ਪ੍ਰਧਾਨ ਮੰਤਰੀ ਕੇਅਰਜ ਫੰਡ ਦੀ ਦੁਰਵਰਤੋਂ ਦੀ ਅਦਾਲਤੀ ਜਾਂਚ ਹੋਵੇ -ਕਾ: ਸੇਖੋਂ

ਖ਼ਰਾਬ ਵੈਂਟੀਲੇਟਰ ਸਪਲਾਈ ਕਰਨ ਵਾਲੀ ਕੰਪਨੀ ਤੇ ਮੁਕੱਦਮਾ ਕੀਤਾ ਜਾਵੇ ਦਰਜ

ਬਠਿੰਡਾ -ਕੋਰੋਨਾ ਮਰੀਜਾਂ ਨੂੰ ਮੌਤ ਦੇ ਮੂੰਹ ਤੋਂ ਬਚਾਉਣ ਲਈ ਆਖ਼ਰੀ ਯਤਨ ਆਕਸੀਜਨ ਤੇ ਵੈਂਟੀਲੇਟਰ ਦੀ ਵਰਤੋਂ ਹੀ ਹੈ, ਪਰ ਕੇਂਦਰ ਤੇ ਰਾਜ ਸਰਕਾਰਾਂ ਇਹਨਾਂ ਦੇ ਪ੍ਰਬੰਧ ਕਰਨ ਵਿੱਚ ਨਾ ਕਾਮਯਾਬ ਹਨ। ਇੱਕ ਪਾਸੇ ਕੇਂਦਰ ਵੱਲੋਂ ਪ੍ਰਧਾਨ ਮੰਤਰੀ ਕੇਅਰਜ ਫੰਡ ਤਹਿਤ ਭੇਜੇ ਵੈਟੀਂਲੇਟਰ ਖਰਾਬ ਹਨ, ਦੂਜੇ ਪਾਸੇ ਰਾਜ ਸਰਕਾਰ ਕੋਲ ਟੈਕਨੀਸ਼ੀਅਨ ਨਹੀਂ ਹਨ, ਇਸ ਲਈ ਦੋਵੇਂ ਸਰਕਾਰਾਂ ਬਰਾਬਰ ਦੀਆਂ ਜੁਮੇਵਾਰ ਹਨ। ਸੀ ਪੀ ਆਈ ਐੱਮ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਮੰਗ ਕੀਤੀ ਹੈ ਕਿ ਇਹਨਾਂ ਖ਼ਰਾਬ ਵੈਟੀਂਲੇਟਰਾਂ ਦੇ ਮਾਮਲੇ ਦੀ ਜੁਡੀਸੀਅਲ ਪੱਧਰ ਤੇ ਜਾਂਚ ਕਰਵਾ ਕੇ ਸਪਲਾਈ ਕਰਨ ਵਾਲੀ ਕੰਪਨੀ ਤੇ ਅਪਰਾਧਿਕ ਮੁਕੱਦਮਾ ਦਰਜ ਕੀਤਾ ਜਾਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕੇਅਰਜ ਫੰਡ ਤਹਿਤ ਪੰਜਾਬ ਨੂੰ 320 ਵੈਟੀਲੇਟਰ ਭੇਜੇ ਗਏ ਹਨ, ਜਿਹਨਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਨੂੰ ਭੇਜੇ 113 ਵੈਂਟੀਲੇਟਰਾਂ ਚੋਂ ਸਿਰਫ 23 ਹੀ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਸਰਕਾਰੀ ਮੈਡੀਕਲ ਕਾਲਜ ਸ੍ਰੀ ਅਮ੍ਰਿਤਸਰ ਵਿਖੇ ਭੇਜੇ 100 ਵੈਟੀਂਲੇਟਰਾਂ ਚੋਂ 12 ਹੀ ਚਲਦੇ ਹਨ, ਜਦ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਭੇਜੇ 98 ਵੈਟੀਂਲੇਟਰਾਂ ਚੋਂ ਅੱਧਿਆਂ ਦੀ ਮੁਰੰਮਤ ਕਰਵਾਈ ਗਈ ਹੈ, ਪਰ ਅਜੇ ਵੀ ਡਾਕਟਰਾਂ ਨੂੰ ਇਹਨਾਂ ਤੇ ਭਰੋਸਾ ਨਾ ਹੋਣ ਕਾਰਨ ਵਰਤੇ ਨਹੀਂ ਜਾ ਰਹੇ। ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ ਸੋਨੀ ਨੇ ਵੈਟੀਂਲੇਟਰਾਂ ਸਬੰਧੀ ਕੇਂਦਰ ਦੇ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ ਗਈ ਹੈ, ਜਿਹਨਾਂ ਠੀਕ ਕਰਵਾਉਣ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਹੈ ਕਿ ਇਹ ਦੋਸ਼ ਬੇ ਬੁਨਿਆਦ ਹਨ ਕਿ ਵੈਟੀਂਲੇਟਰ ਖ਼ਰਾਬ ਹਨ, ਜਦ ਕਿ ਪੰਜਾਬ ਦੇ ਹਸਪਤਾਲਾਂ ਵਿੱਚ ਇਹਨਾਂ ਨੂੰ ਚਲਾਉਣ ਵਾਲੇ ਮਾਹਰਾਂ ਦੀ ਘਾਟ ਹੈ।
ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮੌਤ ਨਾਲ ਜੂਝ ਰਹੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਵੈਟੀਂਲੇਟਰਾਂ ਦੀ ਜਰੂਰਤ ਹੈ। ਉਹ ਕੇਂਦਰ ਸਰਕਾਰ ਨੇ ਖ਼ਰਾਬ ਭੇਜੇ ਹਨ ਜਾਂ ਰਾਜ ਸਰਕਾਰ ਕੋਲ ਉਹਨਾਂ ਨੂੰ ਚਲਾਉਣ ਦੇ ਮਾਹਰ ਨਹੀਂ ਹਨ, ਇਹ ਜੁਮੇਵਾਰੀ ਸਰਕਾਰਾਂ ਦੀ ਹੈ ਜਿਸਨੂੰ ਉਹ ਨਿਭਾ ਨਹੀਂ ਸਕੀਆਂ। ਉਹਨਾਂ ਕਿਹਾ ਕਿ ਖਰਾਬ ਵੈਟੀਂਲੇਟਰਾਂ ਦਾ ਮਸਲਾ ਕੇਵਲ ਪੰਜਾਬ ਦਾ ਹੀ ਨਹੀਂ, ਇਸਤੋਂ ਪਹਿਲਾਂ ਰਾਜਸਥਾਨ ਅਤੇ ਗੁਜਰਾਤ ਵਿੱਚ ਵੀ ਇਹ ਮਾਮਲਾ ਸਾਹਮਣੇ ਆਇਆ ਸੀ। ਉਹਨਾਂ ਕਿਹਾ ਕਿ ਪੰਜਾਬ ਨੂੰ ਕੇਂਦਰੀ ਫੰਡ ਤਹਿਤ ਭੇਜੇ ਵੈਟੀਂਲੇਟਰਾਂ ਚੋਂ 90 ਫੀਸਦੀ ਖ਼ਰਾਬ ਹਨ। ਇਸ ਤਰ੍ਹਾਂ ਆਮ ਜਨਤਾ ਲਈ ਵਰਤੇ ਜਾਣ ਵਾਲੇ ਪ੍ਰਧਾਨ ਮੰਤਰੀ ਫੰਡ ਦੀ ਦੁਰਵਰਤੋਂ ਹੋਈ ਹੈ, ਇਸਦੀ ਜੁਡੀਸੀਅਲ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
ਕਾ: ਸੇਖੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੇਅਰਜ ਫੰਡ ਦੀ ਦੁਰਵਰਤੋਂ ਇੱਕ ਵੱਡਾ ਅਪਰਾਧ ਹੈ, ਜੋ ਮੌਤ ਨਾਲ ਜੂਝ ਰਹੇ ਮਰੀਜ਼ਾਂ ਦੀ ਜਾਨ ਬਚਾਉਣ ਸਮੇਂ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਜਿਸ ਵੀ ਕੰਪਨੀ ਨੇ ਇਹ ਵੈਂਟੀਲੇਟਰ ਖਰੀਦ ਕੇ ਸਪਲਾਈ ਕੀਤੇ ਹਨ ਉਸ ਕੰਪਨੀ ਤੇ ਅਪਰਾਧਿਕ ਮੁਕੱਦਮਾ ਦਰਜ ਕੀਤਾ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਟੈਕਨੀਸ਼ੀਅਨਾਂ ਦੀ ਜਲਦੀ ਭਰਤੀ ਕਰੇ ਤਾਂ ਜੋ ਵੈਟੀਂਲੇਟਰਾਂ ਵਿੱਚ ਪੈਣ ਵਾਲੇ ਤਕਨੀਕੀ ਨੁਕਸ ਨੂੰ ਤੁਰੰਤ ਦੂਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਤੇ ਰਾਜ ਸਰਕਾਰ ਵੈਂਟੀਲੇਟਰਾਂ ਅਤੇ ਆਕਸੀਜਨ ਦਾ ਯੋਗ ਪ੍ਰਬੰਧ ਕਰੇ ਅਤੇ ਮੌਜੂਦਾ ਸਥਿਤੀ ਵਿੱਚ ਜਦੋਂ ਸਰਕਾਰੀ ਹਸਪਤਾਲਾਂ ਵਿੱਚ ਆਈ ਸੀ ਯੂ ਦਾ ਕੋਈ ਬੈੱਡ ਖਾਲੀ ਨਹੀਂ ਹੈ, ਅਜਿਹੇ ਬਦਲਵੇਂ ਪ੍ਰਬੰਧ ਕੀਤੇ ਜਾਣ ਅਤੇ ਸਰਕਾਰਾਂ ਆਪਣੀ ਬਣਦੀ ਜੁਮੇਵਾਰੀ ਨਿਭਾਉਣ।
ਇਸੇ ਦੌਰਾਨ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ: ਬਲਜਿੰਦਰ ਕੌਰ, ਵਿਧਾਇਕਾ ਰੁਪਿੰਦਰ ਰੂਬੀ, ਟਰੇਡ ਐਂਡ ਇੰਡਸਟਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਨਿਲ ਠਾਕੁਰ ਨੇ ਵੀ ਖ਼ਰਾਬ ਵੈਂਟੀਲੇਟਰਾਂ ਦੇ ਮਾਮਲੇ ਨੂੰ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਕੋਰੋਨਾ ਮਰੀਜ਼ਾਂ ਨਾਲ ਧੋਖਾ ਕਹਿੰਦਿਆਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ ਨੇ ਵੀ ਕਿਹਾ ਕਿ ਕੌਮੀ ਸਿਹਤ ਐਮਰਜੈਂਸੀ ਦੇ ਸਮੇਂ ਦੌਰਾਨ ਖ਼ਰਾਬ ਵੈਂਟੀਲੇਟਰ ਸਪਲਾਈ ਕਰਨਾ ਇੱਕ ਵੱਡਾ ਅਪਰਾਧ ਹੈ। ਉਹਨਾਂ ਕਿਹਾ ਕਿ ਅਜਿਹੇ ਵੈਂਟੀਲੇਟਰ ਸਪਲਾਈ ਕਰਨ ਵਾਲੀ ਕੰਪਨੀ ਤੇ ਮੁਕੱਦਮਾ ਦਰਜ ਕਰਕੇ ਕਟਹਿਰੇ ਵਿੱਚ ਖੜਾ ਕਰਨਾ ਚਾਹੀਦਾ ਹੈ।

Install Punjabi Akhbar App

Install
×