ਫਿਲੀਪੀਂਜ਼ ਵਿੱਚ ਜਵਾਲਾਮੁਖੀ ਵਿੱਚ ਜਹਾਜ਼ ਕ੍ਰੈਸ਼ -2 ਆਸਟ੍ਰੇਲੀਆਈਆਂ ਸਮੇਤ 6 ਦੀ ਮੌਤ

ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਦੁੱਖਭਰੀ ਜਾਣਕਾਰੀ ਦਿੰਦਿਆਂ ਅਤੇ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਐਡੀਲੇਡ (ਦੱਖਣੀ-ਆਸਟ੍ਰੇਲੀਆ) ਦੇ ਵਸਨੀਕ ਸਾਈਮਨ ਸ਼ਿਪਰਫੀਲਡ ਅਤੇ ਕਾਰਥੀ ਸਾਂਥਨਮ ਦੀ ਫਿਲੀਪੀਂਜ਼ ਵਿਖੇ ਹੋਏ ਇੱਕ ਛੋਟੇ ਜਹਾਜ਼ ਦੇ ਕ੍ਰੈਸ਼ ਹੋਣ ਦੌਰਾਨ ਮੌਤ ਹੋ ਗਈ ਹੈ। ਉਕਤ ਦੋਹੇਂ ਜਣੇ, ਇੱਕ ਪਾਇਲਟ ਅਤੇ ਇੱਕ ਹੋਰ ਕਰੂ ਮੈਂਬਰ ਨਾਲ ਸੈਸਨਾ 340 ਛੋਟੇ ਜਹਾਜ਼ ਵਿੱਚ ਸਵਾਰ ਹੋ ਕੇ ਇੱਕ ਸੁੱਤੇ ਹੋਏ ਜਵਾਲਾਮੁਖੀ (ਮਾਊਂਟ ਮੇਅਨ) ਦੇ ਆਲ਼ੇ-ਦੁਆਲ਼ੇ ਚੱਕਰ ਕੱਟ ਰਹੇ ਸਨ ਜਦੋਂ ਜਹਾਜ਼ ਨਾਲ ਹਾਦਸਾ ਵਾਪਰ ਗਿਆ ਅਤੇ ਇਸ ਵਿੱਚ ਸਵਾਰ ਚਾਰਾਂ ਦੀ ਹੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਜਹਾਜ਼ ਦਾ ਮਲਬਾ ਲੱਭਣ ਅਤੇ ਬਚਾਉ ਅਭਿਆਨ ਦੌਰਾਨ 200 ਵਿਅਕਤੀਆਂ ਦੀ ਇੱਕ ਟੀਮ ਨੇ ਖੋਜ ਅਭਿਆਨ ਸ਼ੁਰੂ ਕੀਤਾ ਜਿਸ ਵਿੱਚ 34 ਵਾਹਨ, 11 ਡਰੋਨ ਅਤੇ 4 ਕੇ.9 ਸੂਹੀਆ ਕੁੱਤਿਆਂ ਦੀ ਮਦਦ ਲਈ ਗਈ।
ਇਸੇ ਅਭਿਆਨ ਦੌਰਾਨ ਫਿਲੀਪੀਂਜ਼ ਦੇ ਦੋ ਪੁਲਿਸ ਮੁਲਾਜ਼ਮਾਂ ਦੀ ਵੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਜੋ ਕਿ ਖੋਜ ਅਭਿਆਨ ਦੌਰਾਨ ਮੌਕੇ ਉਪਰ ਵਸਤੂਆਂ ਇਕੱਠੀਆਂ ਕਰ ਰਹੇ ਸਨ।