ਮਿਤੀ : 06-11-2022
ਮੇਰੇ ਪਿਆਰੇ, ਆਪਣਿਓ, ਜਿੰਦਾਬਾਦ।
ਅਸੀਂ ਰੱਬੀ ਰਜ਼ਾ ਵਿੱਚ ਖੁਸ਼ ਹਾਂ। ਪਰਮਾਤਮਾ ਤੁਹਾਡੀਆਂ ਵੀ ਸ਼ੁਭ-ਮਨੋਕਾਮਨਾਵਾਂ ਪੂਰੀਆਂ ਕਰੇ। ਅੱਗੇ ਸਮਾਚਾਰ ਇਹ ਹੈ ਕਿ ਦੀਵਾਲੀ, ਪਰਾਲੀ ਅਤੇ ਕੁਦਰਤੀ ਛੇੜ-ਛਾੜ ਕਰਕੇ, ਅਜੇ ਵੀ ਪੱਖੇ ਚੱਲ ਰਹੇ ਹਨ। ਖੇਤਾਂ ਵਿੱਚ, ਕੰਬਾਈਨਾਂ ਨਾਲ ਕੱਟੇ ਝੋਨੇ ਮਗਰੋਂ, ਪਰਾਲੀ ਦੀਆਂ ਲਾਈਨਾਂ ਬੜੀਆਂ ਸੋਹਣੀਆਂ ਲੱਗ ਰਹੀਆਂ ਹਨ। ਹਿੰਮਤੀ ਲਖਵਿੰਦਰ ਨੇ, ਦਿਹਾੜੀਏ ਜੋੜ ਕੇ, ਹਰੀ ਪਰਾਲੀ ‘ਕੱਠੀ ਕਰ, ਕੁਤਰ ਲਈ ਹੈ। ‘ਕੇਰਾਂ ਤਾਂ ਉਸਦੇ ਡੇਅਰੀ ਫ਼ਾਰਮ ਉੱਤੇ ਤੂੜੀ ਦੀ ਮਹਿੰਗਾਈ ਨੂੰ ਠੱਲ ਪੈ ਗਈ ਹੈ। ਕਈ ਤਾਂ ਤੂੜੀ ਦਾ/ਚਾਰੇ ਦਾ ਅਚਾਰ ਵੀ ਪਾ ਲੈਂਦੇ ਹਨ। ਪਰਾਲੀ ਦੀ ਅੱਗ ਨੇ ਧੂੰਆਂਧਾਰ ਕਰ ਦਿੱਤਾ ਹੈ ਅਤੇ ਡੇਂਗੂ ਖ਼ੂਨ ਚੂਸ ਰਿਹੈ। ਦਰਖਤਾਂ ਦੇ ਨਾਲ-ਨਾਲ, ਜੀਅ-ਜਨੌਰ ਵੀ ਸੜ ਰਹੇ ਹਨ। ਪਰਾਲੀ ਦੀਆਂ ਚੌਰਸ, ਗੱਠਾਂ ਵੀ ਬਣ ਰਹੀਆਂ ਹਨ। ਅਗੇਤਾ ਸਾਗ, ਪਾਲਕ, ਮੇਥਰੇ ਅਤੇ ਮੂਲੀਆਂ ਬਿਨਾਂ ਰੁੱਤ ਦੇ ਸਵਾਦ ਤੋਂ ਵੀ, ਸੋਨੇ ਦੇ ਭਾਅ ਵਿਕ ਰਹੇ ਹਨ। ਪਿੰਡ ਵਾਲੇ ਵੀ ਖੇਤਾਂ ‘ਚ ਸਬਜ਼ੀ-ਦਾਲ ਦੀ ਥਾਂ, ਸ਼ਹਿਰ ਤੋਂ ਮਹਿੰਗੀ ਬੇਹੀ ਸਬਜ਼ੀ, ਉਂਗਲ ‘ਤੇ ਪਾਲੀਥਨ ਲਿਫ਼ਾਫ਼ਾ ਟੰਗੀ ਲਿਆ ਰਹੇ ਹਨ। ਫੂਲਾ ਅੰਦਾਜਾ ਲਾਉਂਦਾ, ”ਨਿਆਣੇਂ ਬਾਹਰ ਜਾਣ ਕਰਕੇ ਪਿੰਡ ਖਾਲੀ ਹੋ ਜੂਗਾ।” ਜਸਵਿੰਦਰ ਕਹਿੰਦਾ, ”ਪਿੰਡ ਤਾਂ ਖਾਲੀ ਨਹੀਂ ਹੁੰਦਾ, ਆਬਾਦੀ ਬਥੇਰੀ ਵੱਧ ਰਹੀ ਹੈ, ਪਰ ਸਭਿਆਚਾਰ ਉੱਤੇ ਬਹੁਤ ਅਸਰ ਪੈ ਰਿਹੈ।” ‘ਵਾਤਾਵਰਨ ਬਚਾਓ ਸੰਸਥਾ ਅਰਨੀਵਾਲਾ ਵੱਲੋਂ, ਫੁੱਲਾਂ ਦੀ ਪਨੀਰੀ ਮੁਫ਼ਤ ਵੰਡੀ ਜਾ ਰਹੀ ਹੈ। ‘ਕੈਂਸਰ ਰੋਕੋ’ ਵਾਲੇ ਧਾਲੀਵਾਲ ਹੁਰੀਂ, ਕੈਂਸਰ ਦੇ ਮੁਫ਼ਤ ਇਲਾਜ ਦੇ ਥਾਂ-ਥਾਂ ਕੈਂਪ ਲਾ ਰਹੇ ਹਨ। ‘ਮਾਨਵ ਸੰਸਥਾ’ ਵੱਲੋਂ ਮੁਫ਼ਤ ਦਰਖ਼ਤ ਲਾਉਣ ਅਤੇ ਸੰਭਾਲਣ ਦੀ ਸੇਵਾ ਹੋ ਰਹੀ ਹੈ। ‘ਸਰਬੱਤ ਦਾ ਭਲਾ’ ਟਰੱਸਟ ਵੱਲੋਂ ‘ਓਬਰਾਏ ਸਾਹਿਬ’ ਕਈ ਤਰ੍ਹਾਂ ਦੀ ਸੇਵਾ ਵਿੱਚ ਲੱਗੇ ਹਨ। ‘ਬੜੂ ਸਾਹਿਬ ਵਾਲੇ ਬਾਬੇ’ ਲੜਕੀਆਂ ਨੂੰ ਮੁਫ਼ਤ ਪੜ੍ਹਾ ਕੇ, ਸਕੂਲਾਂ ਵਿੱਚ ਟੀਚਰ ਵੀ ਰੱਖ ਰਹੇ ਹਨ। ਗਲੀਆਂ ਵਿੱਚ, ਉੱਚੀ ਸਪੀਕਰ ਰਾਹੀਂ, ”ਪਿੱਤਲ ਦੇ ਭਾਂਡੇ ਕਲੀ ਕਰਾਲੋ, ‘ਕਲੀ’ ਸਿਹਤ ਲਈ ਫ਼ਾਇਦੇਮੰਦ ਹੈ”, ”ਪੁਰਾਣਾ ਲੋਹਾ ਵੇਚ, ਰੱਦੀ ਵੇਚ, ਕੂਲਰ ਵੇਚ, ਪਲਾਸਟਿਕ ਵੇਚ”, ”ਲਾਲ ਟਮਾਟਰ ਲੈ, ਹਰੀਆਂ ਮਿਰਚਾਂ ਲੈ, ਤਾਜ਼ਾ ਲਸਣ ਲੈ, ਸਸਤੇ ਅਮਰੂਦ ਲੈ, ਪਿਆਜ ਲੈ” ਆਦਿ ਦੇ ਹੋਕੇ, ਸਿਰ ਖਾ ਜਾਂਦੇ ਹਨ। ਸਿਰ ਖੁਰਕਦੇ, ਫ਼ਿਕਰ ਕਰਦੇ ਕਿਸਾਨ, ਕੰਮ ਕਰਨ ਦੇ ਨਾਲ-ਨਾਲ, ਚੌਰਸ ਉੱਚੀਆਂ ਕੋਠੀਆਂ ਵੀ ਪਾ ਰਹੇ ਹਨ, ਪੈਲਸਾਂ ਦੇ ਮਹਿੰਗੇ ਖ਼ਰਚੇ ਵੀ ਕਰ ਰਹੇ ਹਨ, ਕਾਰਾਂ ਉੱਤੇ ਵੀ ਜਾ ਰਹੇ ਹਨ ਅਤੇ ਹਸਪਤਾਲਾਂ ਵਿੱਚੋਂ ਥੱਬਾ ਗੋਲੀਆਂ ਵੀ ਲਿਆ ਰਹੇ ਹਨ।
ਹੋਰ, ਗਿੱਲ ਮਲਕੀਤ ਬਾਈ ਜ਼ਿੰਦਾਬਾਦ ਹੈ। ਵੀਰੇ ਭਾਈ ਦੀ ਦੁੱਧ ਡੇਰੀ ਕਾਇਮ ਹੈ। ਛਾਬੜਾ ਸਾਹਿਬ ਕੇ ਭਜਨ ਪਾਠ ਹੋ ਰਿਹੈ। ਗੁਰਚਰਨ ਸਿੰਘ ਬਰਾੜ ਦੇ ਫੁੱਲ-ਬੂਟੇ ਅਤੇ ਮੁਰਗੀਖਾਨਾ ਓ.ਕੇ. ਹੈ। ਜਗਦੇਵ ਸਿੰਘ ਨਰਮੇ ਦੀਆਂ ਟਰਾਲੀਆਂ ਦਾ ਹਿਸਾਬ ਲਾ ਰਿਹੈ। ਲਿਮਟ ਭਰਨ ਲਈ ਲੱਦ-ਪਲੱਦ ਹੋਈ ਜਾਂਦੀ ਹੈ। ਤਜਿੰਦਰ ਸਿੰਘ ਬੈਂਕ ਤੋਂ ਰਿਟਾਇਰ ਹੋ ਗਿਐ ਅਤੇ ਪਰਮਦੇਵ ਸਿੰਘ ਦੀ ਤਿਆਰੀ ਹੈ। ਕਣਕ ਬਿਜਾਈ, ਪੜ੍ਹਾਈ ਅਤੇ ਅਰਦਾਸ ਕਰਾਈ ਜ਼ੋਰਾਂ ‘ਤੇ ਹੈ।
ਬਾਕੀ, ਗਲੀਆਂ ਦੀ ਰੌਣਕ ਅਤੇ ਘਰਾਂ ਦੇ ਦੁੱਖ-ਸੁੱਖ ਨਾਲੋ-ਨਾਲ ਹੀ ਚੱਲ ਰਹੇ ਹਨ। ਓਹੀ ਭੂਆ ਬੰਤੀ ਅਤੇ ਓਹੀ ਫੁੱਫੜ ਜਰਨੈਲ ਸਿੰਹੁ। ਟੀਂ-ਟੀਂ, ਪੀਂ-ਪੀਂ ਵੱਧ ਗਈ ਹੈ ਅਤੇ ਬਲੱਡ ਵੀ। ਗੱਲਾਂ ਦਾ ਕੀ ਮੁੱਕਦੈ! ਚੰਗਾ, ਬਾਕੀ ਅਗਲੇ ਐਤਵਾਰ, ਨਾਲ ਸਤਿਕਾਰ।
ਤੁਹਾਡਾ ਆਪਣਾ…….
(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com