ਪੁਸਤਕ ਚਰਚਾ: ਪਿੰਡ ਕੱਦੋ ਦੇ ਵਿਰਾਸਤੀ ਰੰਗ

ਸਮਾਜਿਕ ਵਿਕਾਸ ਦੀ ਨਿਰੰਤਰ ਗਤੀਸ਼ੀਲਤਾ ਨੂੰ ਬਣਾਈ ਰੱਖਣ ਲਈ ਕੀਤੀ ਮਨੁੱਖੀ ਜੱਦੋ- ਜਹਿਦ ਨਾਲ  ਸਬੰਧਤ ਤੱਥ  ਅੰਕੜੇ ਤੇ ਘਟਨਾਵਾਂ ਮਿਲ ਕੇ ਹੀ ਕਿਸੇ  ਭੂਗੋਲਿਕ ਖਿੱਤੇ ਦੇ ਇਤਿਹਾਸ ਤੇ   ਵਿਰਾਸਤ ਦਾ ਨਿਰਮਾਨ ਕਰਦੇ ਹਨ। ਵੱਖ ਵੱਖ ਸਮਾਜਿਕ , ਆਰਥਿਕ ਤੇ ਰਾਜਨੀਤਕ ਦਬਾਵਾਂ ਅਧੀਨ ਜਦੋਂ ਉਸ ਖਿੱਤੇ ਦੀ  ਸਮਾਜਿਕ ਵਿਕਾਸ ਦੀ ਦਸ਼ਾ ਤੇ ਦਿਸ਼ਾ ਤਬਦੀਲ ਹੁੰਦੀ ਹੈ ਤਾਂ ਉੱਥੋਂ   ਦੀ  ਵਿਰਾਸਤ  ਵੀ ਲੋਕ ਪੱਖੀ ਜਾ ਲੋਕ ਵਿਰੋਧੀ ਪੈਂਤੜੇ ਤੋਂ ਨਵੇਂ ਅਰਥ ਗ੍ਰਹਿਣ ਕਰਦੀ ਹੈ।  ਇਸ ਸਬੰਧ ਵਿਚ ਜੇ ਅਸੀਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਪਾਇਲ ਦੇ ਉੱਘੇ ਪਿੰਡ ਕੱਦੋਂ ਦੀ  ਗੱਲ ਕਈਏ  ਇਸ ਪਿੰਡ ਦੀ ਵਿਰਾਸਤ ਵੀ  ਇੱਥੋ  ਦੇ ਵਸਨੀਕਾਂ ਵੱਲੋਂ ਪੜਾਅ ਦਰ ਪੜਾਅ ਹਾਸਿਲ ਕੀਤੀਆਂ ਸਮਾਜਿਕ ,ਸਭਿਆਚਾਰਕ  ਤੇ  ਆਰਥਿਕ ਪ੍ਰਾਪਤੀਆਂ  ਲਈ ਕੀਤੀ ਜੱਦੋ-ਜਹਿਦ ਨਾਲ ਹੀ  ਅੰਤਰ ਸੰਬੰਧਤ ਹੈ। ਜੇ ਕਿਸੇ ਪਿੰਡ ਦੀ ਵਿਰਾਸਤ ਨੂੰ ਦਸਤਾਵੇਜ਼ੀ ਪੁਸਤਕ ਦੇ ਰੂਪ ਵਿਚ ਸੰਭਾਲਣ ਦੀ ਜਿੰਮੇਵਾਰੀ ਉਜਾਗਰ ਸਿੰਘ  ਵਰਗਾ ਕੋਈ ਖੋਜੀ ਲੇਖਕ ਤੇ ਸੇਵਾ ਮੁਕਤ ਜ਼ਿਲ੍ਹਾ ਲੋਕ ਸਪੰਰਕ ਅਧਿਕਾਰੀ ਨੇ ਸੰਭਾਲ ਲਵੇ  ਤਾਂ ਉਸ  ਪਿੰਡ ਦੇ   ਵਿਰਾਸਤੀ ਰੰਗ ਹੋਰ ਵੀ ਗੂੜ੍ਹੇ ਹੋਏ ਵਿਖਾਈ ਦੇਣ ਲੱਗਦੇ  ਹਨ।

ਜਦੋਂ ਲੇਖਕ ਕੱਦੋਂ ਪਿੰਡ ਬੱਝਣ ਦੇ ਇਤਿਹਾਸਕ  ਪਿਛੋਕੜ ਨੂੰ  ਤਲਾਸ਼ਦਾ ਹੈ ਤਾਂ ਉਸਨੂੰ  ਮਾਲ ਮਹਿਕਮੇ ਦੇ ਰਿਕਾਰਡ ਜਾਂ ਹੋਰ ਦਸਤਾਵੇਜੀ ਸਰੋਤਾਂ ਤੋਂ  ਇਸ ਬਾਰੇ ਤੱਥਾਂ ‘ਤੇ ਅਧਾਰਿਤ ਕੋਈ ਠੋਸ  ਜਾਣਕਾਰੀ ਨਹੀਂ ਮਿਲਦੀ। ਇਸ ਲਈ  ਪਿੰਡ ਦੇ ਮੋੜ੍ਹੀ ਗੱਡ ਸਮੇਂ ਬਾਰੇ ਉਸਦੀ ਸਾਰੀ ਜਾਣਕਾਰੀ ਸੁਣੀਆਂ ਸੁਣਾਈਆਂ ਮਿਥਹਾਸਿਕ  ਦੰਤ ਕਥਾਵਾਂ ‘ਤੇ  ਅਧਾਰਿਤ ਹੈ। ਇਹਨਾਂ  ਕਥਾਵਾਂ ਅਨੁਸਾਰ ਇਸ ਪਿੰਡ ਦੇ ਲੋਕ ਰਾਜਸਥਾਨ ਤੋਂ ਆ ਕੇ ਇੱਥੇ ਵੱਸੇ ਹਨ।ਇਕ ਵਿਸਵਾਸ਼  ਅਨੁਸਾਰ  ਪਿੰਡ ਦਾ ਮੁੱਢ ਕੱਦੋਂ ਮਾਖਾ ਨਾਂ ਦੇ ਪੁਰਖੇ ਵੱਲੋਂ ਬੰਨ੍ਹਿਆ ਗਿਆ ਹੈ। ਇਹ ਪਿੰਡ ਵਿਚ ਵੱਸਦੇ  ਮੁੰਡੀ ਜਾਤੀ ਦੇ  ਵਸਨੀਕਾਂ  ਦੀ  ਇਹ  ਸਰਵ ਪ੍ਰਵਾਨਿਤ  ਧਾਰਨਾ ਹੈ ਕਿ ਕੂਮਕਲਾ ਦੇ ਨਿਵਾਸੀ ਕਾਲਾ ਮਾਂਗਟ  ਵੱਲੋਂ ਕਿਸੇ ਭੁਲੇਖੇ ਵਿਚ  ਮਹਾਨ ਤੱਪਸਵੀ  ਬਾਬਾ ਸਿੱਧ ਦਾ  ਸੁੱਤੇ ਪਏ ਦਾ  ਸਿਰ ਵੱਢ  ਦਿੱਤਾ ਗਿਆ ਤਾਂ ਉਹ   ਆਪਣੇ ਧੜ ਨਾਲ ਲੜਦੇ ਹੋਏ  ਹੀ ਕੱਦੋਂ ਪਿੰਡ ਪਹੁੰਚ ਗਏ ਸਨ। ਪਿੰਡ ਵਿਚ ਬਣੀਆਂ  ਬਾਬਾ ਸਿੱਧ ਤੇ ਉਨ੍ਹਾਂ ਦੇ ਨਾਲ ਸਤੀ ਹੋਣ ਵਾਲੀ ਉਨ੍ਹਾਂ ਦੀ ਮੰਗੇਤਰ ਮਾਤਾ ਸਤੀ ਦੀ ਸਮਾਧਾਂ ਹੁਣ ਤੱਕ  ਵੀ ਇੱਥੋਂ ਦੇ ਲੋਕਾਂ ਦੀ ਸ਼ਰਧਾ ਦਾ ਮੁੱਖ  ਕੇਂਦਰ ਹਨ ਤੇ ਇਨ੍ਹਾਂ  ਸਮਾਧਾ ਤੇ ਹਰ ਸਾਲ ਜੋੜ ਮੇਲਾ ਵੀ ਲੱਗਦਾ ਹੈ ।

ਲੇਖਕ ਨੇ ਪਿੰਡ ਦੇ ਭੂਗੋਲ ਦੇ ਦਾਇਰੇ ਵਿਚ ਆਉਂਦੀ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਹੈ । ਜਿੱਥੇ ਲੇਖਕ  ਪਿੰਡ ਦੇ ਵਿਹੜਿਆਂ, ਬਸਤੀਆਂ, ਧਾਰਮਿਕ ਅਸਥਾਨਾਂ,  ਧਰਮਸ਼ਲਾਵਾਂ, ਸੱਥਾਂ , ਟੋਭਿਆਂ,  ਖੂਹਾਂ ਤੇ ਬੁਰਜਾ ਆਦਿ ਦੇ   ਇਤਿਹਾਸਕ ਪਿਛੋਕੜ ‘ਤੇ ਭਰਵੀਂ ਝਾਤ ਪਾਉਂਦਾ ਹੈ  ਉੱਥੇ   ਵਰਤਮਾਨ ਸਮੇਂ ਵਿਚ ਪਿੰਡ ਦੀ ਤਰੱਕੀ ਵਿਚ ਯੋਗਦਾਨ ਪਾ ਰਹੇ ਸਕੂਲਾ, ਖੇਤੀਬਾੜੀ ਸਹਿਕਾਰੀ ਸਭਾ, ਬੈਂਕ, ਆਗਨਵਾੜੀ ਸੈਟਰ, ਹਸਪਤਾਲ, ਸਿਵਲ ਡਿਸਪੈਂਸਰੀ, ਪਸ਼ੂ ਡਿਸਪੈਂਸਰੀ , ਖੇਡ  ਕੱਲਬਾਂ , ਐਟੀ ਡਰੱਗ ਫੈਡਰੇਸ਼ਨ ,ਐਨ ਆਰ ਆਈ ਸੁਸਾਇਟੀ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੇ  ਨਿਸ਼ਕਾਮ ਸੇਵਾ ਸੁਸਾਇਟੀ   ਵਰਗੇ  ਸਰਕਾਰੀ , ਅਰਧ ਸਰਕਾਰੀ ਤੇ  ਗੈਰ ਸਰਕਾਰੀ ਅਦਾਰਿਆਂ ਬਾਰੇ ਵੀ ਗਿਆਨ ਵਰਧਕ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਪੁਸਤਕ ਪਿੰਡ ਕੱਦੋਂ ਦੇ ਵਾਸੀਆਂ ਦੇ ਕਿੱਤਿਆਂ ਤੇ ਕਿੱਤਾ ਮੁਹਾਰਤ ਬਾਰੇ ਵੀ ਭਰਵੀ  ਜਾਣਕਾਰੀ ਦਿੰਦੀ ਹੈ । ਲੇਖਕ ਇੱਥੋਂ ਦੇ ਸਮਾਜ ਸੇਵੀਆਂ , ਸੈਨਿਕਾਂ ਤੇ  ਪਰਵਾਸੀਆ  ਬਾਰੇ ਵੀ  ਖੁਲ੍ਹ ਕੇ  ਚਰਚਾ ਕਰਦਾ ਹੈ । ਭਾਵੇਂ ਇੱਥੋਂ ਦੇ ਲੋਕਾਂ ਦੀ ਸਮਾਜਿਕ ਰਹਿਤਲ ਪੰਜਾਬ ਦੇ ਬਾਕੀ ਹਿੱਸਿਆ ਨਾਲੋਂ ਵੱਖਰੀ ਨਹੀਂ ਹੈ ਫਿਰ ਵੀ ਲੇਖਕ ਨੇ ਪਿੰਡ  ਦੇ ਸਮਾਜਿਕ ਰਸਮੋਂ -ਰਿਵਾਜਾਂ ਬਾਰੇ ਵਿਸਥਾਰ ਪੂਰਬਕ  ਜਾਣਕਾਰੀ ਦਿੱਤੀ ਹੈ।

ਪਿੰਡ ਕੱਦੋਂ ਦਾ  ਨਾਂਅ ਪੂਰੀ ਦੁਨੀਆਂ ਵਿਚ ਉੱਘਾ ਕਰਨ ਵਾਲੇ ਹਾਸ  ਕਲਾਕਾਰ ਜਸਵਿੰਦਰ ਭਲਾ  ਵੱਲੋਂ ਹਾਸ ਵਿਅੰਗ  ਤੇ ਕਲਾ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ  ਇਹ ਪੁਸਤਕ ਉਚੇਚਾ ਸਨਮਾਨ ਦਿੰਦੀ ਹੈ । ਲੇਖਕ ਵੱਲੋਂ  ਪਿੰਡ  ਦੇ ਸਰਵਪੱਖੀ ਵਿਕਾਸ ਵਿਚ ਨਿਰਨਾਇਕ ਭੂਮਿਕਾ ਨਿਭਾਉਣ ਵਾਲੀਆਂ ਸਖਸ਼ੀਅਤਾਂ  ਪ੍ਰੋ. ਓਮ ਪ੍ਰਕਾਸ਼ ਵਸ਼ਿਸਟ, ਪ੍ਰੋ ਗੁਰਮੁਖ ਸਿੰਘ,ਜੌਹਰੀ ਬੀਬੀ ,  ਮਨਪ੍ਰੀਤ ਅਖ਼ਤਰ, ਰਮਨ ਕੱਦੋ,ਉਜਾਗਰ ਸਿੰਘ( ਖੁਦ ਲੇਖਕ) ਨਵਜੀਤ ਸਿੰਘ ਮੁੰਡੀ, ਨਵਦੀਪ ਸਿੰਘ ਮੁੰਡੀ , ਕੱਦੋਂ ਨਵਦੀਪ , ਮਹਿੰਦਰ ਸਿੰਘ ਮੂੰਡੀ, ਗੁਰਦੀਪ ਸਿੰਘ ਮੂੰਡੀ, ਡਾ. ਜਸਵੀਰ ਸਿੰਘ ਮੂੰਡੀ,ਬਲਦੇਵ ਸਿੰਘ ਖਰੇ , ਮਾਸਟਰ ਗੁਰਦੇਵ ਸਿੰਘ , ਨਾਥ ਸਿੰਘ, ਪਾਖਰ ਸਿੰਘ, ਗੱਜਣ ਸਿੰਘ ਭਵਪ੍ਰੀਤ ਸਿੰਘ ਮੁੰਡੀ, ਨੰਦ ਸਿੰਘ ,ਫੁੰਮਣ ਸਿੰਘ, ਪ੍ਰਤਾਪ ਸ਼ਾਹ ਸਿੰਘ, ਕੇਵਲ ਸਿੰਘ ਕੱਦੋਂ , ਅਥਲੀਟ ਧਰਮ ਸਿੰਘ , ਸਿੰਗਾਰਾ ਸਿੰਘ ਤੇ  ਬਲਤੇਜ ਸਿੰਘ ਸ਼ਾਨਦਾਰ   ਕਾਰਗੁਜਾਰੀ ਨੂੰ  ਪੂਰਾ ਮਾਣ -ਸਨਮਾਨ ਦਿੱਤਾ ਗਿਆ ਹੈ । ਕਿਸੇ ਪਿੰਡ ਦੀ ਵਿਰਾਸਤ ਨੂੰ ਸੰਭਾਲਣ ਵਾਲੀ ਸ਼ਾਇਦ ਇਹ ਪੰਜਾਬੀ ਭਾਸ਼ਾ ਵਿਚ ਲਿਖੀ ਪਹਿਲੀ ਪੁਸਤਕ ਹੈ, ਜਿਸ ਪਿੰਡ ਵਿਚਲੇ ਛੋਟੇ ਤੋਂ ਛੋਟੇ ਕਿੱਤੇ ਨਾਲ ਜੁੜੇ ਹਰ ਵਸਨੀਕ ਦਾ ਜ਼ਿਕਰ ਕਰਨ ਵਿਚ ਦਿਲਚਸਪੀ ਵਿਖਾਈ ਹੈ । ਭਾਵੇ ਇਸ ਪੁਸਤਕ ਵਿਚਲੇ ਕੁਝ ਵੇਰਵੇ ਦੁਹਰਾਓ  ਦਾ ਸ਼ਿਕਾਰ ਹਨ ਤੇ ਪੁਸਤਕ ਵਿਚ ਬੇਲੋੜਾ ਵਿਸਥਾਰ ਵੀ ਹੈ ਪਰ ਕੁਲ ਮਿਲਾ ਕੇ ਇਹ  ਆਪਣੇ ਮੰਤਵੀ ਕਾਰਜ਼ ਨੂੰ ਸਿਰੇ ਚਾੜ੍ਹਣ ਵਿਚ ਪੂਰੀ ਤਰ੍ਹਾਂ ਸਫਲ ਰਹੀ ਹੈ।  ਲੇਖਕ ਨੂੰ ਮੁਬਾਰਕਾਂ ।

(ਨਿਰੰਜਣ ਬੋਹਾ) +91 89682 -82700