ਪਿੰਡ, ਪੰਜਾਬ ਦੀ ਚਿੱਠੀ (87)

ਮਿਤੀ : 17-04-2022

ਲੋਕਾਈ ਦਾ ਢਿੱਡ ਭਰਨ ਵਾਲੇ, ਗੁਰੂ ਪਿਆਰਿਓ, ਏਥੇ ਚਾਣਚੱਕ ਗਰਮੀ ਹੋ ਗਈ ਹੈ, ਤੁਹਾਡੇ ਤਾਂ ਸ਼ੈਂਤ ਠੰਡਾ-ਮਿੱਠਾ ਹੋਣਾਂ ਅਜੇ। ਪੱਕੀ ਕਣਕ ਉੱਤੇ ਸੌ ਬਿੱਜਾਂ ਪੈਂਦੀਆਂ। ਹਨੇਰੀ, ਝੱਖੜ, ਅੱਗਾਂ ਲੱਗਣੀਆਂ ਅਤੇ ਬੀਮਾਰੀਆਂ। ਵਧੇ ਤਾਪਮਾਨ ਨੇ ਐਤਕੀਂ ਦਾਣੇ ਹੌਲੇ ਕਰ ਦਿੱਤੇ ਹਨ। ਸਰਕਾਰ ਨੇ ਬਚਾਅ ਲਈ ਤਾਰਾਂ ਕਸੀਆਂ, ਟ੍ਰਾਂਸਫਾਰਮਰਾਂ ਥੱਲਿਓਂ ਲਾਂਗਾ ਵਢਾਇਆ, ਹੋਰ ਵੀ ਸੂਚਨਾ ਦਿੱਤੀਆਂ। ਆਪਣੇ ਪਿੰਡ ਅੰਮ੍ਰਿਤਪਾਲ ਦੀ ਟੀਮ ਨੇ ਖੇਲਾਂ, ਟੈਂਕੀਆਂ, ਡਿੱਗੀਆਂ ਅਤੇ ਡਰੰਮ ਭਰ ਕੇ ਤਿਆਰੀ ਕੀਤੀ। ਇਸਦਾ ਚੰਗਾ ਅਸਰ ਵੀ ਹੋਇਆ, ਪਰ ਕੱਲ ਗਵਾਂਢੀ ਪਿੰਡ ਘੋੜੇ ਆਲਿਆਂ ਦੇ ਦੁਪਹਿਰੇ ਭੜਕ ਪੀ ਅੱਗ। ਬਰੂਦ ਹੀ ਸੀ ਚਾਰੇ ਪਾਸੇ। ਲਾਟਾਂ ਨਿਕਲੀਆਂ ਅਤੇ ਕਈਆਂ ਦੀ ਕਿਸਮਤ ਭੁੱਜ ਗਈ ਦਾਣਿਆਂ ਨਾਲ। ਵੇਂਹਦਿਆਂ-ਵੇਂਹਦਿਆਂ ਪੈ ਗਿਆ ਮੁਲਖ। ਪਹਿਲਾਂ ਈ ਜੁੜੇ ਟਰੈਕਟਰਾਂ ਨੇ ਕਣਕ ਵਾਹੀ। ਸਪੀਕਰਾਂ ਦੀ ਵਾਜ ‘ਤੇ, ਲੋਕਾਂ ਨੇ ਜਾਨਾਂ ਹੂਲ ਕੇ ਪਾਣੀ ਸਿੱਟਿਆ। ਕਿਸੇ ਯੁੱਧ ਤੋਂ ਘੱਟ ਨਹੀਂ ਸੀ। ਹਰ ਪਾਸੇ ਰੌਲਾ। ਪਾਣੀ ਦੇ ਫੁਹਾਰੇ ਚੱਲੇ, ਹਰੀਆਂ ਟਾਹਣੀਆਂ ਨਾਲ ਲੱਗੇ ਰਹੇ ਘੰਟਿਆਂ ਬੱਧੀ ਸੈਂਕੜੇ, ਪਰਉਪਕਾਰੀ ਜੀਊੜੇ। ਵਰਦੀ ਅੱਗ ਵਿੱਚ, ਹਫ਼-ਹਫ਼ ਕੇ ਵੀ, ਅੱਗੇ ਹੋ-ਹੋ ਜੁੱਟੇ ਰਹੇ ਲੋਕ। ਕੁੱਝ ਕਾਬੂ ਪਿਆ ਤਾਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਨੇ ਆ ਬਾਕੀ ਮੋਰਚਾ ਸੰਭਾਲਿਆ। ਜਿੰਨਾਂ ਦਾ ਪੂਰਾ ਜਾਂ ਅੱਧ-ਪਚੱਧਾ ਨੁਕਸਾਨ ਹੋ ਗਿਆ, ਉਨ੍ਹਾਂ ਕਿਸਾਨਾਂ ਦਾ ਦੁੱਖ ਵੇਖਿਆ ਨਹੀਂ ਸੀ ਜਾ ਰਿਹਾ। ਭਾਈਚਾਰੇ ਨੇ ਹਰ ਤਰ੍ਹਾਂ ਦਿਲਾਸਾ ਦਿੱਤਾ ਤਾਂ ਮਸਾਂ ਜਾ ਕੇ ਧੀਰ ਧਰੀ ਵਿਚਾਰਿਆਂ ਨੇ। ਕੋਈ ਪੰਜ-ਛੇ ਘਰਾਂ ਦੀ, ਛੱਤੀ ਕਿੱਲੇ ਕਣਕ ਅਤੇ ਪੰਜ ਕਿੱਲੇ ਨਾੜ ਸੜ ਗਿਆ। ਸੂਏ ਦੀ ਦਰਖਤਾਂ ਵਾਲੀ ਇੱਕ ਪੂਰੀ ਲਾਈਨ ਝੁਲਸ ਗਈ। ਕੰਬਾਈਨ, ਟਰੈਕਟਰ ਅਤੇ ਹੋਰ ਮਸ਼ੀਨਾਂ ਮਸਾਂ ਹੀ ਬਚਾਈਆਂ। ਸਾਰਿਆਂ ਇੱਕੋ ਹੀ ਤਸੱਲੀ ਵਾਲੀ ਸਾਹ ਲਈ ਕਿ ‘ਬੰਦੀਂ-ਸੁੱਖ ਰਿਹਾ’, ਪੈਸੇ ਟਕੇ ਦਾ ਨੁਕਸਾਨ ਤਾਂ ਚੱਲੋ, ਸਮਾਂ ਪਾ ਕੇ ਪੂਰਾ ਹੋ ਜਾਂਦਾ ਹੈ। ਸ਼ਾਮ ਨੂੰ ਕਿਸਾਨ ਯੂਨੀਅਨ ਦੀ ਮੀਟਿੰਗ ‘ਚ ਐਮ.ਐਲ.ਏ. ਨੇ ਆ ਕੇ ਸਰਕਾਰੂ ਮੱਦਦ ਦਾ ਯਕੀਨ ਦਵਾਇਆ। ਰਿਸ਼ਤੇਦਾਰਾਂ ਅਤੇ ਭਰਾਵਾਂ ਨੇ ਕਿਹਾ, ”ਫਿਕਰ ਨਾ ਕਰੋ, ਅਸੀਂ ਨਾਲ ਖੜੇ ਹਾਂ। ਊਂ ਤਾਂ ਅੱਗ ਲੱਗਣ ਦੇ ਕਈ ਅੰਦਾਜੇ ਹਨ, ਪਰ ਵੱਡਾ ਸ਼ੱਕ, ਤੂੜੀ ਵਾਲੀ ਮਸ਼ੀਨ ਦੀ ਚੰਗਿਆੜੀ ਨਿਕਲੀ ਦਾ ਹੈ।
ਹੋਰ, ਕਨੇਡਾ-ਆਸਟ੍ਰੇਲੀਆ ਵਾਲੇ ਵਾਪਸੀ ਜਹਾਜੀਂ ਚੜ੍ਹ ਰਹੇ ਹਨ। ਨਛੱਤਰ ਸਿੰਹੁ ਮੈਂਬਰ ਦੀ ਪੋਤ-ਨੋਂਹ ਨੇ ਕਈ ਸਾਲ ਮਿਹਨਤ ਕਰਕੇ ਪੀ.ਐਚ-ਡੀ. ਦੀ ਡਿਗਰੀ ਲੈ ਲਈ ਹੈ। ਬੂਟਾ ਸਿੰਹੁ, ਰਿਟੈਰ ਹੋ ਕੇ, ਜ਼ਮੀਨ ਖਰੀਦਣ ਦੀ ਝਾਕ ਵਿੱਚ ਹੈ ਅਤੇ ਆਈਲੈਟਸ ਵਾਲਿਆਂ ਦੇ ਮਾਂ-ਪੇ ਜ਼ਮੀਨ ਵੇਚਣ ਲਈ ਕਾਹਲੇ ਹਨ। ਤਾਈ ਪੰਜਾਬੋ ਚੱਲ ਵੱਸੀ ਹੈ। ਨਿੰਬੂ ਖੱਟਾ ਹੋ ਗਿਆ ਹੈ ਅਤੇ ਸਬਜ਼ੀ ਸੋਨਾ ਬਣ ਗਈ ਹੈ। ਸਰਬੂ ਕਿਆਂ ਨੇ, ਟੁੱਟੇ ਬੱਤੇ ਠੀਕ ਕਰਕੇ, ਤੂੜੀ ਵਾਲਾ ਕੋਠਾ ਜਿਉਂਦਾ ਕੀਤਾ ਹੈ। ਸਾਰਿਆਂ ਦੇ ਦਮਾਗ, ਹੁਣ ਕੁਛ ਜਿਆਦਾ ਹੀ ਤੇਜ ਹੋ ਗਏ ਹਨ। ਤਾਈ ਚਿੰਤੋ, ਅਜੇ ਵੀ ਓਵੇਂ ਹੀ ਹਾਕ ਮਾਰਦੀ ਹੈ, ”ਵੇ ਤਾਰੀਅ…ਅ… ਕਿੱਥੇ ਮਰ ਗਿਐਂ…”। ਹਾਂ, ਸੱਚ, ਇਸ ਵਾਰ ਮੰਡੀਆਂ ਵਿੱਚ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਕਣਕ ਵੀ ਵਿੱਕ ਰਹੀ ਹੈ ਅਤੇ ਕੁੱਝ ਪ੍ਰਾਈਵੇਟ ਅਦਾਰਿਆਂ ਤੱਕ ਪਹੁੰਚ ਕਰ ਕੇ ਵੇਚ ਰਹੇ ਹਨ। ਰੱਬ ਖ਼ੈਰ ਕਰੇ! ਬਾਕੀ ਅਗਲੇ ਐਤਵਾਰ,
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com

Install Punjabi Akhbar App

Install
×