ਇਹਨੂੰ ”ਨਾਲੇ ਸੌ ਛਿੱਤਰ ਖਾਣਾ ਤੇ ਨਾਲੇ ਸੌ ਗੰਢਾ ਖਾਣਾ” ਕਿਹਾ ਜਾਂਦੈ

pingalwaraਸ੍ਰੀ ਹਰਿਮੰਦਰ ਸਾਹਿਬ ਦੇ ਅੱਗਿਉਂ 1957 ਤੋਂ ਚੇਤਨਾ ਦਾ ਪ੍ਰਕਾਸ਼ ਵੰਡਦੇ ਆ ਰਹੇ ਪਿੰਗਲਵਾੜਾ ਸੰਸਥਾ ਦਾ ਕਿਤਾਬਾਂ ਵਾਲਾ ਸਟਾਲ ਪ੍ਰਬੰਧਕੀ ਕਮੇਟੀ ਵੱਲੋਂ ਚੁਕਵਾ ਦੇਣ ਦੀ ਘਟਨਾ ਨੇ ਪੂਰੇ ਵਿਸ਼ਵ ‘ਚ ਵਸਦੇ ਪੰਜਾਬੀਆਂ ਦਾ ਧਿਆਨ ਖਿੱਚਿਆ। ਦੁਨੀਆ ਭਰ ਦੀ ਕੋਈ ਹੀ ਪੰਜਾਬੀ ਅਖ਼ਬਾਰ ਹੋਵੇਗੀ ਜਿਸ ਵਿੱਚ ਇਸ ਤਾਨਾਸ਼ਾਹੀ ਅਤੇ ਗੈਰ ਜਿੰਮੇਵਾਰਾਨਾ ਕਾਰਵਾਈ ਦੀ ਆਲੋਚਨਾ ਨਾ ਹੋਈ ਹੋਵੇ। ਪਰ ਹੈਰਾਨੀ ਦੀ ਗੱਲ ਹੈ ਕਿ ਇਸ ਵਰਤਾਰੇ ਨੂੰ ਅੰਜਾਮ ਦੇਣ ਲਈ ਹੁਕਮ ਸੂਬੇ ਦੇ ਉਪ ਮੁੱਖ ਮੰਤਰੀ ਸਾਹਿਬ ਵੱਲੋਂ ਦਿੱਤੇ ਗਏ ਸਨ ਜਿਹਨਾਂ ਦਾ ਜਨਮ ਵੀ ਇਸ ਸਟਾਲ ਦੀ ਸਥਾਪਤੀ ਤੋਂ ਪੰਜ ਵਰ੍ਹੇ ਬਾਦ ਹੋਇਆ ਸੀ। ਬਹਾਨਾ ਇਹ ਸੀ ਕਿ ਉਕਤ ਸਟਾਲ ਸ੍ਰੀ ਹਰਿਮੰਦਰ ਸਾਹਿਬ ਦੀ ਖ਼ੂਬਸੂਰਤੀ ‘ਚ ਅੜਿੱਕਾ ਬਣ ਰਿਹਾ ਸੀ। ਜੇਕਰ ਸਚਮੁੱਚ ਹੀ ਉਹਨਾਂ ਦੇ ਹੁਕਮ ਦੀ ਤਾਮੀਲ ਹੋਈ ਸੀ ਤਾਂ ਸੋਚਣਾ ਬਣਦਾ ਹੈ ਕਿ ਜਿਸ ਸੂਬੇ ਵਿੱਚ ਕਿਤਾਬਾਂ ਨੂੰ ਖੁਬਸੂਰਤੀ ਦਾ ਦਰਜ਼ਾ ਨਹੀਂ ਦਿੱਤਾ ਜਾ ਰਿਹਾ ਉਸ ਸੂਬੇ ਦਾ ਨੇੜ ਭਵਿੱਖ ਕਿਹੋ ਜਿਹਾ ਹੋਵੇਗਾ? ਇਸ ਸਟਾਲ ਦੀ ਖਾਸੀਅਤ ਹੀ ਇਹ ਹੈ ਕਿ ਇਸ ਸਟਾਲ ਰਾਹੀਂ ਮੁਫ਼ਤ ਸਾਹਿਤ ਵੰਡਣ ਅਤੇ ਪਿੰਗਲਵਾੜਾ ਸੰਸਥਾ ਦਾ ਪ੍ਰਚਾਰ ਕਰਨ ਦਾ ਕੰਮ ਭਗਤ ਪੂਰਨ ਸਿੰਘ ਜੀ ਖੁਦ ਵੀ ਕਰਦੇ ਰਹੇ ਹਨ। ਕੀ ਇਹ ਉਸ ਸੰਸਥਾ ਜਾਂ ਸਮੁੱਚੇ ਸਿੱਖ ਭਾਈਚਾਰੇ ਲਈ ਖੁਬਸੂਰਤੀ ਭਰਿਆ ਕਾਰਜ ਨਹੀਂ ਕਿ ਉਕਤ ਸੰਸਥਾ ਉਹਨਾਂ ਲੋਕਾਂ ਦੀ ਸੇਵਾ ਸੰਭਾਲ ਕਰਦੀ ਹੈ ਜਿਹਨਾਂ ਨੂੰ ਪਰਿਵਾਰਕ ਜੀਅ ਵੀ ਨੱਕ ਬੁੱਲ੍ਹ ਮਾਰ ਜਾਂਦੇ ਹਨ। ਕੌਣ ਕਿਸੇ ਦੇ ਮੁਸ਼ਕ ਮਾਰਦੇ ਜ਼ਖ਼ਮਾਂ ‘ਤੇ ਮੱਲ੍ਹਮ ਲਾਉਂਦੈ? ਕੌਣ ਕਿਸੇ ਡਿੱਗੇ ਹੋਏ ਨੂੰ ਹਿੱਕ ਨਾਲ ਕੇ ਪਿਆਰਦੈ? ਕੌਣ ਕਿਸੇ ਦੇ ਅੱਥਰੂ ਪੂੰਝਦੈ? ਕੀ ਅਜਿਹੇ ਪਰਉਪਕਾਰੀ ਕਾਰਜ ਖੁਬਸੂਰਤੀ ਦਾ ਦਰਜ਼ਾ ਹਾਸਲ ਨਹੀਂ ਕਰਦੇ?
ਸਟਾਲ ਨੂੰ ਉਖਾੜ ਸੁੱਟਣ ਤੋਂ ਬਾਦ ਪਿੰਗਲਵਾੜਾ ਸੰਸਥਾ ਦੇ ਸੇਵਾਦਾਰ ਬੀਬੀ ਇੰਦਰਜੀਤ ਕੌਰ ਜੀ ਅਤੇ ਹੋਰ ਸੇਵਾਦਾਰਾਂ ਵੱਲੋਂ ਰੋਸ ਵਜੋਂ ਸ਼ਾਂਤਮਈ ਧਰਨਾ ਦਿੱਤਾ ਗਿਆ। ਇਹਨਾਂ ਸਤਰਾਂ ਦੇ ਲੇਖਕ ਦਾ ਵੀ ਯਕੀਨ ਸੀ ਕਿ ਇਸ ਕਾਰਵਾਈ ਲਈ ਕਮੇਟੀ ਨੂੰ ਜਰੂਰ ਬਰ ਜਰੂਰ ਸ਼ਰਮਿੰਦਾ ਹੋਣਾ ਪਵੇਗਾ ਅਤੇ ਸਟਾਲ ਮੁੜ ਉੱਥੇ ਹੀ ਲੱਗੇਗਾ। ਹੋਇਆ ਵੀ ਉਸੇ ਤਰ੍ਹਾਂ ਹੀ, ਅਖ਼ਬਾਰਾਂ ਰਾਹੀ ਜਾਂ ਦੂਜੇ ਮੀਡੀਆ ਸਾਧਨਾਂ ਰਾਹੀਂ ਆਲੋਚਨਾ ਹੋਣ ਤੋਂ ਬਾਦ ਆਖਰ ਕਮੇਟੀ ਨੂੰ ਉਸੇ ਸਟਾਲ ਨੂੰ ਹੀ ‘ਖ਼ੂਬਸੂਰਤ’ ਮੰਨਣਾ ਪਿਆ ਜਿਸ ਨੂੰ ਬਦਸੂਰਤ ਆਖ ਕੇ ਪੁੱਟ ਦਿੱਤਾ ਗਿਆ ਸੀ। ਬੇਸ਼ੱਕ ਇਹ ਘਟਨਾ ਵਾਪਰਨ ਨੇ ਦਸ ਪੰਦਰਾਂ ਮਿੰਟ ਹੀ ਲਗਾਏ ਹੋਣ ਪਰ ਇਹ ਇਤਿਹਾਸ ਦੇ ਪੰਨਿਆਂ ‘ਤੇ ਆਪਣਾ ਅਸਰ ਜਰੂਰ ਛੱਡ ਗਈ। ਹੁਣ ਜਦ ਵੀ ਕਦੇ ਇਸ ਸਟਾਲ ਦਾ ਜ਼ਿਕਰ ਹੋਇਆ ਕਰੇਗਾ ਤਾਂ ਟੌਹੜਾ ਸਾਹਿਬ ਦੀ ਅਸਫ਼ਲ ਕੋਸ਼ਿਸ਼ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਦੇ ‘ਹੁਕਮ’ ਦਾ ਵੀ ਜ਼ਿਕਰ ਹੋਇਆ ਕਰੇਗਾ। ਦੱਸਣਾ ਬਣਦਾ ਹੈ ਕਿ ਇਸੇ ਸਟਾਲ ਨੂੰ ਇਸੇ ਜਗ੍ਹਾ ਤੋਂ ਹਟਾਉਣ ਦਾ ਫੁਰਮਾਨ ਇੱਕ ਵਾਰ ਟੌਹੜਾ ਸਾਹਿਬ ਨੇ ਵੀ ਜਾਰੀ ਕੀਤਾ ਸੀ। ਇਸ ਸਟਾਲ ਨਾਲ ਜੁੜੀ ਇਸ ਘਟਨਾ ਨੇ ਕਾਫੀ ਕੁਝ ਰੁਸ਼ਨਾ ਦਿੱਤਾ ਹੈ। ਪਹਿਲਾ ਤਾਂ ਇਹ ਕਿ ਹਰ ਵਕਤ ਸ਼ਬਦ ਗੁਰੂ ਦੀ ਤਾਬਿਆ ‘ਚ ਬੈਠ ਕੇ, ਉਸੇ ਸ਼ਬਦ ਗੁਰੂ ਦੇ ਨਾਂ ‘ਤੇ ਸ਼ਾਹੀ ਜ਼ਿੰਦਗੀ ਜਿਉਣ ਵਾਲੇ ਲੋਕਾਂ ਦੀ ਅੰਦਰਲੀ ਖੁਬਸੂਰਤੀ ਦਾ ਚਾਨਣ ਲੋਕਾਂ ਨੂੰ ਜਰੂਰ ਹੋ ਗਿਆ ਹੈ ਕਿ ਜਿਹੜੇ ਲੋਕ ਸ਼ਬਦ ਨੂੰ ਖੁਬਸੂਰਤੀ ਨਹੀਂ ਮੰਨਦੇ, ਉਹਨਾਂ ਲਈ ਖੁਬਸੂਰਤੀ ਸਿਰਫ ਚਮਕ ਦਮਕ ਦਾ ਨਾਂ ਹੀ ਹੋ ਸਕਦੀ ਹੈ। ਉਹਨਾਂ ਲੋਕਾਂ ਲਈ ਇਤਿਹਾਸ ਕੋਈ ਮਾਅਨਾ ਨਹੀਂ ਰੱਖਦਾ, ਸਗੋਂ ਹਰ ਉਹਨਾਂ ਦੀ ਮਨਸ਼ਾ ਤਾਂ ਇਹੀ ਹੋ ਸਕਦੀ ਹੈ ਕਿ ਗੱਡੀਆਂ ‘ਚ ਗੋਲਕ ਖਾਤੇ ‘ਚੋਂ ਪੈਂਦੇ ਤੇਲ ‘ਚ ਕਟੌਤੀ ਨਹੀਂ ਹੋਣੀ ਚਾਹੀਦੀ ਬਸਰਤੇ ਕਿ ਉਸ ਬਦਲੇ ਕੋਈ ਵੀ ਕਾਰਵਾਈ ਕਿਉਂ ਨਾ ਕਰਨੀ ਪਵੇ? ਦੂਜਾ ਇਸ ਕਾਰਵਾਈ ਨੇ ਇਹ ਚਾਨਣ ਕਰ ਦਿੱਤਾ ਕਿ ਇਹ ਪਤਾ ਚੱਲ ਗਿਆ ਕਿ ਵਿਸਾਖੀ, ਦੀਵਾਲੀ ਜਾਂ ਹੋਰ ਧਾਰਮਿਕ ਦਿਹਾੜਿਆਂ ਮੌਕੇ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਨਾਂ ਹੇਠ ਲਿਖੇ ਵੱਡੇ ਵੱਡੇ ਮੱਤ ਦੇਊ ਲੇਖ ਪ੍ਰਧਾਨ ਸਾਹਿਬ ਦੇ ਹੱਥਾਂ ਦੀ ਕਿਰਤ ਨਹੀਂ ਹੋ ਸਕਦੇ। ਕਿਉਂਕਿ ਜੇ ਉਹ ਸਾਹਿਤ ਸਿਰਜਣਾ ਦੇ ਰਾਹ ਤੁਰੇ ਹੁੰਦੇ ਤਾਂ ਕਦੇ ਵੀ ਮੁਫ਼ਤ ਸਾਹਿਤ ਵੰਡਣ ਵਾਲੇ ਸਟਾਲ ਨੂੰ ਬਦਸੂਰਤੀ ਦਾ ਲੇਬਲ ਲਾਉਣ ਦੀ ਇਤਿਹਾਸਕ ਗਲਦੀ ਨਾ ਕਰਦੇ। ਸਟਾਲ ਪੁੱਟਣ ਅਤੇ ਮੁੜ ਲਗਾਉਣ ਦੀ ਇਸ ਕਾਰਵਾਈ ਨੂੰ ਜਿੱਥੇ ਠੇਠ ਭਾਸ਼ਾ ਵਿੱਚ ਥੁੱਕ ਕੇ ਚੱਟਣਾ ਕਹਿੰਦੇ ਹਨ ਉੱਥੇ ਇਸਨੂੰ ”ਨਾਲੇ ਸੌ ਛਿੱਤਰ ਖਾਣਾ ਤੇ ਨਾਲੇ ਸੌ ਗੰਢਾ ਖਾਣਾ” ਵੀ ਕਿਹਾ ਜਾਂਦਾ ਹੈ।
ਜੇਕਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਖੁਬਸੂਰਤੀ ਨੂੰ ਦੇਖ ਮਾਣ ਕੇ ਦੇਸ਼ ਦੇਸ਼ਾਂਤਰ ਤੋਂ ਆਏ ਲੋਕ ਵਾਹ ਵਾਹ ਕਰ ਉੱਠਦੇ ਹਨ ਤਾਂ ਉਹਨਾਂ ਮੂੰਹੋਂ ਵਾਹ ਵਾਹ ਉਸ ਵੇਲੇ ਵੀ ਨਿੱਕਲਦੀ ਹੈ ਜਦੋਂ ਉਹ ਪਿੰਗਲਵਾੜਾ ਸੰਸਥਾ ਵੱਲੋਂ ਗੁਰੂ ਸਾਹਿਬਾਨਾਂ ਦੇ ਦਰਸਾਏ ਰਸਤੇ ‘ਤੇ ਚੱਲਦੇ ਹੋਣ ਬਾਰੇ ਪੜ੍ਹਦੇ ਹਨ। ਦੂਜੇ ਪਾਸੇ ਇਹ ਗੱਲ ਦੁਖ ਦਿੰਦੀ ਹੈ ਕਿ ਅਸੀਂ ਖੁਬਸੂਰਤੀ ਦੀ ਪਰਿਭਾਸ਼ਾ ਹੀ ਨਹੀਂ ਸਮਝ ਸਕੇ। ਕੀ ਖੁਬਸੂਰਤੀ ਲਿੱਪਾ-ਪੋਚੀ ਨੂੰ ਕਹਿੰਦੇ ਹਨ ਜਾਂ ਗੁਣਾਂ ਨੂੰ? ਕਿਸੇ ਔਰਤ ਜਾਂ ਮਰਦ ਨੂੰ ਗਹਿਣਿਆਂ, ਪੁਸ਼ਾਕਾਂ ਨਾਲ ਸਿੰਗਾਰ ਦੇਣਾ ਖੁਬਸੂਰਤੀ ਨਹੀਂ ਕਿਹਾ ਜਾ ਸਕਦਾ ਸਗੋਂ ਉਸ ਮਰਦ ਜਾਂ ਔਰਤ ਦੀ ਸੁਚੱਜੀ ਬੋਲਚਾਲ, ਉਸਦੇ ਪਾਕ ਵਿਵਹਾਰ, ਉਸਦੇ ਉੱਚ ਵਿਚਾਰਾਂ ਨੂੰ ਹੀ ਖੁਬਸੂਰਤੀ ਕਿਹਾ ਜਾ ਸਕਦਾ ਹੈ। ਜੇਕਰ ਸਾਡਾ ਅੰਦਰ ਫਰੇਬਾਂ, ਝੂਠਾਂ ਜਾਂ ਮੱਕਾਰੀਆਂ ਨਾਲ ਭਰਿਆ ਪਿਆ ਹੈ ਤਾਂ ਚਿਹਰੇ ਦੀ ਲਿੱਪਾ-ਪੋਚੀ ਵੀ ਕੋਈ ਮਾਅਨੇ ਨਹੀਂ ਰੱਖਦੀ। ਵਿਚਾਰਾਂ ਦੇ ‘ਬਦਸੂਰਤ’ ਬੰਦੇ ਨੂੰ ਬੇਸ਼ੱਕ ਖੁਬਸੂਰਤ ਬਨਾਉਣ ਵਾਲੀਆਂ ਕਰੀਮਾਂ ਲੋਸ਼ਨਾਂ ਦਾ ਕਾੜ੍ਹਾ ਬਣਾ ਕੇ ਪਿਆ ਦਿਓ। ਉਸਦੇ ਅੰਦਰ ਵਸੀ ਬਦਸੂਰਤੀ ਨੂੰ ਖੁਬਸੂਰਤੀ ‘ਚ ਬਦਲਣ ਲਈ ਸਿਰਫ ਤੇ ਸਿਰਫ ਕਿਤਾਬਾਂ ਹੀ ਇੱਕੋ ਇੱਕ ਇਲਾਜ਼ ਹਨ। ਜੀ ਹਾਂ, ਉਹੀ ਕਿਤਾਬਾਂ ਜਿਹਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੱਗਿਉਂ ਖੁਬਸੂਰਤੀ ‘ਚ ਰੋੜਾ ਗਰਦਾਨ ਕੇ ਪਰ੍ਹਾਂ ਵਗਾਹ ਮਾਰਿਆ ਸੀ। ਸੂਬੇ ਦੇ ਆਹਲਾ ਦਰਜ਼ੇ ਦੇ ਸ਼ਾਸ਼ਕੀ ਪ੍ਰਸ਼ਾਸ਼ਕੀ ਅਹੁਦੇਦਾਰਾਂ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਜੇਕਰ ਪੰਜਾਬ ਦੀ ਖੁਸ਼ਹਾਲੀ ਇਮਾਨਦਾਰੀ ਨਾਲ ਚਾਹੁੰਦੇ ਹੋ ਤਾਂ ਕਿਤਾਬਾਂ ਜਾਂ ਸਾਹਿਤ ਨੂੰ ਖੁਬਸਰਤੀ ਦਾ ਦਰਜਾ ਦੇਣ ਦੀ ‘ਭੁੱਲ’ ਜਰੂਰ ਕਰਿਓ। ਜਿਹਨਾਂ ਦਾ ਅੰਦਰ ਖੁਬਸੂਰਤ ਹੁੰਦਾ ਹੈ, ਉਹਨਾਂ ਦੇ ਅਮਲ ਆਪਣੇ ਆਪ ਖੁਬਸੂਰਤ ਹੋ ਜਾਂਦੇ ਹਨ।

Install Punjabi Akhbar App

Install
×