ਪ੍ਰਧਾਨ ਮੰਤਰੀ ਦਾ ਇੱਕ ਹੋਰ ਚੋਣ ਵਾਅਦਾ
ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਅੱਜ ਤੋਂ ਅਗਲੇ ਪੂਰੇ 13 ਦਿਨ੍ਹਾਂ ਬਾਅਦ ਵੋਟਾਂ ਪੈਣੀਆਂ ਹਨ ਅਤੇ ਜਨਤਾ ਨੇ ਆਸਟ੍ਰੇਲੀਆ ਦਾ ਅਗਲਾ ਭਵਿੱਖ ਤੈਅ ਕਰਨਾ ਹੈ। ਇਸ ਸਮੇਂ ਪਰਥ ਵਿੱਚ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਆਪਣੇ ਪੂਰੇ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਵਿੱਚ ਲੱਗੇ ਹਨ ਅਤੇ ਜਨਤਕ ਤੌਰ ਤੇ ਲੁਭਾਉਣੇ ਵਾਅਦੇ ਕਰ ਰਹੇ ਹਨ।
ਇਸ ਵਾਰੀ ਉਨ੍ਹਾਂ ਨੇ ਇੱਕ ਹੋਰ ਚੋਣ ਵਾਅਦਾ ਕਰਦਿਆਂ ਐਲਾਨ ਕੀਤਾ ਹੈ ਕਿ ਚੋਣ ਜਿੱਤਣ ਤੇ ਉਹ ਵਾਈਨਰੀਆਂ, ਡਿਸਟਿਲਰੀਆਂ ਅਤੇ ਹੋਰ ਸਬੰਧਤ ਉਦਿਯੋਗਾਂ ਲਈ 20 ਮਿਲੀਅਨ ਡਾਲਰਾਂ ਦਾ ਪੈਕੇਜ ਦੇਣਗੇ ਜਿਸ ਨਾਲ ਕਿ ਯਾਤਰੀਆਂ ਦੇ ਆਕਰਸ਼ਣ ਨੂੰ ਵਧਾਇਆ ਜਾਵੇਗਾ ਅਤੇ ਸੈਰ ਸਪਾਟਾ ਉਦਿਯੋਗ ਨੂੰ ਬੜਾਵਾ ਮਿਲੇਗਾ।
ਉਕਤ ਪਲਾਨ ਦੇ ਤਹਿਤ 15 ਮਿਲੀਅਨ ਡਾਲਰ ਤਾਂ ਸਿੱਧੇ ਤੌਰ ਤੇ ਵਾਈਨਰੀਆਂ, ਡਿਸਟਿਲੀਆਂ ਅਤੇ ਬਰੇਵਰੀਆਂ ਲਈ ਹੋਣਗੇ ਅਤੇ ਇਸ ਤੋਂ ਇਲਾਵਾ 100,000 ਡਾਲਰਾਂ ਦੀ ਗ੍ਰਾਂਟ ਮੌਕੇ ਦੇ ਅਦਾਰਿਆਂ ਜਿਵੇਂ ਕਿ ਰੈਸਟੋਰੈਂਟ ਅਤੇ ਸੈਰ ਸਪਾਟਾ ਨਾਲ ਸਬੰਧਤ ਹੋਰ ਅਦਾਰਿਆਂ ਨੂੰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹੋਰ 5 ਮਿਲੀਅਨ ਡਾਲਰਾਂ ਦਾ ਇਸਤੇਮਾਲ ਟੂਰਿਸਟਾਂ ਨੂੰ ਸਹੀ ਥਾਂ ਆਦਿ ਵੱਲ ਆਕਰਸ਼ਿਤ ਕਰਨ ਵਾਸਤੇ ਸਥਾਨਤਕ ਸਰਕਾਰਾਂ ਨੂੰ ਵੀ ਦਿੱਤੇ ਜਾਣਗੇ।