ਕੀ ਇਹ ਸਭ ਧਰਤੀ ਉਪਰਲੇ ਜੀਵਨ ਲਈ ਹੋਵੇਗਾ ਠੀਕ…?

ਮੈਲਬੋਰਨ ਯੂਨੀਵਰਸਿਟੀ ਅਤੇ ਅਮਰੀਕਾ ਦੀ ਬਾਇਓਸਾਇੰਸ ਲੈਬਾਰਟਰੀ ਦੇ ਵਿਗਿਆਨੀ ਲਗਾਤਾਰ ਕਈ ਸਾਲਾਂ ਤੋਂ ਇਸ ਕੋਸ਼ਿਸ਼ ਵਿੱਚ ਲੱਗੇ ਹਨ ਕਿ ਤਸਮਾਨੀਆਈ ਟਾਈਗਰ ਜੋ ਕਿ ਆਖਰੀ ਵਾਰੀ ਸਾਲ 1930 ਵਿੱਚ ਦੇਖਿਆ ਗਿਆ ਸੀ ਅਤੇ ਇੱਕ ਹੋਰ ਵਿਸ਼ਾਲ ਪ੍ਰਾਣੀ -ਵੂਲੀ ਮੈਮਥ, ਹਾਥੀ ਵਰਗਾ ਵਿਸ਼ਾਲ ਜਾਨਵਰ ਜਿਸ ਦੇ ਸਰੀਰ ਉਪਰ ਉਨ ਹੁੰਦੀ ਹੈ ਅਤੇ ਇਹ ਜਾਨਵਰ ਵੀ ਇਸ ਧਰਤੀ ਤੋਂ ਲੁਪਤ ਹੋ ਚੁਕਿਆ ਹੈ, ਇਨ੍ਹਾਂ ਨੂੰ ਵਾਪਿਸ ਇਸ ਧਰਤੀ ਉਪਰ ਪੈਦਾ ਕੀਤਾ ਜਾਵੇ। ਇਨ੍ਹਾਂ ਦੋਹਾਂ ਤੋਂ ਇਲਾਵਾ ਇੱਕ ਡੋਡੋ ਨਾਮ ਦਾ ਜੀਵ ਵੀ ਹੈ ਜਿਸ ਦੀ ਪ੍ਰਜਾਤੀ ਵੀ ਲੁਪਤ ਹੋ ਚੁਕੀ ਹੈ। ਉਕਤ ਦੋਹਾਂ ਅਦਾਰਿਆਂ ਦੀਆਂ 85 ਲਬਾਰਟਰੀਆਂ ਅਤੇ ਕਈ ਵਿਗਿਆਨੀ ਇਸ ਖੋਜ ਵਿੱਚ ਲੱਗੇ ਹਨ। ਵਿਗਿਆਨੀਆਂ ਦਾ ਅਨੁਮਾਨ ਹੈ ਇਸੇ ਦਸ਼ਕ ਦੌਰਾਨ ਇਨ੍ਹਾਂ ਪ੍ਰਾਣੀਆਂ ਨੂੰ ਮੁੜ ਤੋਂ ਸੁਰਜੀਤ ਕਰ ਲਿਆ ਜਾਵੇਗਾ।
ਅਜਿਹੇ ਕਾਰਜਾਂ ਉਪਰ 225 ਮਿਲੀਅਨ ਡਾਲਰਾਂ ਦੇ ਖਰਚੇ ਕੀਤੇ ਜਾ ਰਹੇ ਹਨ ਅਤ। ਇਹ ਸਾਰਾ ਕਾਰਨਾਮਾ ਡੀ.ਐਨ.ਏ. ਉਪਰ ਕੀਤੀਆਂ ਜਾ ਰਹੀਆਂ ਖੋਜਾਂ ਉਪਰ ਹੀ ਆਧਾਰਿਤ ਹੈ ਪਰੰਤੂ ਕੁੱਝ ਬੁੱਧੀਜੀਵੀ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਅਜਿਹੀਆਂ ਖੋਜਾਂ ਇਨਸਾਨੀ ਜ਼ਿੰਦਗੀ ਅਤੇ ਧਰਤੀ ਉਪਰ ਜੀਵਨ ਵਾਸਤੇ ਬਹੁਤ ਹੀ ਹਾਨੀਕਾਰਕ ਸਿੱਧ ਹੋ ਸਕਦੀਆਂ ਹਨ ਅਤੇ ਵਿਗਿਆਨੀਆਂ ਵੱਲੋਂ ਚੁੱਕੇ ਜਾ ਰਹੇ ਅਜਿਹੇ ਕਦਮ ਮੂਰਖਤਾਪੂਰਨ ਹੀ ਕਹੇ ਜਾ ਸਕਦੇ ਹਨ। ਇਸ ਵਾਸਤੇ ਉਹ ਅਜਿਹੀਆਂ ਖੋਜਾਂ ਦਾ ਪੂਰਨ ਬਹਿਸ਼ਕਾਰ ਅਤੇ ਵਿਰੋਧ ਕਰ ਰਹੇ ਹਨ।
ਇਨ੍ਹਾਂ ਖੋਜਾਂ ਵਿੱਚ ਰੁੱਝੇ ਹੋਏ ਵਿਗਿਆਨੀਆਂ ਦਾ ਤਰਕ ਹੈ ਕਿ ਜਦੋਂ ਇਸ ਧਰਤੀ ਉਪਰੋਂ ਕੋਈ ਜੀਵ ਜਾਤੀ ਲੁਪਤ ਹੋ ਜਾਂਦੀ ਹੈ ਤਾਂ ਇਸ ਨਾਲ ਧਰਤੀ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਅਤੇ ਅਜਿਹੇ ਨੁਕਸਾਨਾਂ ਦੀ ਪੂਰਤੀ ਲਈ ਹੀ ਵਿਗਿਆਨੀ ਅਜਿਹੀਆਂ ਖੋਜਾਂ ਵਿੱਚ ਲੱਗੇ ਹਨ ਕਿ ਉਨ੍ਹਾਂ ਜੀਵਾਂ ਨੂੰ ਮੁੜ ਤੋਂ ਜੀਵਨ ਪ੍ਰਦਾਨ ਕੀਤਾ ਜਾਵੇ।
ਇਸ ਤਰਕ ਵਿੱਚ ਕਿੰਨੀ ਕੁ ਸਚਾਈ ਹੈ ਇਹ ਤਾਂ ਸਭ ਕੁੱਝ ਭਵਿੱਖ ਦੀ ਕੁੱਖ ਵਿੱਚ ਹੀ ਹੈ ਅਤੇ ਜਦੋਂ ਇਹ ਸੱਚ ਆਪਣਾ ਜਨਮ ਲਵੇਗਾ ਇਸਦੇ ਅਸਲ ਰੂਪ ਤਾਂ ਉਦੋਂ ਹੀ ਦਿਖਾਈ ਦੇਣਗੇ। ਹਾਲ ਦੀ ਘੜੀ ਤਾਂ ਇੰਤਜ਼ਾਰ ਹੀ ਕੀਤਾ ਜਾ ਸਕਦਾ ਹੈ।