ਪ੍ਰਧਾਨ ਮੰਤਰੀ ਨੇ ਕੀਤਾ ਹੜ੍ਹ ਮਾਰੇ ਖੇਤਰਾਂ ਦਾ ਦੌਰਾ, ਰਾਹਤ ਪੈਕਜਾਂ ਦਾ ਐਲਾਨ

ਪੱਛਮੀ ਅਸਟ੍ਰੇਲੀਆ ਦੇ ਕਿੰਬਰਲੇ ਖੇਤਰ ਵਿੱਚ, ਜੋ ਕਿ ਹੜ੍ਹਾਂ ਕਾਰਨ ਕਾਫੀ ਪ੍ਰਭਾਵਿਤ ਹੋਇਆ ਹੈ, ਦਾ ਦੌਰਾ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕੀਤਾ ਅਤੇ ਕਈ ਤਰ੍ਹਾਂ ਦੇ ਰਾਹਤ ਪੈਕਜਾਂ ਦਾ ਐਲਾਨ ਵੀ ਕੀਤਾ। ਉਨ੍ਹਾਂ ਦੇ ਨਾਲ ਰਾਜ ਦੇ ਪ੍ਰੀਮੀਅਰ ਮਾਰਕ ਮੈਕਗੋਵਨ ਵੀ ਦੌਰ ਤੇ ਹਨ।
ਪ੍ਰਧਾਨ ਮੰਤਰੀ ਨੇ ਸ਼ਾਇਰਜ਼ ਆਫ਼ ਡਰਬੀ (ਪੱਛਮੀ ਕਿੰਬਰਲੇ), ਬਰੂਮੇ, ਵਿੰਧਮ (ਪੂਰਬੀ ਕਿੰਬਰਲੇ), ਅਤੇ ਹਾਲਜ਼ ਕ੍ਰੀਕ ਆਦਿ ਖੇਤਰਾਂ ਵਾਸਤੇ ਰਾਹਤ ਪੈਕਜ ਦਾ ਐਲਾਨ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਉਹ ਕਾਮਨਵੈਲਥ ਸਟੇਟ ਡਿਜ਼ਾਸਟਰ ਰਿਕਵਰੀ ਫੰਡਿੰਗ ਐਰੇਂਜਮੈਂਟਸ ਵਾਲੇ ਵਿਭਾਗ ਤਹਿਤ ਮੁਆਵਜ਼ੇ ਦੇ ਹੱਕਦਾਰ ਹਨ ਅਤੇ ਉਹ ਸਬੰਧਤ ਵਿਭਾਗ ਨਾਲ ਫੌਰਨ ਸੰਪਰਕ ਕਰ ਸਕਦੇ ਹਨ। ਮੁਆਵਜ਼ੇ ਆਦਿ ਲੈਣ ਵਾਲਿਆਂ ਦੇ ਮਾਪਦੰਡਾਂ ਆਦਿ ਵਿੱਚ ਜੇਕਰ ਕੋਈ ਇਕੱਲਾ ਹੈ ਤਾਂ ਨਿਜੀ ਤੌਰ ਤੇ ਅਤੇ ਪਰਿਵਾਰ, ਬਿਜਨਸ ਅਦਾਰੇ, ਕਿਸਾਨ, ਬਿਨ੍ਹਾਂ ਲਾਭ ਤੋਂ ਕੰਮ ਕਰਨ ਵਾਲੇ ਅਦਾਰੇ ਅਤੇ ਸਥਾਨਕ ਜਾਂ ਰਾਜ ਸਰਕਾਰਾਂ ਆਦਿ ਸ਼ਾਮਿਲ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰ ਜੋ ਵੀ ਕੇਂਦਰ ਕੋਲੋਂ ਮਦਦ ਮੰਗੇਗੀ, ਕੇਂਦਰ ਦੀ ਸਰਕਾਰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੰਦੀ ਹੈ। ਅਤੇ ਕੇਂਦਰ ਸਰਕਾਰ ਨੇ ਪਹਿਲਾਂ ਤੋਂ ਹੀ ਹਵਾਈ ਮਦਦ ਪ੍ਰਦਾਨ ਕੀਤੀ ਹੋਈ ਹੈ ਅਤੇ ਹੋਰ ਵੀ ਸਾਮਾਨ ਦੀ ਪੂਰਤੀ ਆਦਿ ਲਈ ਵਾਹਨਾਂ ਸਬੰਧੀ ਸੇਵਾਵਾਂ ਪ੍ਰਦਾਨ ਕੀਤੀਆਂ ਹੋਈਆਂ ਹਨ।
ਜ਼ਿਕਰਯੋਗ ਹੈ ਕਿ ਕਿੰਬਰਲੇ ਖੇਤਰ ਵਿੱਚ ਬੀਤੇ ਮਹੀਨੇ 28 ਦਿਸੰਬਰ ਤੋਂ ਹੀ ਚੱਕਰਵਾਤੀ ਤੂਫ਼ਾਨ ਕਾਰਨ ਭਾਰੀ ਵਰਖਾ ਆਦਿ ਨੇ ਕਾਫੀ ਪ੍ਰਭਾਵ ਪਾਇਆ ਹੋਇਆ ਹੈ ਅਤੇ ਕਈ ਖੇਤਰ ਹੜ੍ਹਾਂ ਕਾਰਨ ਅਸਤ-ਵਿਅਸਤ ਹੋਏ ਪਏ ਹਨ। ਜਿਸ ਕਾਰਨ ਫਿਜ਼ੋਰੀ ਨਦੀ ਅਤੇ ਫਿਜ਼ੋਰੀ ਕਰਾਸਿੰਗ ਵਿੱਚ ਵਹਿ ਰਹੇ ਪਾਣੀ ਦਾ ਜਲ-ਸਤਰ ਆਮ ਨਾਲੋਂ ਬਹੁਤ ਜ਼ਿਆਦਾ ਉਚਾ ਚੱਲ ਰਿਹਾ ਹੈ ਅਤੇ ਨਿਚਲੇ ਖੇਤਰਾਂ ਵਿੱਚ ਵਹਾਅ ਦਾ ਪਾਣੀ ਭਰ ਰਿਹਾ ਹੈ ਜਿਸ ਨਾਲ ਬਹੁਤ ਸਾਰੇ ਰਿਹਾਇਸ਼ੀ ਇਲਾਕੇ ਪ੍ਰਭਾਵਿਤ ਹੋਏ ਹਨ। ਲੋਕਾਂ ਨੂੰ ਆਪਣੇ ਘਰ ਛੱਡ ਕੇ ਕੈਂਪਾਂ ਆਦਿ ਵਿੱਚ ਆਸਰਾ ਲੈਣਾ ਪੈ ਰਿਹਾ ਹੈ।