ਜਦੋਂ ਤੱਕ ‘ਮਹਿੰਗੀਆਂ ਘੜੀਆਂ’ ਵਾਲੇ ਸਕੈਂਡਲ ਦੀ ਜਾਂਚ ਪੂਰੀ ਨਾ ਹੋ ਜਾਵੇ, ਗਰੁੱਪ ਸੀ.ਈ.ਓ. ਬਾਹਰ ਹੀ ਰਹਿਣ -ਸਕਾਟ ਮੋਰੀਸਨ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਪ੍ਰ਼ਧਾਨ ਮੰਤਰੀ ਸਕਾਟ ਮੋਰੀਸਨ ਨੇ ਆਸਟ੍ਰੇਲੀਆਈ ਪੋਸਟ ਵਿਭਾਗ ਦੇ ਸੀ.ਈ.ਓ. ਅਤੇ ਐਮ. ਡੀ. ਕ੍ਰਿਸਟਿਨ ਹੋਲਟੇਜ ਨੂੰ ਹਾਲ ਦੀ ਘੜੀ ਪਰੇ ਹੋ ਕੇ ਖੜ੍ਹਨ ਦੀ ਚਿਤਾਵਨੀ ਭਰੀ ਸਲਾਹ ਦਿੰਦਿਆਂ ਕਿਹਾ ਹੈ ਕਿ ਜਾਂ ਤਾਂ ਉਹ ਸਾਈਡ ਤੇ ਖੜ੍ਹ ਕੇ ਪੜਤਾਲ ਵਿੱਚ ਸਹਿਯੋਗ ਕਰਨ ਨਹੀਂ ਤਾਂ ਬੇਸ਼ੱਕ ਉਹ ਜਾ ਸਕਦੇ ਹਨ….। ਮਾਮਲਾ ਮਹਿੰਗੀਆਂ ਘੜੀਆਂ ਵਾਲੇ ਤੋਹਫ਼ਿਆਂ (3,000 ਡਾਲਰ ਦੀਆਂ ਚਾਰ ਕਾਰਟਿਅਰ ਘੜੀਆਂ) ਨੂੰ ਲੈ ਕੇ ਚਲ ਰਹੀ ਪੜਤਾਲ ਦਾ ਹੈ। ਜ਼ਿਕਰਯੋਗ ਹੈ ਕਿ ਪੜਤਾਲ ਇਸ ਗੱਲ ਦੀ ਚਲ ਰਹੀ ਹੈ ਅਤੇ ਇਲਜ਼ਾਮ ਇਹ ਲਗਾਇਆ ਗਿਆ ਹੈ ਕਿ ਪੋਸਟ ਵਿਭਾਗ ਦੇ ‘ਵੱਡੇ ਅਹੁਦੇਦਾਰਾਂ’ ਨੂੰ ਪੋਸਟ ਆਫਿਸਾਂ ਵਿੱਚ ਬੈਂਕਿੰਗ ਨੂੰ ਲਾਗੂ ਕਰਾਏ ਜਾਣ ਦੇ ਇਵਜ ਵਿੱਚ ਦਿੱਤਾ ਗਿਆ ਹੈ। ਇਸ ਪੜਤਾਲ ਵਿਚਲੀ ਮੁੱਖ ਭੂਮਿਕਾ ਰੋਡਨੀ ਬਾਇਜ਼ (ਸਰਕਾਰੀ ਵਿਭਾਗਾਂ ਦੇ ਕੰਮ-ਧੰਦਿਆਂ ਵਾਲੇ ਵਿਭਾਗ ਦੇ ਮੁੱਖ ਵਿੱਤ ਅਧਿਕਾਰੀ) ਕਰ ਰਹੇ ਹਨ। ਪੋਸਟ ਵਿਭਾਗ ਦੇ ਚੇਅਰਮੈਨ ਲੂਸੀਓ ਡੀ. ਬਾਰਟੋਲੋਮੀਓ ਲੇ ਕਿਹਾ ਹੈ ਕਿ ਉਹ ਇਸ ਪੜਤਾਲ ਵਿੱਚ ਪੂਰੀ ਤਰਾ੍ਹਂ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ। ਵਿਰੋਧੀਆਂ ਵੱਲੋਂ ਵੀ ਇਹ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ। ਯੂਨੀਅਨ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਘਪਲਾ ਮਹਿਜ਼ ਚਾਰ ਮਹਿੰਗੀਆਂ ਘੜੀਆਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਇਸ ਵਿੱਚ ਤਾਂ ਕਈ ਤਰਾ੍ਹਂ ਦੀਆਂ ਹੋਰ ਲਾਭਕਾਰੀਆਂ ਵੀ ਸ਼ਾਮਿਲ ਹਨ ਜਿਹੜੀਆਂ ਕਿ ਨਿਚਲੇ ਤੋਂ ਉਪਰਲੇ ਸਟਾਫ ਤੱਕ ‘ਗੱਫਿਆਂ’ ਦੇ ਰੂਪ ਵਿੱਚ ਵੰਡੀਆਂ ਗਈਆਂ ਹਨ ਅਤੇ ਇਨ੍ਹਾਂ ਦਾ ਕੁੱਲ ਸਾਲ 2019/20 ਦੌਰਾਨ 97.4 ਮਿਲੀਅਨ ਡਾਲਰ ਬਣਦਾ ਹੈ ਅਤੇ ਇਸ ਸਾਰੇ ਵਿਭਾਗ ਨੂੰ ਹੀ ਪਰ੍ਹਾਂ ਰੱਖ ਕੇ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

Install Punjabi Akhbar App

Install
×