ਨੇਤਰਦਾਨੀ ਜਸਵੰਤ ਸਿੰਘ ਬਰਾੜ ਡੋਡ ਦੇ ਸ਼ਰਧਾਂਜਲੀ ਸਮਾਰੋਹ ‘ਤੇ ਬੂਟਿਆਂ ਦਾ ਪ੍ਰਸ਼ਾਦਿ ਵੰਡਿਆ

  • ਰੁੱਖ -ਕੁੱਖ ਅਤੇ ਵਾਤਾਵਰਣ ਦੀ ਰਾਖੀ ਲਈ ਲਹਿਰ ਜਾਰੀ ਰਹੇਗੀ -ਜੱਸਾ ਬਰਾੜ
(ਡੋਡ ਵਿਖੇ ਸ਼ਰਧਾਂਜਲੀ ਸਮਾਰੋਹ ਮੌਕੇ ਕਲੱਬ ਮੈਂਬਰ ਪੌਦਿਆਂ ਦਾ ਪ੍ਰਸ਼ਾਦਿ ਵੰਡਦੇ ਹੋਏ)
(ਡੋਡ ਵਿਖੇ ਸ਼ਰਧਾਂਜਲੀ ਸਮਾਰੋਹ ਮੌਕੇ ਕਲੱਬ ਮੈਂਬਰ ਪੌਦਿਆਂ ਦਾ ਪ੍ਰਸ਼ਾਦਿ ਵੰਡਦੇ ਹੋਏ)

ਬਜਾਖਾਨਾ 19 ਮਾਰਚ – ਸੁਖਮਨੀ ਨੇਤਰਦਾਨ ਕਲੱਬ ਪਿੰਡ ਡੋਡ ਦੇ ਪ੍ਰਧਾਨ ਜਸਵੀਰ ਸਿੰਘ ਜੱਸਾ ਬਰਾੜ ਦੇ ਪਿਤਾ ਜੀ ਸ: ਜਸਵੰਤ ਸਿੰਘ ਬਰਾੜ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਇੱਛਾ ਮੁਤਾਬਿਕ ਸਮੁੱਚੇ ਪਰਿਵਾਰ ਵਲੋਂ ਸ: ਜਸਵੰਤ ਸਿੰਘ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ। ਡੋਡ ਵਿਚ ਨੇਤਰਦਾਨ ਦੀ ਚਲਾਈ ਲਹਿਰ ਸਦਕਾ ਸ: ਜਸਵੰਤ ਸਿੰਘ ਹੁਣ ਡੋਡ ਪਿੰਡ ਦੇ 17 ਵੇਂ ਨੇਤਰਦਾਨੀ ਬਣ ਗਏ ਹਨ। ਸ਼ਰਧਾਂਜਲੀ ਸਮਾਰੋਹ ਮੌਕੇ ਪਰਿਵਾਰ ਵਲੋਂ ਵਾਤਾਵਰਣ ਦੀ ਸਵੱਛਤਾ ਲਈ 350 ਬੂਟਿਆਂ ਦਾ ਪ੍ਰਸ਼ਾਦਿ ਲੋਕਾਂ ਵਿਚ ਵੰਡਿਆ ਗਿਆ। ਦੇਸੀ ਗੁਲਾਬ ਦੇ ਪੌਦੇ ਸਰਕਾਰੀ ਪ੍ਰਾ: ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ‘ਚ ਲਾਉਣ ਲਈ ਵੰਡੇ ਗਏ। ਬਾਕੀ ਬੂਟਿਆਂ ਵਿਚ ਕਦਮ(ਕਦੰਬ), ਤੁਨ, ਚੌਕਰਸੀਆ, ਸੁਹਾਂਜਣਾ, ਸ਼ਹਿਤੂਤ, ਸਿੰਬਲ, ਟਾਹਲੀ, ਨਿੰਮ, ਅੰਬ , ਔਲੇ, ਕਚਨਾਰ ਅਤੇ ਅਮਰੂਦ ਦੇ ਫਲਦਾਰ ਅਤੇ ਫੁਲਦਾਰ ਪੌਦੇ ਵੰਡੇ ਗਏ। ਇਸ ਮੌਕੇ ਬੋਲਦਿਆਂ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੀ ਕਿਸਾਨ ਸਲਾਹਕਾਰ ਕਮੇਟੀ ਦੇ ਮੈਂਬਰ ਅਤੇ ਕਲੱਬ ਦੇ ਚੇਅਰਮੈਨ ਜੀਤ ਸਿੰਘ ਗਿੱਲ ਨੇ ਕਲੱਬ ਮੈਂਬਰਾਂ ਦੀ ਪਰਸ਼ੰਸਾ ਕਰਦਿਆਂ ਕਿਹਾ ਕਿ ਇਕ ਮਿਰਤਕ ਵਿਅੱਕਤੀ ਦੀਆਂ ਅੱਖਾਂ ਦਾਨ ਕਰਨ ਨਾਲ ਦੋ ਅੰਨ੍ਹੇ ਵਿਅੱਕਤੀਆਂ ਦੀ ਹਨੇਰੀ ਦੁਨੀਆਂ ਰੌਸ਼ਨ ਹੋ ਜਾਂਦੀ ਹੈ। ਡੋਡ ਪਿੰਡ ਦੇ ਵਾਸੀ ਵਧਾਈ ਦੇ ਪਾਤਰ ਹਨ ਜੋ ਹੁਣ ਤੱਕ ੩੪ ਅੱਖਾਂ ਤੋਂ ਮੁਨਾਖੇ ਵਿਅੱਕਤੀਆਂ ਨੂੰ ਇਸ ਜੱਗ ਰਚਨਾ ਦਾ ਸੱਚ ਦਿਖਾ ਚੁੱਕੇ ਹਨ। ਸੀਨੀਅਰ ਮੈਂਬਰ ਡਾ :ਜਰਨੈਲ ਸਿੰਘ ਡੋਡ ਨੇ ਕਿਹਾ ਕਿ ਜੇ ਸਮੁੱਚੇ ਭਾਰਤ ਦੇ ਲੋਕ ਸਿਰਫ 11 ਦਿਨ ਮਿਰਤਕ ਵਿਅੱਕਤੀਆਂ ਦੀਆਂ ਅੱਖਾਂ ਦਾਨ ਕਰ ਦੇਣ ਤਾਂ ਸਾਰੇ ਭਾਰਤ ‘ਚੋਂ ਅੰਨ੍ਹਾਪਣ ਦੂਰ ਹੋ ਸਕਦਾ ਹੈ।

ਸ਼ਾਮ ਪ੍ਰਤਾਪ ਸ਼ਰਮਾ ਨੇ ਕਿਹਾ ਕਲੱਬ ਨੇ ਨੇਤਰਦਾਨ ਦੇ ਨਾਲ ਵਾਤਵਰਣ ਬਚਾਉਣ ਦਾ ਵੀ ਬੀੜਾ ਚੁੱਕਿਆ ਹੈ। ਹਰ ਸ਼ਾਦੀ -ਗ਼ਮੀ ਦੇ ਮੌਕੇ ਲੋਕਾਂ ਨੂੰ ਰੁੱਖ ਲਾਉਣ ਅਤੇ ਉਹਨਾਂ ਦੀ ਪਰਵਰਿਸ਼ ਕਰਨ ਲਈ ਪ੍ਰੇਰਿਆ ਜਾਂਦਾ ਹੈ। ਕਲੱਬ ਪ੍ਰਧਾਨ ਜਸਵੀਰ ਸਿੰਘ ਬਰਾੜ ਨੇ ਸਭ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਕਲੱਬ ਵਲੋਂ ਰੁੱਖ – ਕੁੱਖ ਦੀ ਰਾਖੀ ਅਤੇ ਨੇਤਰਦਾਨ ਦੀ ਲਹਿਰ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ। ਉਹਨਾਂ ਕਿਹਾ ਕਿ ਕਲੱਬ ਮੈਂਬਰਾਂ ਦੇ ਪ੍ਰਚਾਰ ਸਦਕਾ ਪਿੰਡ ਡੋਡ ਵਿਚ ਹੁਣ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਜਿਆਦਾ ਹੈ ਅਤੇ ਲੋਕ ਧੀਆਂ ਦਾ ਕੁੱਖ ‘ਚ ਕਤਲ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਕਰ ਰਹੇ ਹਨ। ਇਸ ਮੌਕੇ ਕਲੱਬ ਮੈਂਬਰਾਂ ਗੁਰਬਚਨ ਸਿੰਘ ਸੰਧੂ, ਡਾ: ਗੁਲਸ਼ਨ ਕੁਮਾਰ, ਬਲਜਿੰਦਰ ਸਿੰਘ, ਰੁਲਦੂ ਸਿੰਘ, ਸ਼ੰਮੀ ਟੇਲਰ ਅਤੇ ਡਾ:ਹਰਦੇਵ ਸਿੰਘ ਤੋਂ ਇਲਾਵਾ ਜੈਤੋ ਖੇਤੀ ਬੈਂਕ ਦੇ ਚੇਅਰਮੈਨ ਪਰਗਟਸਿੰਘ ਬਰਾੜ, ਸਾਬਕਾ ਚੇਅਰਮੈਨ ਗੁਰਦਰਸ਼ਨ ਸਿੰਘ ਢਿੱਲੋਂ ਅਤੇ ਡਾ: ਸੱਤਪਾਲ ਰੋਮਾਣਾ ਆਦਿ ਹਾਜਰ ਸਨ।

(ਅਮਰਜੀਤ ਢਿੱਲੋਂ)

bajakhanacity@gmail.com

Welcome to Punjabi Akhbar

Install Punjabi Akhbar
×
Enable Notifications    OK No thanks