ਨਿਊ ਸਾਊਥ ਵੇਲਜ਼ ਵਿੱਚ ਟ੍ਰੇਫਿਕ ਕਾਰਨ ਨਵੀਆਂ ਹਦਾਇਤਾਂ ਜਾਰੀ

ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਪੌਲ ਟੂਲੇ ਨੇ ਜਨਹਿਤ ਵਿੱਚ ਜਾਣਕਾਰੀ ਸਾਂਝੀ ਕਰਦਿਆਂ, ਇਸ ਹਫਤੇ ਦੇ ਆਖੀਰ ਵਿੱਚ, ਸਕੂਲਾਂ ਦੀਆਂ ਛੁਟੀਆਂ ਦੌਰਾਨ ਨਵੀਆਂ ਤਾਕੀਦਾਂ ਜਾਰੀ ਕਰਦਿਆਂ ਕਿਹਾ ਹੈ ਕਿ ਮੋਟਰ ਡ੍ਰਾਈਵਰਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਸਮਾਂ ਥੋੜ੍ਹਾ ਜਿਹਾ ਵੱਧ ਹੀ ਲੈ ਕੇ ਸੜਕਾਂ ਉਪਰ ਨਿਕਲਣ ਕਿਉਂਕਿ ਸੜਕਾਂ ਉਪਰ ਵਾਹਨਾਂ ਦੀ ਭਾਰੀ ਆਵਾਜਾਈ ਕਾਰਨ ਟ੍ਰੈਫਿਕ ਨੂੰ ਗੁਜ਼ਰਨ ਵਿੱਚ ਥੋੜ੍ਹਾ ਜ਼ਿਆਦਾ ਸਮਾਂ ਲੱਗ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਹਫਤੇ ਦੇ ਅਖੀਰ ਵਿੱਚ ਕਾਫੀ ਲੋਕ ਆਪਣੇ ਆਪਣੇ ਘਰਾਂ ਨੂੰ ਮੁੜ ਰਹੇ ਹਨ ਇਸ ਵਾਸਤੇ ਵੀ ਟ੍ਰੈਫਿਕ ਦੀ ਮਿਕਦਾਰ ਵਿੱਚ ਵਾਧਾ ਹੋਇਆ ਹੈ ਅਤੇ ਸੜਕਾਂ ਉਪਰ ਲੰਘਣ ਵਾਸਤੇ ਜ਼ਿਆਦਾ ਸਮਾਂ ਲੱਗ ਰਿਹਾ ਹੈ।
ਜਿਹੜੇ ਲੋਕ ਦੱਖਣ ਵਾਲੇ ਪਾਸੇ ਤੋਂ ਸਿਡਨੀ ਵੱਲ ਆ ਰਹੇ ਹਨ, ਉਨ੍ਹਾਂ ਨੂੰ ਕਾਫਸ ਹਾਰਬਰ ਅਤੇ ਹੈਕਜ਼ਮ ਵਿਖੇ ਪੈਸਿਫਿਕ ਹਾਈਵੇਅ ਉਪਰ ਭਾਰੀ ਟ੍ਰੈਫਿਕ ਵਿੱਚ ਫਸਣਾ ਪੈ ਸਕਦਾ ਹੈ ਅਤੇ ਉਨ੍ਹਾਂ ਨੂੰ ਘਰ ਪਹੁੰਚਣ ਵਿੱਚ ਦੇਰੀ ਹੋ ਸਕਦੀ ਹੈ। ਅਤੇ ਇਹੋ ਹਾਲ ਪੂਰਬੀ ਹਿੱਸਿਆਂ ਵੱਲ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਗ੍ਰੇਟ ਵੈਸਟਰਨ ਹਾਈਵੇਅ (ਬਲੈਕਹੈਥ) ਵਿਖੇ ਵੀ ਜਾਮ ਮਿਲ ਸਕਦੇ ਹਨ ਜਾਂ ਮਿਲ ਵੀ ਰਹੇ ਹਨ।
ਬੇਟਮੈਨਜ਼ ਬੇਅ ਅਤੇ ਐਲਬਿਅਨ ਪਾਰਕ ਵਿਖੇ ਪ੍ਰਿੰਸੇਸ ਹਾਈਵੇਅ ਉਪਰ ਵੀ ਭਾਰੀ ਟ੍ਰੈਫਿਕ ਮਿਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਐਮ-1 ਪੈਸਿਫਿਕ ਮੋਟਰਵੇਅ ਅਤੇ ਨਾਰਥਕੋਨੈਕਸ ਵਿਖੇ ਵੀ ਭੀੜ ਦਿਖਾਈ ਦੇ ਰਹੀ ਹੈ।
ਗ੍ਰੇਟ ਵੈਸਟਰਨ ਹਾਈਵੇ (ਵਿਕਟੋਰੀਆ ਪਾਸ)ઠਉਪਰ ਇੱਕ ਟ੍ਰੈਫਿਕ ਮੈਨੇਜਮੈਂਟ ਪਲਾਨ ਵੀ ਬਣਾਇਆ ਗਿਆ ਹੈ ਅਤੇ ਭੀੜ ਨੂੰ ਘੱਟ ਕਰਨ ਵਾਸਤੇ ਲਾਈਨਾਂ ਲਗਾਈਆਂ ਜਾ ਰਹੀਆਂ ਹਨ ਅਤੇ ਸੰਗਠਿਤ ਰੂਪ ਵਿੱਚ ਟ੍ਰੈਫਿਕ ਨੂੰ ਵਾਰੀ ਵਾਰੀ ਕਰਕੇ ਚਲਾਇਆ ਜਾ ਰਿਹਾ ਹੈ।
ਟ੍ਰੈਫਿਕ ਨੂੰ ਸੰਭਾਲਣ ਅਤੇ ਸੰਚਾਲਨ ਕਰਨ ਵਾਲੇ ਦਸਤੇ ਅਤੇ ਪ੍ਰਸ਼ਾਸਨ ਆਪਸ ਵਿੱਚ ਮਿਲ ਕੇ ਸਾਰੀਆਂ ਕਾਰਵਾਈਆਂ ਕਰ ਰਹੇ ਹਨ ਅਤੇ ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ https://www.livetraffic.com/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×