ਪਿੰਡ, ਪੰਜਾਬ ਦੀ ਚਿੱਠੀ (93)

ਮਿਤੀ : 29-05-2022

ਪਿਆਰਿਓ, ਇੱਥੇ ਸਭ ਰਾਜ਼ੀ-ਖੁਸ਼ੀ ਹੈ, ਤੁਹਾਡੀ ਸੁੱਖ-ਸਾਂਦ ਪ੍ਰਮਾਤਮਾ ਤੋਂ ਸਦਾ ਨੇਕ ਚਾਹੁੰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਉਪਕਾਰ ਸਿੰਹੁ ਸੇਖੋਂ, ਦਾ ਪੋਤਰਾ, ਵਿਹੜੇ ਵਿਚਾਲੇ, ਨਿੰਮ ਨੂੰ ਪੁੱਟ ਕੇ ਕੋਠੀ ਪਾਉਣ ਦੀ ਵਿਉਂਤ ਬਣਾਈ ਬੈਠਾ ਸੀ, ਕਿ ਅਚਰਜ ਵਾਪਰ ਗਿਆ। ਰਾਤੀਂ, ਨਿੰਮ ਨੇ ਆਣ ਹਲੂਣਿਆ, ਕਹਿੰਦਾ, ”ਸਾਊਆ! ਮੈਂ ਤੇਰਾ ਕੀ ਵਿਗਾੜਿਐ, ਕੋਠੀ ਤਾਂ ਕਿੱਲੇ ਜਿੱਡਾ ਘਰ ਐ, ਅੱਗੇ-ਪਿੱਛੇ ਵੀ ਪੈ ਜੂ, ਪਰ ਮੈਂ ਨੀ ਮੁੜ ਲੱਭਣਾ, ਅਕਲ ਕਰ, ਪਾਪ ਨਾ ਕਰ।” ਚੜ੍ਹੀ ਜਵਾਨੀ ਨੂੰ ਸਮਝ ਨਾ ਆਵੇ? ਨਿੰਮ ਕਹਿੰਦਾ, ”ਧਿਆਨ ਨਾਲ ਸੁਣ, ਤੇਰੇ ਦਾਦੇ ਨੇ ਜਦੋਂ ਫੱਟਿਆਂ ਦੀ ਕੰਧ ਕਢਾਈ, ਤਾਂ ਚਾਰ-ਚੁਫੇਰੇ ਨਿਆਂਈਂ ‘ਚ ਸੁੰਨ-ਮਸਾਨ ਸੀ। ਮੈਂ ਕੱਚੀਆਂ ਇੱਟਾਂ ਦੇ ਚੱਠੇ ‘ਚ ਆਪੇ ਉੱਗਿਆ। ਮੀਂਹਾਂ ਨੇ ਮੈਨੂੰ ਸਾਲ ‘ਚ ਗੱਭਰੂ ਕਰ ਤਾ। ਤੇਰੇ ਦਾਦਾ-ਦਾਦੀ ਮੇਰੇ ਥੱਲੇ ਬਹਿੰਦੇ, ਲੰਮੀਆਂ ਵਿਉਂਤਾਂ ਕਰਦੇ। ਏਥੇ ਈ, ਚਾਰ-ਪੰਜ ਜਵਾਕ ਤੇਰੇ ਪਿਉ ਹੁਰੀਂ ਹੋਏ। ਵੇਹੜਾ ਭਰ ਗਿਆ। ਮੇਰੀ ਛਾਂ ਥੱਲੇ, ਨਮੋਲੀਆਂ ਖਾਂਦੇ, ਖੇਡਦੇ ਉਹ ਵੱਡੇ ਹੋਏ। ਮੇਰੀ ਦਰਵਾਜ਼ੇ ਵਰਗੀ ਛਾਂ ਥੱਲੇ ਗੱਡਾ ਵੀ ਖੜ ਜਾਂਦਾ ਸੀ, ਮੱਝਾਂ ਵੀ ਬੱਝ ਜਾਂਦੀਆਂ ਸੀ ਅਤੇ ਦੋ ਮੰਜੇ ਵੀ ਡਹਿ ਜਾਂਦੇ ਸੀ। ਮੈਂ ਘਰ ਦੀ, ਸਾਰੀ ਰੌਣਕ ਦਾ ਧੁਰਾ ਸੀ। ਮੇਰੇ ਪੱਤੇ, ਤੁਹਾਡੇ ਜੰਮਣ ‘ਤੇ ਬੂਹੇ ਅੱਗੇ ਬੱਝੇ। ਮੇਰੇ ਪੱਤੇ ਉਬਾਲ ਕੇ, ਗਲੀ ਵਾਲੇ ਜਖ਼ਮਾਂ ਦਾ ਇਲਾਜ ਕਰਦੇ ਰਹੇ। ਭਰੇ ਵਿਹੜੇ ‘ਚ ਪੂਰਾ ਸੰਸਾਰ ਵੱਸਦਾ ਸੀ। ਫੇਰ ਮੈਂ ਪੜ੍ਹਾਈ ਲਈ, ਕਈ ਜੀਆਂ ਨੂੰ ਦੂਰ-ਦੂਰ ਤੋਰਿਆ। ਸਾਰਿਆਂ ਦੇ ਵਿਆਹ, ਮੇਰੇ ਥੱਲੇ ਹੀ ਹੋਏ। ਤੇਰੇ ਦਾਦੇ ਨੇ ਬਲਦ ਪੂਰੇ ਹੋਣ ‘ਤੇ, ਮੇਰੇ ਸਾਹਮਣੇ ਵੇਹੜੇ ‘ਚ ਹੀ ਨੱਪੇ, ‘ਕਿ ਘਰ ਦੇ ਜੀਅ ਹਨ’। ਘਰ ਦੇ ਸਾਰੇ ਭੇਤ ਮੇਰੇ ਕੋਲ ਹਨ। ਮੇਰੇ ਥੱਲੇ ਟਰੈਕਟਰ ਅਤੇ ਕਾਰਾਂ ਵੀ ਆਈਆਂ। ਜਲੰਧਰੋਂ ਟਰੇਨਿੰਗ ਕਰਦੇ ਤੇਰੇ ਚਾਚੇ ਠੋਲੂ ਨੇ, ਆ ਕੇ ਮੈਨੂੰ ਜੱਫ਼ਾ ਪਾ ਕੇ ਕਿਹਾ, ‘ਲੈ ਇਹ ਤਾਂ ਹੁਣ ਮੇਰੇ ਤੋਂ ਵੀ ਵੱਡਾ ਹੋ ਗਿਐ। ਸਾਰੇ ਟੱਬਰ ਨੇ ਮੇਰੀਆਂ ਦਾਤਣਾਂ ਕਰਕੇ, ਦੰਦ ਤਕੜੇ ਰੱਖੇ। ਮੇਰੇ ਕੋਲੇ ਲੱਗੇ ਨਲਕੇ ਤੋਂ ਠੰਡਾ ਪਾਣੀ ਪੀ ਕੇ ਲੋਕੀਂ ਕਹਿੰਦੇ, ‘ਆਹ ਤਾਂ ਯਾਰੋ ਸੁਰਗ ਐ’। ਮੈਂ ਡੋਲੀਆਂ ਵੀ ਤੋਰੀਆਂ ਅਤੇ ਅਰਥੀਆਂ ਵੀ। ਮੈਂ ਘਰ ਦੀ ਨਿਸ਼ਾਨੀ ਹਾਂ, ‘ਨਿੰਮ ਵਾਲਾ ਘਰ ਐ ਉਨ੍ਹਾਂ ਦਾ’। ਹੁਣ ਘਰ ਦੇ ਕੁੱਲ ਇੱਕੀ ਜੀਅ, ਪੂਰੀ ਦੁਨੀਆਂ ‘ਚ ਫ਼ੈਲੇ ਹਨ। ਕਦੇ-ਕਦੇ ਜਦੋਂ ਆਉਂਦੇ ਹਨ ਤਾਂ ਮੈਨੂੰ ਚਾਅ ਚੜ ਜਾਂਦੈ, ਮੇਰੀਆਂ ਟਾਹਣੀਆਂ ਝੂਮਦੀਆਂ ਹਨ। ਦਾਦੇ ਦੇ ਪੁੱਤਾਂ ਵਾਂਗੂੰ ਪਾਲੇ, ਨਿੰਮ (ਤਾਏ) ਦਾ ਕਤਲ ਨਾ ਕਰ। ਮੈਨੂੰ ਮੇਰੀ ਉਮਰ ਭੋਗਣ ਦੇ…..।” ”ਨਹੀਂ, ਕਤਲ ਨਹੀਂ ਕਰਾਂਗਾ ਮੈਂ, ਇਹ ਪਾਪ ਐ”, ਬੁੜਬੁੜਾਉਂਦਾ ਜਸਕਰਨ ਸਿੰਘ ਕਾਕਾ, ਉੱਠ ਖੜਾ ਅਤੇ ਨਕਸ਼ਾ ਬਦਲਾਉਣ ਚਲਾ ਗਿਆ।
ਬਾਕੀ, ਤੇਜ਼ ਮਹਿੰਗਾਈ ਨੇ ਗਰਮੀ ਨੂੰ ਮਾਤ ਪਾ ਦਿੱਤੀ ਹੈ। ਨਾਜਾਇਜ਼ ਕਬਜ਼ਿਆਂ ਨੂੰ ਛੱਡਣਾ, ਔਖਾ ਹੋ ਰਿਹਾ ਹੈ। ਛੁੱਟੀਆਂ ‘ਚ ਸਮਰ ਕੈਂਪ ਅਤੇ 31 ਮਈ ਨੂੰ ਸੇਵਾ-ਮੁਕਤੀ ਵਾਲਿਆਂ ਦੀ ਤਿਆਰੀ ਚੱਲ ਰਹੀ ਹੈ। ਸਾਰਜ ਸਿੰਘ, ਲਖਵਿੰਦਰ ਸਿੰਘ ਅਤੇ ਕ੍ਰਿਸ਼ਨ ਕੁਮਾਰ ਪੁਲਸ ਭਰਤੀ ਲਈ ਪ੍ਰੈਕਟਿਸ ਉੱਪਰ ਹਨ। ਖੇਤੀ, ਸਰਕਾਰ, ਕਾਰੋਬਾਰ ਨਾਲੋਂ ਹੁਣ, ਬਾਹਰ ਜਾਣ ਦੀਆਂ ਗੱਲਾਂ ਜ਼ਿਆਦਾ ਹੁੰਦੀਆਂ ਹਨ। ਭਾਨਾ ਫੁੱਫੜ ਤੁਰ ਗਿਆ ਹੈ ਅਤੇ ਛੋਟੋ ਦੇ ਪੋਤੀ ਆ ਗਈ ਹੈ। ਹਰਪ੍ਰੀਤ ਸੇਖੋਂ ਹੁਣ ਕਹਾਣੀਆਂ ਲਿਖਣ ਲੱਗ ਗਿਆ ਹੈ ਅਤੇ ਸੈਮੀ ਦੀਆਂ ਮਹਿਫ਼ਿਲਾਂ ਘੱਟ ਗਈਆਂ ਹਨ। ਅਸਟਰੇਲੀਆ, ਕੈਨੇਡਾ ਵਾਲਿਆਂ ਦੇ ਕਦੇ-ਕਦੇ ਫ਼ੋਨ ਆ ਜਾਂਦੇ ਹਨ, ਤੁਸੀਂ ਵੀ ਕਰਦੇ ਰਿਹਾ ਕਰੋ। ਚੰਗਾ ਲੱਗਦਾ।
ਚੰਗਾ, ਬਾਕੀ ਅਗਲੇ ਐਤਵਾਰ,
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com

Install Punjabi Akhbar App

Install
×