇਸਤਰੀ ਬਾਰੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇਸਤਰੀ ਗੁੰਝਲਦਾਰ ਹੁੰਦੀ ਹੈ ਤੇ ਉਸ ਨੂੰ ਸਮਝਣਾ ਅਸੰਭਵ ਹੈ। ਉਸ ਦੇ ਦਿਲ ਵਿਚ ਕਿਹੜੀਆਂ ਭਾਵਨਾਵਾਂ ਉਸਲਵੱਟੇ ਲੈਂਦੀਆਂ ਰਹਿੰਦੀਆਂ ਹਨ, ਉਨ੍ਹਾਂ ਬਾਰੇ ਜਾਣਨਾ ਕਠਨ ਹੈ। ਇਸਤਰੀ ਹੀ ਇਸਤਰੀ ਦੇ ਦਿਲ ਅੰਦਰ ਝਾਤ ਮਾਰ ਕੇ ਕੁੱਝ ਕੁ ਜਾਣ ਸਕਦੀ ਹੈ। ਕੈਨੇਡਾ ਦੇ ਟਰਾਂਟੋ ਸ਼ਹਿਰ ਵਿਚ ਵੱਸ ਰਹੀ ਪੰਜਾਬੀ ਅਤੇ ਅੰਗਰੇਜ਼ੀ ਦੀ ਕਵਿੱਤਰੀ ਦਵਿੰਦਰ ਬਾਂਸਲ ਇਸਤਰੀਆਂ ਦੀ ਅੰਤਰੀਵ ਮਨੋਦਸ਼ਾ ਦੀਆਂ ਪਰਤਾਂ ਆਪਣੀਆਂ ਕਵਿਤਾਵਾਂ ਵਿਚ ਖੋਲ੍ਹਦੀ ਹੈ। ਇਸੇ ਕਰ ਕੇ ਦਵਿੰਦਰ ਬਾਂਸਲ ਨੂੰ ਇਸਤਰੀ ਸਰੋਕਾਰਾਂ ਦੀ ਕਵਿੱਤਰੀ ਕਿਹਾ ਜਾ ਸਕਦਾ ਹੈ। ਦਵਿੰਦਰ ਬਾਂਸਲ ਦਾ ਕਿਤਾ ਨਰਸਿੰਗ ਅਜਿਹਾ ਹੈ, ਜਿਸ ਦਾ ਹਮੇਸ਼ਾ ਇਸਤਰੀਆਂ ਨਾਲ ਵਾਹ ਪੈਂਦਾ ਹੈ। ਉਹ ਪਰਿਵਾਰਿਕ ਮਸਲਿਆਂ ਦੇ ਨਿਪਟਾਰੇ ਲਈ ਟਰਾਂਟੋ ਪੁਲਿਸ ਨਾਲ ਵਲੰਟੀਅਰ ਦੇ ਤੌਰ ਤੇ ਵੀ ਲੰਮੇ ਸਮੇਂ ਤੋਂ ਕੰਮ ਕਰਦੀ ਆ ਰਹੀ ਹੈ। ਇਸ ਲਈ ਉਹ ਆਪਣੇ ਫ਼ਰਜ਼ ਨਿਭਾਉਂਦਿਆਂ ਇਸਤਰੀਆਂ ਦੇ ਅੰਦਰ ਵੜ੍ਹ ਕੇ ਉਨ੍ਹਾਂ ਦੀਆਂ ਉਲਝਣਾਂ ਨੂੰ ਭਾਵਨਾਵਾਂ ਦੇ ਵਹਿਣ ਵਿਚ ਵਹਾਅ ਕੇ ਉਨ੍ਹਾਂ ਦੇ ਮਨਾਂ ਦੀਆਂ ਤ੍ਰਾਸਦੀਆਂ ਨੂੰ ਗੰਭੀਰਤਾ ਨਾਲ ਲੈਂਦੀ ਹੋਈ ਜਾਣਕਾਰੀ ਪ੍ਰਾਪਤ ਕਰਦੀ ਰਹਿੰਦੀ ਹੈ। ਫਿਰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕਵਿਤਾਵਾਂ ਵਿਚ ਮਾਲਾ ਦੇ ਮੋਤੀਆਂ ਦੀ ਤਰ੍ਹਾਂ ਪ੍ਰੋ ਦਿੰਦੀ ਹੈ। ਉਸ ਦੀ ਕਮਾਲ ਇਹ ਹੈ ਕਿ ਉਹ ਇਸਤਰੀ ਦੀਆਂ ਅੰਤਰੀਵ ਭਾਵਨਾਵਾਂ ਨੂੰ ਰੁਮਾਂਸਵਾਦ ਦੀ ਪਿਉਂਦ ਨਾਲ ਕਵਿਤਾ ਦਾ ਰੂਪ ਦੇ ਕੇ ਆਪਣੇ ਮਨ ਦਾ ਭਾਰ ਲਾਹ ਲੈਂਦੀ ਹੈ। ਉਹ ਇਸਤਰੀਆਂ ਦੀਆਂ ਭਾਵਨਾਵਾਂ ਨੂੰ ਆਪਣੀਆਂ ਪੇਂਟਿੰਗ ਵਿਚ ਵੀ ਪ੍ਰਗਟਾਅ ਦਿੰਦੀ ਹੈ। ਵੈਸੇ ਤਾਂ ਦਵਿੰਦਰ ਬਾਂਸਲ ਦੀਆਂ ਸਾਰੀਆਂ ਹੀ ਕਵਿਤਾਵਾਂ ਇਸਤਰੀਆਂ ਦੀਆਂ ਭਾਵਨਾਵਾਂ ਨੂੰ ਕਵਿਤਾਵਾਂ ਰਾਹੀਂ ਦਰਸਾ ਕੇ ਇਨਸਾਨੀ ਮਨਾਂ ਨੂੰ ਕੁਰੇਦਦੀਆਂ ਹਨ ਪ੍ਰੰਤੂ ਉਸ ਦੀ ਤੜਪ ਸਿਰਲੇਖ ਵਾਲੀ ਕਵਿਤਾ ਦਾ ਇੱਕ ਬੰਦ ਜੋ ਇਸਤਰੀ ਦੀ ਵੇਦਨਾ ਦਾ ਪ੍ਰਗਟਾਵਾ ਕਰਦਾ ਹੈ ਇਸ ਪ੍ਰਕਾਰ ਹੈ-

ਕੋਈ ਵੀ ਮੇਰੇ ਦਰਦ ਨੂੰ ਨਹੀਂ ਜਾਣਦਾ, ਮੇਰੀ ਰੂਹ ਪਿੰਜੀ ਜਾ ਚੁੱਕੀ ਹੈ।
ਮੇਰਾ ਜਿਸਮ ਟੁਕੜੇ ਟੁਕੜੇ ਹੋ ਚੁੱਕਾ ਹੈ, ਮੇਰੇ ਜ਼ਖ਼ਮਾਂ ਦੀ ਪੀੜਾ ਮੇਰੀ ਰੂਹ ਨੂੰ।
ਵਿੰਨ੍ਹ ਵਿੰਨ੍ਹ ਕੇ ਛਾਨਣਾ ਕਰਦੀ ਰਹਿੰਦੀ ਹੈ….।
ਇੱਕ ਹੋਰ ਹੋਂਦ ਸਿਰਲੇਖ ਵਾਲੀ ਕਵਿਤਾ ਵਿਚ ਉਹ ਇਸਤਰੀ ਤੋਂ ਵਿਦਰੋਹ ਕਰਵਾਉਂਦੀ ਹੋਈ ਲਿਖਦੀ ਹੈ-
ਮੇਰੇ ਬੇਬਸ ਭਟਕ ਰਹੇ ਮਨ, ਪਲ ਪਲ ਤਿੜਕ ਰਹੀ।
ਆਪਣੀ ਹੋਂਦ ਦਾ ਨਕਸ਼ਾ ਦੇਖ, ਮੈਂ ਕਦ ਤੱਕ ਇੰਞ ਹੀ ਧੂਫ਼ ਵਾਂਗ ਧੁਖਦੀ ਰਹਾਂਗੀ?
ਪਰ ਮੈਂ ਜਾਣਦੀ ਹਾਂ, ਮੇਰੇ ਰੋਗ ਦਾ ਦਾਰੂ।
ਮੇਰੇ ਆਪਣੇ ਹੀ ਕੋਲ ਹੈ, ਮੇਰੇ ਮਨ ਦੀ ਕਿਸੇ ਨੁੱਕਰ ‘ਚ।
ਸੁਲਗ ਰਹੇ ਕੁੱਝ ਸ਼ਬਦਾਂ ਦੇ ਅਰਥਾਂ ‘ਚ।

ਉਹ ਪੰਜਾਬੀ ਵਿਰਾਸਤ ਦੀ ਪੇਂਟਿੰਗਜ਼ ਵੀ ਕਰਦੀ ਹੈ। ਕੋਈ ਇਨਸਾਨ ਭਾਵੇਂ ਗੁਣਾਂ ਦੀ ਗੁਥਲੀ ਕਿਉਂ ਨਾ ਹੋਵੇ ਪ੍ਰੰਤੂ ਸਮਾਜ ਵਿਚ ਉਸ ਦੀ ਪਹਿਚਾਣ ਕਿਸੇ ਇੱਕ ਗੁਣ ਕਰ ਕੇ ਹੀ ਹੁੰਦੀ ਹੈ। ਕੈਨੇਡਾ ਵਿਚ ਜੀਵਨ ਦਾ ਆਨੰਦ ਮਾਣ ਰਹੀ ਪੰਜਾਬੀ ਦੀ ਬਹੁਪੱਖੀ ਅਤੇ ਬਹੁਮੁਖੀ ਕਵਿੱਤਰੀ ਦਵਿੰਦਰ ਬਾਂਸਲ ਅਜਿਹੀ ਵਿਕੋਲਿਤਰੀ ਇਸਤਰੀ ਕਵਿੱਤਰੀ ਹੈ, ਜਿਸ ਦੀ ਪਹਿਚਾਣ ਇੱਕ ਨਹੀਂ ਸਗੋਂ ਅਨੇਕ ਗੁਣਾਂ ਕਰ ਕੇ ਬਣੀ ਹੋਈ ਹੈ। ਉਸ ਨੂੰ ਪੰਜਾਬੀ ਵਿਰਾਸਤ, ਸਾਹਿੱਤ ਅਤੇ ਕੋਮਲ ਕਲਾਵਾਂ ਦੀ ਤ੍ਰਿਵੇਣੀ ਵੀ ਕਿਹਾ ਜਾ ਸਕਦਾ ਹੈ। ਅਚੰਭਾ ਇਸ ਗੱਲ ਦਾ ਹੈ ਕਿ ਉਹ ਜੰਮੀ ਅਤੇ ਪਲ਼ੀ ਕੀਨੀਆ ਵਿਚ, ਪੜ੍ਹਾਈ ਕੀਤੀ ਇੰਗਲੈਂਡ ਅਤੇ ਕੈਨੇਡਾ ਤੋਂ ਅਤੇ ਬਾਕੀ ਸਾਰੀ ਉਮਰ ਕੈਨੇਡਾ ਵਿਚ ਨੌਕਰੀ ਕਰਦੇ ਹੋਏ ਜੀਵਨ ਗੁਜ਼ਾਰਿਆ ਹੈ ਪ੍ਰੰਤੂ ਉਸ ਦਾ ਪਹਿਰਾਵਾ, ਸੁਡੌਲ ਕੱਦ ਕਾਠ, ਇੱਲ੍ਹ ਦੇ ਆਂਡੇ ਵਰਗੀ ਅੱਖ, ਹਸਮੁਖ ਮੁਹਾਂਦਰਾ, ਗਹਿਣਿਆਂ ਵਿਚ ਲਿਪਟੀ ਹੋਈ ਅਤੇ ਦਿਲਕਸ਼ ਦਿੱਖ ਵਿਚੋਂ ਪੰਜਾਬਣ ਮੁਟਿਆਰ ਦਾ ਸੁਹੱਪਣ ਲਟ ਲਟ ਝਲਕਦਾ ਹੈ। ਸਹਿਜ ਸੁਭਾਅ ਪਹਿਲੀ ਨਜ਼ਰੇ ਵੇਖਣ ਵਾਲੇ ਨੂੰ ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਦਵਿੰਦਰ ਬਾਂਸਲ ਪੰਜਾਬੀ ਵਿਰਾਸਤ ਨੂੰ ਆਪਣੇ ਮੋਢਿਆਂ ਤੇ ਚੁੱਕੀ ਫਿਰਦੀ ਹੋਈ ਪੰਜਾਬੀ ਸਭਿਆਚਾਰ ਦੀ ਪ੍ਰਤੀਕ ਹੋਵੇ। ਕਿਉਂਕਿ ਉਸ ਦੇ ਪਹਿਰਾਵੇ ਉਪਰ ਪੰਜਾਬੀ ਮੋਟਿਫ ਅਤੇ ਕੰਨਾ, ਗਲ ਤੇ ਹੱਥਾਂ ਵਿਚ ਪਹਿਨੇ ਹੋਏ ਗਹਿਣੇ ਪੰਜਾਬੀ ਵਿਰਾਸਤ ਦਾ ਪ੍ਰਤੀਕ ਲੱਗਦੇ ਹਨ। ਪੰਜਾਬੀ ਵਿਰਾਸਤ ਨਾਲ ਸੰਬੰਧਿਤ ਕੋਈ ਅਜਿਹਾ ਗਹਿਣਾ ਨਹੀਂ, ਜਿਹੜਾ ਉਹ ਪਹਿਨਦੀ ਨਾ ਹੋਵੇ। ਜਿਵੇਂ ਵੰਗਾਂ, ਪਰਾਂਦੇ, ਬੁੰਦੇ, ਝੁਮਕੇ, ਕੰਗਣ, ਹਾਰ, ਦੌਣੀ, ਟਿੱਕਾ ਪੱਤਾ ਆਦਿ। ਇਉਂ ਲਗਦਾ ਜਿਵੇਂ ਜ਼ੇਵਰ ਪਹਿਨਣਾ ਤੇ ਇਕੱਠੇ ਕਰਨਾ ਉਸ ਦਾ ਸ਼ੌਕ ਹੋਵੇ। ਜੇਕਰ ਦਵਿੰਦਰ ਬਾਂਸਲ ਦੇ ਰੈਣ ਬਸੇਰੇ ਦੀ ਗੱਲ ਕਰੀਏ ਤਾਂ ਉਹ ਕਿਸੇ ਅਜਾਇਬ ਘਰ ਦਾ ਭੁਲੇਖਾ ਪਾਉਂਦਾ ਹੈ।
ਦਵਿੰਦਰ ਬਾਂਸਲ ਅਤੇ ਉਸ ਦਾ ਪਤੀ ਦੋਵੇਂ ਪਰਿਵਾਰਿਕ ਅਤੇ ਸਮਾਜਿਕ ਸਮਾਗਮਾਂ ਵਿਚ ਸੰਗੀਤ ਦੀ ਤਾਲ ਤੇ ਨੱਚਦੇ ਵਿਖਾਈ ਦਿੰਦੇ ਹਨ। ਕੁੱਝ ਲੋਕ ਉਨ੍ਹਾਂ ਦੇ ਇਸ ਤਰ੍ਹਾਂ ਨ੍ਰਿਤ ਕਰਨ ਤੇ ਖ਼ਾਰ ਵੀ ਖਾਂਦੇ ਹਨ ਪ੍ਰੰਤੂ ਇਹ ਜੋੜਾ ਮਸਤ ਹਾਥੀ ਦੀ ਤਰ੍ਹਾਂ ਜ਼ਿੰਦਗੀ ਦਾ ਆਨੰਦ ਮਾਣਨ ਵਿਚ ਯਕੀਨ ਰੱਖਦਾ ਹੋਇਆ ਨੱਚਦਾ ਟੱਪਦਾ ਰਹਿੰਦਾ ਹੈ। ਸੰਗੀਤ ਦਵਿੰਦਰ ਬਾਂਸਲ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੈ। ਉਹ ਹਰ ਦੁੱਖ ਸੁਖ ਦੇ ਸਮੇਂ ਨੂੰ ਮਾਣਨ ਵਿਚ ਵਿਸ਼ਵਾਸ ਰੱਖਦੀ ਹੈ। ਉਸ ਦੀਆਂ ਕਵਿਤਾਵਾਂ ਵਿਚੋਂ ਵੀ ਪੰਜਾਬੀ ਸਭਿਆਚਾਰ ਦੀ ਝਲਕ ਮਾਰਦੀ ਹੈ। ਇੱਥੇ ਹੀ ਬੱਸ ਨਹੀਂ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਹ ਸਾਰਾ ਕੁੱਝ ਉਸ ਨੇ ਕਿਥੋਂ ਤੇ ਕਿਵੇਂ ਗ੍ਰਹਿਣ ਕੀਤਾ ਕਿਉਂਕਿ ਪੰਜਾਬ ਵਿਚ ਤਾਂ ਸਿਰਫ਼ ਇਸ਼ਕ ਵਿਚ ਰੱਤੀ ਹੋਈ ਦਵਿੰਦਰ ਬਾਂਸਲ ਨੇ ਬਗ਼ਾਵਤ ਦੇ ਰੌਂ ਵਿਚ ਆਪਣੇ ਮਨਪਸੰਦ ਦੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਹੀ ਭਲਵਾਨੀ ਗੇੜਾ ਮਾਰਿਆ ਸੀ। ਗੁਣਾਂ ਦੀ ਗੁਥਲੀ ਦਵਿੰਦਰ ਬਾਂਸਲ ਕੋਮਲ ਕਲਾਵਾਂ ਨੂੰ ਪ੍ਰਣਾਈ ਹੋਈ ਹੈ, ਜਿਹੜੀ ਪੇਂਟਿੰਗ ਕਰਨ ਦਾ ਸ਼ੌਕ ਹੀ ਨਹੀਂ ਰੱਖਦੀ ਸਗੋਂ ਪੰਜਾਬੀ ਸਭਿਆਚਾਰ ਨਾਲ ਵਿਚ ਗੜੁਚ ਹੈ।
ਉਸ ਨੇ ਆਪਣੀ ਇੱਕ ਪੁਸਤਕ ”ਮੇਰੀਆਂ ਝਾਂਜਰਾਂ ਦੀ ਛਣਛਣ” ਨਿਵੇਕਲੀ ਕਿਸਮ ਦੀ ਪ੍ਰਕਾਸ਼ਿਤ ਕਰਵਾਈ ਹੈ। 129 ਪੰਨਿਆਂ ਦੀ 300 ਰੁਪਏ ਕੀਮਤ ਵਾਲੀ ਅਸਥੈਟਿਕ ਪਬਲੀਕੇਸ਼ਨਜ਼ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ, ਇਹ ਪੁਸਤਕ ਸ਼ਾਇਦ ਆਪਣੀ ਕਿਸਮ ਦੀ ਪਹਿਲੀ ਪੁਸਤਕ ਹੈ, ਜਿਸ ਵਿਚ 30 ਕਵਿਤਾਵਾਂ, ਸਿਮ੍ਰਿਤੀਆਂ ਅਤੇ ਸਾਰੀਆਂ ਕਵਿਤਾਵਾਂ ਦੇ ਨਾਲ ਉਸ ਨੇ ਆਪ ਪੇਂਟ ਕੀਤੇ ਚਿੱਤਰ ਲਗਾਏ ਹਨ। ਸਿਮ੍ਰਿਤੀਆਂ ਵਿਚ ਟਰਾਂਟੋ ਪੁਲਿਸ ਕੋਲ ਪਰਿਵਾਰਿਕ ਮਸਲਿਆਂ ਦੇ ਆਏ ਕੇਸਾਂ ਵਿਚ ਜਿਹੜੀਆਂ ਇਸਤਰੀਆਂ ਨਾਲ ਉਸ ਨੇ ਕੌਂਸਲਿੰਗ ਦੌਰਾਨ ਪ੍ਰਭਾਵ ਇਕੱਤਰ ਕੀਤੇ ਸਨ, ਉਨ੍ਹਾਂ ਦੇ ਆਧਾਰ ਤੇ ਜਾਣਕਾਰੀ ਦਿੱਤੀ ਗਈ ਹੈ। ਉਹ ਇਹ ਵੀ ਕਹਿੰਦੀ ਹੈ ਕਿ ਸਾਰੇ ਸੰਸਾਰ ਵਿਚ ਇਸਤਰੀਆਂ ਨਾਲ ਅਜਿਹੇ ਵਿਵਹਾਰ ਹੁੰਦੇ ਹਨ। ਕਵਿਤਾਵਾਂ ਨਾਲ ਲਗਾਏ ਗਏ ਇਹ ਚਿੱਤਰ ਆਪਣੇ ਆਪ ਵਿਚ ਹੀ ਕਵਿਤਾ ਦੇ ਅਰਥ ਪ੍ਰਗਟਾਉਂਦੇ ਹਨ। ਇਨ੍ਹਾਂ ਚਿੱਤਰਾਂ ਦਾ ਇੱਕ ਸੁਖਦ ਪਹਿਲੂ ਇਹ ਵੀ ਹੈ ਕਿ ਇਹ ਜਿੱਥੇ ਇਸਤਰੀ ਦੀ ਕਸ਼ਮਕਸ਼ ਅਤੇ ਜੱਦੋ-ਜਹਿਦ ਦਾ ਪ੍ਰਗਟਾਵਾ ਕਰਦੇ ਹਨ, ਉਥੇ ਨਾਲ ਹੀ ਉਸਾਰੂ ਪੱਖ ਵੀ ਵਿਚੋਂ ਝਲਕਦਾ ਹੈ। ਇਹ ਸਾਰੀਆਂ ਕਵਿਤਾਵਾਂ ਮਰਦ ਅਤੇ ਔਰਤ ਦੇ ਆਪਸੀ ਸੰਬੰਧਾਂ ਦੀ ਖਟਾਸ ਬਾਰੇ ਲਿਖੀਆਂ ਗਈਆਂ ਹਨ। ਭਾਵ ਔਰਤ ਆਪਣੀ ਵਿਆਹੁਤਾ ਅਤੇ ਸਮਾਜਿਕ ਜੀਵਨ ਵਿਚ ਮਰਦ ਦੇ ਹੱਥੋਂ ਕਿਸ ਤਰ੍ਹਾਂ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਗ ਪ੍ਰੇਸ਼ਾਨ ਕੀਤੀ ਜਾਂਦੀ ਹੈ। ਉਸ ਦੀਆਂ ਭਾਵਨਾਵਾਂ ਨਾਲ ਮਰਦ ਕਿਵੇਂ ਖਿਲਵਾੜ ਕਰਦਾ ਹੈ, ਉਨ੍ਹਾਂ ਬਾਰੇ ਦਵਿੰਦਰ ਬਾਂਸਲ ਨੇ ਥੋੜ੍ਹੇ ਸ਼ਬਦਾਂ ਵਿਚ ਅਰਥ ਭਰਪੂਰ ਕਵਿਤਾਵਾਂ ਲਿਖੀਆਂ ਹਨ। ਉਸ ਦੀ ਅੱਖਾਂ ਸਿਰਲੇਖ ਵਾਲੀ ਕਵਿਤਾ ਇਸਤਰੀ ਦੀ ਤ੍ਰਾਸਦੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ-

ਜ਼ਿੰਦਗੀ ਦੇ ਉਦਾਸ ਰਾਹਾਂ ਤੇ ਤੁਰਦਿਆਂ, ਵਰ੍ਹਿਆਂ ਤੋਂ ਲੱਭ ਰਹੀ ਹਾਂ।
ਉਨ੍ਹਾਂ ਅਪਣੱਤ ਭਰੀਆਂ ਅੱਖਾਂ ਨੂੰ, ਜੋ ਇੱਕ ਵਾਰ ਨਜ਼ਰ ਭਰ ਕੇ ਵੇਖ ਸਕਣ ।
ਮੇਰੇ ਦਿਲ ‘ਚੋਂ ਤ੍ਰਿਪ ਤ੍ਰਿਪ ਚੋਂਦੇ, ਲਹੂ ਦੇ ਤੁਪਕਿਆਂ ਨੂੰ।

ਕਵਿੱਤਰੀ ਨੇ ਆਪਣੀਆਂ ਕਵਿਤਾਵਾਂ ਵਿਚ ਇਸਤਰੀ ਨੂੰ ਮਰਦਾਂ ਵੱਲੋਂ ਪੈਦਾ ਕੀਤੀਆਂ ਚੁਣੌਤੀਆਂ ਦਾ ਬਹਾਦਰੀ ਨਾਲ ਮੁਕਾਬਲਾ ਕਰ ਕੇ ਆਪਣੀਆਂ ਭਾਵਨਾਵਾਂ ਨੂੰ ਸੰਤੁਸ਼ਟ ਕਰਨ ਦੀ ਪ੍ਰੇਰਨਾ ਵੀ ਦਿੱਤੀ ਹੈ। ਔਰਤ ਨੂੰ ਦੁਨੀਆ ਕੀ ਕਹੇਗੀ ਇਸ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਔਰਤ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਹੀ ਨਹੀਂ ਜੀਅ ਸਕਦੀ ਫਿਰ ਉਸ ਨੇ ਸਮਾਜ ਤੋਂ ਕੀ ਲੈਣਾ ਹੈ। ਜਿਸ ਸਮਾਜ ਨੂੰ ਉਸ ਨੇ ਪੈਦਾ ਕੀਤਾ ਹੈ। ਉਸ ਨੂੰ ਸਮਾਜ ਵਿਚ ਆਪਣੇ ਆਪ ਨੂੰ ਚੰਗੀ ਕਹਾ ਕੇ ਅਤੇ ਮਰਦ ਦੀ ਵਿਸ਼ਵਾਸ ਪਾਤਰ ਬਣ ਕੇ ਆਪਣੀਆਂ ਭਾਵਨਾਵਾਂ ਦਾ ਕਤਲ ਨਹੀਂ ਕਰਨਾ ਚਾਹੀਦਾ। ਉਸ ਨੇ ਇਹ ਵੀ ਦੱਸਿਆ ਹੈ ਕਿ ਸਾਡਾ ਸਮਾਜ ਇਸਤਰੀ ਨੂੰ ਬਚਪਨ ਤੋਂ ਹੀ ਇਹ ਸਿੱਖਿਆ ਦਿੰਦਾ ਹੈ ਕਿ ਉਹ ਮਰਦ ਤੋਂ ਕਮਜ਼ੋਰ ਹੈ। ਉਸ ਨੇ ਮਰਦ ਦੇ ਅਧੀਨ ਨਿਮਰਤਾ ਨਾਲ ਜੀਵਨ ਬਸਰ ਕਰਨਾ ਹੈ, ਜਿਸ ਕਰ ਕੇ ਇਸਤਰੀਆਂ ਆਪਣੀ ਆਵਾਜ਼ ਬੁਲੰਦ ਨਹੀਂ ਕਰਦੀਆਂ, ਸਗੋਂ ਰਿਸ ਰਿਸ ਕੇ ਮਰਦੀਆਂ ਰਹਿੰਦੀਆਂ ਹਨ। ਅਣਜੋੜ ਵਿਆਹ, ਮਰਦਾਵਾਂ ਕਮਜ਼ੋਰੀ ਅਤੇ ਦਾਜ ਵਰਗੇ ਵਿਸ਼ਿਆਂ ਤੇ ਵੀ ਉਸ ਨੇ ਕਵਿਤਾਵਾਂ ਲਿਖੀਆਂ ਹਨ। ਉਹ ਆਪਣੀਆਂ ਕਵਿਤਾਵਾਂ ਵਿਚ ਔਰਤ ਨੂੰ ਔਰਤ ਦੀ ਦੁਸ਼ਮਣ ਕਹਿੰਦੀ ਹੈ। ਉਹ ਇਹ ਵੀ ਮੰਨਦੀ ਹੈ ਕਿ ਬਹੁਤੇ ਮਰਦ ਔਰਤਾਂ ਨਾਲ ਦੁਰਵਿਵਹਾਰ ਕਰਦੇ ਹਨ। ਕੁੱਝ ਕੁ ਇਸਤਰੀਆਂ ਵੀ ਖੇਖਣਹਾਰੀਆਂ ਹੁੰਦੀਆਂ ਹਨ। ਇੱਕ ਕਿਸਮ ਨਾਲ ਉਸ ਦੀਆਂ ਕਵਿਤਾਵਾਂ ਇਸਤਰੀ ਨੂੰ ਮਰਦਾਂ ਦੇ ਗੈਰ ਮਨੁੱਖੀ ਵਿਵਹਾਰ ਵਿਰੁੱਧ ਬਗ਼ਾਵਤ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ।
ਪੰਜਾਬੀ ਭਾਸ਼ਾ ਨੂੰ ਅਜੋਕੀ ਨੌਜਵਾਨੀ ਵੱਲੋਂ ਤਿਲਾਂਜਲੀ ਦੇਣ ਦਾ ਰਾਮ ਰੌਲਾ ਪੈਂਦਾ ਰਹਿੰਦਾ ਹੈ ਪ੍ਰੰਤੂ ਹੈਰਾਨੀ ਵਾਲੀ ਗੱਲ ਹੈ ਕਿ ਦਵਿੰਦਰ ਬਾਂਸਲ ਨੇ ਰਵਾਇਤੀ ਢੰਗ ਨਾਲ ਨਾ ਕਦੇ ਪੰਜਾਬੀ ਪੜ੍ਹੀ ਹੈ ਤਾਂ ਵੀ ਉਹ ਪੰਜਾਬੀ ਵਿਚ ਪ੍ਰਦੇਸ ਵਿਚ ਬੈਠਿਆਂ ਕਵਿਤਾਵਾਂ ਲਿਖ ਰਹੀ ਹੈ। ਉਸ ਨੇ ਮਾੜੀ ਮੋਟੀ ਪੰਜਾਬੀ ਪ੍ਰਵਾਸ ਵਿਚ ਹੀ ਖ਼ਾਲਸਾ ਸਕੂਲਾਂ ਵਿਚ ਸਿੱਖੀ ਹੈ। ਦਵਿੰਦਰ ਬਾਂਸਲ ਪੰਜਾਬੀ, ਹਿੰਦੀ, ਅੰਗਰੇਜ਼ੀ, ਗੁਜਰਾਤੀ, ਉਰਦੂ, ਸਵਾਹਿਲੀ (ਅਫ਼ਰੀਕੀ), ਜਰਮਨ ਅਤੇ ਫਰੈਂਚ ਭਾਸ਼ਾਵਾਂ ਦੀ ਗਿਆਤਾ ਹੈ। ਉਹ ਅੰਗਰੇਜ਼ੀ ਅਤੇ ਪੰਜਾਬੀ ਵਿਚ ਕਵਿਤਾਵਾਂ ਲਿਖਦੀ ਹੈ। ਉਸ ਦੇ ਸਾਹਿੱਤਿਕ ਸ਼ੌਕ ਕਰ ਕੇ ਉਹ ਪੰਜਾਬੀ ਦੇ ਇੱਕ ਮੈਗਜ਼ੀਨ ਦੀ ਆਨਰੇਰੀ ਸੰਪਾਦਕੀ ਵੀ ਕਰਦੀ ਰਹੀ ਹੈ।
ਦਵਿੰਦਰ ਬਾਂਸਲ ਦਾ ਜਨਮ 20 ਅਕਤੂਬਰ 1952 ਨੂੰ ਕੀਨੀਆ ਦੇ ਨੈਰੋਬੀ ਸ਼ਹਿਰ ਵਿਚ ਹੋਇਆ ਸੀ। ਮੁੱਢਲੀ ਪੜ੍ਹਾਈ ਉਸ ਨੇ ਕੀਨੀਆ ਵਿਚ ਹੀ ਕੀਤੀ। ਅਜੇ ਉਹ ੧੬ ਸਾਲ ਦੀ ਹੀ ਸੀ ਕਿ 1968 ਵਿਚ ਉਨ੍ਹਾਂ ਦਾ ਪਰਿਵਾਰ ਇੰਗਲੈਂਡ ਆ ਕੇ ਵੱਸ ਗਿਆ। ਇੰਗਲੈਂਡ ਵਿਚ ਆ ਕੇ ਆਪ ਨੇ ਹਾਇਰ ਸੈਕੰਡਰੀ ਅਤੇ ਗ੍ਰੈਜੂਏਸ਼ਨ ਪਾਸ ਕੀਤੀਆਂ। ਆਪ ਦਾ ਪਰਿਵਾਰ ਕੈਨੇਡਾ ਆ ਗਿਆ। ਫਿਰ ਆਪ ਨੇ ਮਿਡ ਵਾਈਫ਼ ਅਤੇ ਨਰਸਿੰਗ ਦੇ ਕੋਰਸ ਕੀਤੇ। ਔਰਤਾਂ ਅਤੇ ਬੱਚਿਆਂ ਨਾਲ ਸੰਬੰਧਿਤ ਉਸ ਨੇ ਕਈ ਹੋਰ ਕੋਰਸ ਕੀਤੇ ਹਨ। ਇੱਥੇ ਹੀ ਨੌਕਰੀ ਕਰ ਲਈ। ਪਿਛਲੇ 45 ਸਾਲਾਂ ਤੋਂ ਉਹ ਕੈਨੇਡਾ ਵਿਚ ਰਹਿ ਰਹੀ ਹੈ। ਕੈਨੇਡਾ ਵਿਚ ਇਸਤਰੀਆਂ ਦੇ ਰੇਡੀਉ ਪ੍ਰੋਗਰਾਮਾਂ ਵਿਚ ਉਹ ਹਿੱਸਾ ਲੈਂਦੀ ਆ ਰਹੀ ਹੈ। ਇਸ ਤੋਂ ਇਲਾਵਾ ਉਹ ਇਸਤਰੀਆਂ, ਬੱਚਿਆਂ ਅਤੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਅਤੇ ਉਨ੍ਹਾਂ ਦੇ ਪਰਿਵਾਰਿਕ ਮਸਲਿਆਂ ਨਾਲ ਸੰਬੰਧਿਤ ਸੰਸਥਾਵਾਂ ਵਿਚ ਵਲੰਟੀਅਰ ਦੇ ਤੌਰ ਤੇ ਸੇਵਾਵਾਂ ਦੇ ਰਹੀ ਹੈ। ਉਸ ਦੀ ਇੱਕ ਹੋਰ ਵਿਲੱਖਣ ਗੱਲ ਹੈ ਕਿ ਉਹ ਪੰਜਾਬੀ, ਅਫ਼ਰੀਕੀ ਅਤੇ ਕੈਨੇਡਾ ਦੇ ਸਭਿਆਚਾਰਾਂ ਬਾਰੇ ਪੂਰੀ ਤਰ੍ਹਾਂ ਬਾ-ਵਸਤਾ ਹੈ। ਉਹ ਇਨ੍ਹਾਂ ਸਭਿਆਚਾਰਾਂ ਨਾਲ ਸੰਬੰਧਿਤ ਸਾਰੇ ਸਮਾਗਮਾਂ ਵਿਚ ਸੂਤਰਧਾਰ ਹੁੰਦੀ ਹੈ। ਉਹ ਦਬੰਗ ਕਿਸਮ ਦੀ ਦਲੇਰ ਇਸਤਰੀ ਕਵਿੱਤਰੀ ਹੈ। ਦਵਿੰਦਰ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਖ਼ਾਸ ਤੌਰ ਤੇ ਆਪਣੇ ਪਤੀ ਕਸ਼ਮੀਰ ਦੇ ਸਿਰ ਬੰਨ੍ਹਦੀ ਹੈ। ਉਸ ਨੂੰ ਬਹੁਤ ਸਾਰੇ ਮਾਨ ਸਨਮਾਨ ਮਿਲੇ ਹਨ, ਜਿਨ੍ਹਾਂ ਵਿਚ ਟਰਾਂਟੋ ਸਿਟੀ ਕੌਂਸਲ ਵੱਲੋਂ ਉਸ ਦੀਆਂ ਸੇਵਾਵਾਂ ਕਰ ਕੇ 2001 ਵਿਚ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ 2003 ਵਿਚ ਆਪ ਨੂੰ ਸਰਵੋਤਮ ਕੈਨੇਡੀਅਨ ਕਮਿਊਨਿਟੀ ਸਰਵਿਸਜ ਲਈ ਸਨਮਾਨਿਤ ਕੀਤਾ ਗਿਆ। ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਓਨਟਾਰੀਓ ਨੇ 2014 ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅੰਤਰਰਾਸ਼ਟਰੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਸੀ।
ਆਸ ਕੀਤੀ ਜਾ ਸਕਦੀ ਹੈ ਕਿ ਇਹ ਕਵਿੱਤਰੀ ਭਵਿੱਖ ਵਿਚ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਰਾਹੀਂ ਇਸਤਰੀਆਂ ਦੀ ਰਹਿਨੁਮਾਈ ਕਰਦੀ ਹੋਈ ਨਵੀਆਂ ਪੈੜਾਂ ਪਾਵੇਗੀ।

(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)

Install Punjabi Akhbar App

Install
×