ਪਿੰਡ, ਪੰਜਾਬ ਦੀ ਚਿੱਠੀ (84)

ਮਿਤੀ : 27-03-2022

ਜ਼ਰਖ਼ਜ਼ੇ ਖਿੱਤੇ ਵਾਲੇ ਪੰਜਾਬੀਓ, ਅਸੀਂ ਸਾਰੇ ਸੁੱਖੀ-ਸਾਂਦੀ ਹਾਂ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਸੁੱਖ ਦੇਵੇ। ਨਵੀਂ ਕਹਾਣੀ ਇਹ ਹੈ ਕਿ ਰਾਤੀਂ ਰੌਲਾ ਪੈ ਗਿਆ। ਸਪੀਕਰ ਵਿੱਚ ਅੱਧੀ ਰਾਤੀਂ, ਹੋਕਾ ਆਉਣ ਕਰਕੇ ਲੋਕ ਮੋਟਰਸਾਈਕਲਾਂ ਉੱਤੇ ਹਥਿਆਰ ਲੈ ਕੇ ਭੱਜੇ। ਗੱਲ ਇਹ ਸੀ ਕਿ ਪਿਲਕਿਆਂ ਦਾ ਛਿੰਦਾ ਅਤੇ ਠੰਡੂ ਪਾਣੀ ਲਾ ਕੇ ਆ ਰਹੇ ਸਨ। ਵੈਲ੍ਹਾਂ ਵਾਲੇ ਖੇਤਾਂ ਕੋਲ ਕੋਈ ਬੇਸਹਾਰਾ ਪਸ਼ੂਆਂ ਦਾ ਕੈਂਟਰ ਭਰਿਆ, ਲਾਹ ਗਿਆ। ਬੱਸ ਫਿਰ ਕੀ ਸੀ। ਭੁੱਖੇ ਪਸ਼ੂ, ਪੈ ਗਏ ਫ਼ਸਲ ਨੂੰ। ਗਾਂਵਾਂ, ਢੱਠੇ, ਵੱਛੇ। ਫ਼ੋਨ ਅਤੇ ਹੋਕਾ ਸੁਣ ਕੇ ਸਾਰਾ ਪਿੰਡ ਭੱਜ ਉੱਠਿਆ। ਪੱਕੀ ਫ਼ਸਲ ਦਾ ਨੁਕਸਾਨ ਕੌਣ ਝੱਲੇ? ਮਾਰਖੁੰਢ ਢੱਠੇ ਨੇੜੇ ਨਾ ਲੱਗਣ ਦੇਣ। ਓਹ ਤਾਂ ਕੀਤੇ ਨਿਹੰਗ ਨੇ ਪੱਕੇ ਸੇਲੇ ਨਾਲ ਡਰਾ-ਡਰਾ ਕੇ ਪਹਿਲਾਂ ਅੱਡ-ਅੱਡ ਕੀਤੇ, ਫੇਰ ਭਜਾਉਣ ਲੱਗੇ। ਰੌਲਾ ਸੁਣ ਕੇ ਚੰਨਣਖੇੜੇ ‘ਦੀਵਾਨ ਕੀ ਢਾਣੀ ਵਾਲੇ’ ਆ ਗਏ। ਆਵਦੀ ਫ਼ਸਲ ਉੱਜੜਦੀ ਵੇਖ, ਉਨ੍ਹਾਂ ਹਵਾ ਵਿੱਚ ਫ਼ਾਇਰ ਕਰ ਦਿੱਤੇ। ‘ਕੇਰਾਂ ਤਾਂ ਠਠੰਬਰ ਗਏ ਪਸ਼ੂ ਅਤੇ ਆਪਣੇ ਬੰਦੇ। ਫੇਰ ਸੁੱਚੇ ਨੰਬਰਦਾਰ ਨੇ ਢਾਣੀ ਰਾਜੇ ਨੂੰ ਫ਼ੋਨ ਕਰਕੇ ਗੱਲ ਦੱਸੀ। ਮਗਰੋਂ ਸਾਰਿਆਂ ਰਲ ਨਹਿਰ ਦੀ ਪਟੜੀ-ਪਟੜੀ ਪਸ਼ੂ ਅੱਗੇ ਧੱਕ ਦਿੱਤੇ। ਕਾਹਨ ਸਿੰਹੁ ਦੀਵਾਨ ਨੇ ਦੱਸਿਆ, ”ਅੱਧੀ ਰਾਤ ਨੂੰ ਕਈ ਪਿੰਡਾਂ ਦੀਆਂ ਜੂਹਾਂ ‘ਚ, ਛੇਈ-ਛੇਈ, ਗੋਕੇ ਨੂੰ ਹਾਈਡਰੌਲਿਕ ਟਰਾਲੇ ਵਾਲੇ ਢੇਰੀ ਕਰ ਜਾਂਦੇ ਹਨ। ਰੱਬ ਦੇ ਜਾਏ ਜੀਅ, ਹੁਣ ਕਿੱਧਰ ਜਾਣ? ਪਹਿਲਾਂ ਤਾਂ ਸਾਡੀ ਗਲਤੀ ਹੈ, ਮਾਂਵਾਂ ਵਰਗੀਆਂ ਗਾਂਵਾਂ ਨੂੰ ਦੁੱਧ ਪੀ ਕੇ, ਰੱਸੇ ਲਾਹ ਦਿੰਦੇ ਹਾਂ। ਕਈਆਂ ਦੇ ਤਾਂ ਕੰਨ੍ਹਾਂ ਵਿੱਚ, ਹਰੇ ਨੰਬਰ ਵਾਲੇ ਟੈਗ ਵੀ ਲੱਗੇ ਹੁੰਦੇ ਹਨ। ਫੇਰ ਸਰਕਾਰ ਟੈਕਸ ਲੈ ਕੇ ਵੀ ਪ੍ਰਬੰਧ ਨਹੀਂ ਕਰਦੀ। ਪੁੜੇ ਛਿਲਾਹ ਕੇ, ਮਰਦੇ ਦਮ ਤੱਕ, ਸਮਾਂ ਪੂਰਾ ਕਰ ਲੈਂਦੇ ਹਨ, ਰੱਬੀ ਜੀਅ, ਰੱਬ ਖ੍ਹੈਰ ਕਰੇ।” ਸਾਰੀ ਰਾਤ ਖ਼ਰਾਬ ਕਰਕੇ ਮੁੜ ਆਇਆ ਪਿੰਡ। ਕਿਸੇ ਵੇਲੇ, ਗਲੀਆਂ ਵਿੱਚ ”ਕੱਟਾ-ਮੱਝ ਵੇਚ ਲੋ, ਕੱਟਾ-ਮੱਝ” ਦੇ ਹੋਕੇ ਆਉਂਦੇ ਸੀ। ਸਮੇਂ ਨਾਲ, ਕਈ ਕੁੱਝ, ਉਲਟ-ਪੁਲਟ ਹੋ ਜਾਂਦੈ। ਪਹਿਲਾਂ ਲੋਕ ਪਸ਼ੂਆਂ ਨੂੰ ਵੀ ਘਰ ਦੇ ਜੀਆਂ ਵਾਂਗ ਮੋਹ-ਪਿਆਰ ਕਰਦੇ ਅਤੇ ਮਰਦੇ ਦਮ ਤੱਕ ਸੰਭਾਲਦੇ ਸਨ। ਮਾਂ ‘ਤੇ ਗਾਂ ਨੂੰ ਘਰੋਂ ਨਹੀਂ ਕੱਢਦੇ ਸਨ। ਦੁੱਧ ‘ਤੇ ਪੁੱਤ ਨੂੰ ਵੇਚਦੇ ਨਹੀਂ ਸਨ। ਹੁਣ ‘ਪਾਪ-ਪੁੰਨ’, ਧੋ ਕੇ ਪੀ ਗਏ ਹਨ ਕਲਯੁਗੀ। ਤਾਇਆ ਹਾਕਮ ਸਿੰਘ ਨੇ ਬਲਦ ਨੂੰ ਪਾਲ-ਸਾਂਭ ਕੇ, ਘਰੇ ਹੀ ਦੱਬਿਆ ਸੀ। ਦੋ ਡੰਗ ਘਰੇ ਚੁੱਲ੍ਹਾ ਨਹੀਂ ਸੀ ਬਲਿਆ। ਪਸ਼ੂਆਂ-ਪੰਛੀਆਂ ਅਤੇ ਦਰਖ਼ਤਾਂ ਨਾਲ ਪਿਆਰ ਹੀ ‘ਅਸਲੀ ਕੁਦਰਤ’ ਹੈ। ਬਾਬੇ ਨਾਨਕ ਨੇ ਲਿਖਿਐ, ”ਬਲਿਹਾਰੀ ਕੁਦਰਤ ਵਸਿਆ”, ਕਈ ਦਿਨ ਖੁੰਢਾਂ ਉੱਤੇ ਪਸ਼ੂਆਂ ਦੇ ਉਜਾੜੇ, ਰਾਖੀ, ਰਾਖੇ, ਮਣੇ, ਪਹਿਰੇ, ਫ਼ਸਲ ਅਤੇ ਹੱਲ ਸੰਬੰਧੀ ਦੰਦ-ਕਥਾ ਚੱਲਦੀ ਰਹੀ, ਪਰ ਪਰਨਾਲਾ ਅਜੇ ਉਸੇ ਬਨੇਰੇ ਉੱਤੇ ਹੀ ਹੈ। ਖ਼ੈਰ!
ਹੋਰ, ਭੂਆ ਦਾ ਮੁੰਡਾ ਬਾਈ ਜੀ ਸੰਪੂਰਨ ਸਿੰਘ, ਆਰਜਾ ਪੂਰੀ ਕਰ ਗਿਆ ਹੈ। ਪ੍ਰਾਈਵੇਟ ਸਕੂਲਾਂ ਵਿੱਚ ਨਿੱਕੀ ਕਲਾਸ ਦੇ, ਵੱਡੇ ਖ਼ਰਚੇ ਭਰ ਕੇ, ਲੋਕੀਂ ਚੀਂ-ਚੀਂ ਕਰ ਰਹੇ ਹਨ। ਹਵਾ ਬਦਲੀ ਹੈ। ਕਈ ਪ੍ਰਵਾਸੀ ਭਰਾ ਆ ਕੇ, ਆਪਣੇ ਘਰਾਂ ਨੂੰ ਰੰਗ-ਰੋਗਨ ਕਰਕੇ, ਕਿਰਾਏਦਾਰਾਂ ਨੂੰ ਮੌਜ ਬਣਾ ਗਏ ਹਨ। ਅਵਤਾਰ ਆਸਟ੍ਰੇਲੀਆ ਟੱਪ ਗਿਆ ਹੈ। ਸਤਵੰਤ ਭਾਈ, ਕੈਨੇਡਾ ਤੋਂ ਭਾਈ ਦੇ ਆਏ ਕੱਪੜੇ ਪਾ ਕੇ ਮੋਹ-ਮਹਿਸੂਸ ਕਰ ਰਿਹਾ ਹੈ। ਭੂਰੀ ਹੋਈ ਕਣਕ, ਚੰਗਾ ਸੁਨੇਹਾ ਦੇ ਰਹੀ ਹੈ ਅਤੇ ਸੀਕਰੀਆਂ ਵਿੱਚ ਜਿਉਂਦੀ, ‘ਗੁਲਾਬੀ ਸੁੰਡੀ’ ਡਰਾ ਰਹੀ ਹੈ। ਬਲਵਿੰਦਰ, ਮੀਤਾ, ਗੁਰਮੁਖ, ਭੋਲਾ, ਜੱਸੂ, ਕ੍ਰਿਸ਼ਨਾ, ਛਾਬੜਾ ਅਤੇ ਭਿੰਡਾ, ਸਾਰੇ ਹਰੀ ਕਾਇਮ ਹਨ। ਤੁਸੀਂ ਵੀ ‘ਗੁੱਡ-ਮਾਰਨਿੰਗ’ ਕਾਇਮ ਰੱਖਿਓ, ਸੰਬੰਧ ਜਿਉਂਦੇ ਰਹਿਣ ਦਾ ਹੌਸਲਾ ਰਹਿੰਦਾ ਹੈ। ਮਾਲ-ਮਨੁੱਖੀ-ਮਸ਼ੀਨਰੀ ਸੁੱਖ ਰਹੇ। ਪਿੰਡ ਦੀ ਚੜ੍ਹਦੀ ਕਲਾ। ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com

Install Punjabi Akhbar App

Install
×