ਪਿੰਡ, ਪੰਜਾਬ ਦੀ ਚਿੱਠੀ (94)

ਮਿਤੀ : 05-06-2022

ਚਿੱਠੀ ਪੜ੍ਹਦੇ ਸਾਰਿਆਂ ਨੂੰ ਸਤ ਸ਼੍ਰੀ ਅਕਾਲ। ਰੱਬ ਦੀ ਕ੍ਰਿਪਾ ਹੈ। ਵਾਹਿਗੁਰੂ, ਤੁਹਾਨੂੰ ਸਭ ਨੂੰ ਵੀ ਸੁਖੀ ਰੱਖੇ, ਇਹੀ ਕਾਮਨਾ ਹੈ। ਅੱਗੇ ਸਮਾਚਾਰ ਇਹ ਹੈ ਕਿ ਆਪਣੇ ਪਿੰਡ ਸੱਥ ਦੇ ਚੌਕ ਵਿੱਚ ਬਣਾਏ ਗੋਲ-ਛਤਰੀਨੁਮਾ ਬਰਾਂਡਿਆਂ ਵਿੱਚ, ਖੂਬ ਰੌਣਕ ਲੱਗਦੀ ਹੈ। ਨੌਜਵਾਨ ਸਭਾ ਵੱਲੋਂ ਲਾਏ ਦਰਖ਼ਤ ਵੀ ਛਾਂ ਦੇਣ ਲੱਗ ਪਏ ਹਨ। ਬਰਾਂਡਿਆਂ ਵਿੱਚ ਹਾਲਾਤਾਂ ਉੱਤੇ ਤਬਸਰਾ ਵੀ ਹੁੰਦਾ ਹੈ ਅਤੇ ਤਾਸ਼ਬਾਜ਼ੀ ਵੀ। ਬਾਹਲੇ ਤਾਂ ਚਾਰ-ਚਾਰ ‘ਕੱਠੇ ਹੋ ਕੇ ਸੀਪਾਂ ਲਾਉਂਦੇ ਹਨ। ਕੱਲ੍ਹ ਦੋ ਈ ‘ਕੱਠੇ ਹੋਏ ਤਾਂ ਜਨਕੀ ਨੂੰ ਆਉਂਦਾ ਵੇਖ, ਮਿੰਦੂ ਕਵਾਡੇ ਕਾ ਜੱਗੂ ਪੁੱਛਣ ਲੱਗਾ, ”ਦੋ-ਤਿੰਨ ਦਿਨ ਕਿੱਥੇ ਛਿਪਣ ਰਿਹਾ ਓਏ, ਆਇਆ ਈ ਨੀਂ, ਕਿਤੇ ਵਿਆਹ ‘ਤੇ ਗਿਆ ਸੀ?” ”ਆਹ ਗਿਆ ਸੀ ਮੈਂ ਭੱਬੂ ਦੇ ਵਿਆਹ ‘ਤੇ, ਲੰਡਿਆਂ ਆਲੇ ਫੁੱਫੜ ਨੂੰ ਦਵਾਈ ਦਵਾਉਣ ਗਿਆ ਸੀ। ਜਵਾਕ ਤਾਂ ਉਨ੍ਹਾਂ ਦੇ ਬਾਹਰ ਟੱਪ ਗੇ, ਭੂਆ ਦਾ ਫ਼ੋਨ ਆਇਆ। ਮੈਂ ਕਾਰ ਲੈ ਕੇ ਗਿਆ। ਅਸੀਂ ਮੰਡੀ ਵਾਲੇ ਮਸ਼ਹੂਰ ਸੇਠੀ ਡਾਕਟਰ ਕੋਲੇ ਗਏ। ਭੀੜ, ਬੱਲੇ-ਬੱਲੇ, ਜਿਵੇਂ ਸਾਰੀ ਦੁਨੀਆਂ ਈ ਬੀਮਾਰ ਹੋਵੇ। ਪੰਜ ਸੌ ਪੂਜ ਕੇ ਪੈਂਹਟਮਾਂ ਨੰਬਰ ਲੱਗਾ। ਨਰਸਾਂ, ਡਾਕਟਰ, ਹਰਲ-ਹਰਲ ਕਰਦੇ ਫਿਰਨ, ਰਿਪੋਰਟਾਂ ਚੱਕੀ। ਫੁੱਫੜ ਦਾ ਸਾਹ ਚੜ੍ਹੇ, ਕਾਰ ‘ਚ ਈ ਬਿਠਾਈ ਰੱਖਿਆ ਏ.ਸੀ. ਛੱਡ ਕੇ। ਮਸਾਂ ਵਾਰੀ ਆਈ। ਟੂਟੀਆਂ ਜਿਹੀਆਂ ‘ਲਾ, ਮਿੰਟ ‘ਚ ਡਾਕਟਰ ਨੇ ਛੇ ਟੈਸਟ ਲਿਖ ਤੇ, ਮਰ ਤੇਰੇ ਦੀ। ਅੱਡੋ-ਅੱਡੀ ਧੱਕੇ ਖਾ ਮਸਾਂ ਹੋਏ। ਘੰਟਾ ਉਡੀਕ ਕੇ ਰਿਪੋਰਟਾਂ ਮਿਲੀਆਂ। ਫੇਰ ਵਖਾ ਕੇ ਦਵਾਈ ਲਿਖਤੀ ਢੇਰ। ਫੁੱਫੜ ਆਹਦਾ, ਨਬਜ਼ ਤਾਂ ਮੇਰੀ ਵੇਖੀ ਨੀਂ? ਚਾਰ ਜਣੇ ਦਵਾਈਆਂ ਦੇ ਲਿਫਾਫ਼ੇ ਭਰੀ ਜਾਣ, ਕੱਤੀ ਸੌ ਦੇ ਦਿਓ, ਉਨਤਾਲੀ ਸੌ ਦੇ ਦਿਓ। ਘੰਟਾ ਲਾ, ਥੱਬਾ ਦਵਾਈ ਆਈ ਤਾਂ ਫੁੱਫੜ ਆਂਹਦਾ, ”ਊਂ ਤਾਂ ਸ਼ਾਇਦ ਬਚ ਈ ਜਾਂਵਾਂ, ਐਨੀ ਦਵਾਈ ਖਾ ਕੇ ਪੱਕਾ ਮਰੂੰਗਾ, ਮੈਥੋਂ ਨੀਂ ਖਾਧੀ ਜਾਣੀ।” ਅਜੇ ਤਾਂ ਮੈਂ ਫੁੱਫੜ ਨੂੰ ਸੱਤ ਹਜਾਰ, ਖ਼ਰਚ ਨੀਂ ਦੱਸਿਆ, ਨਹੀਂ ਓਹ ਉੱਥੇ ਈ ਬੇਹੋਸ਼ ਹੋ ਜਾਂਦਾ। ਖ਼ੈਰ! ਦਵਾਈਆਂ ਉੱਤੇ ਨਿਸ਼ਾਨੀਆਂ ਲਾ ਮੈਂ, ਭੂਆ ਨੂੰ ਸਮਝਾ ਆਇਆ। ਐਨੀ ਦੁਨੀਆਂ ਤੰਗ ਐ! ਮੇਰਾ ਤਾਂ, ਇੱਕ ਦਿਨ ‘ਚ ਵੇਖ ਕੇ ਹੌਸਲਾ ਟੁੱਟ ਗਿਆ। ਰੱਬ ਕਿਸੇ ਨੂੰ ਨਾ ਘੱਲੇ, ਹਸਪਤਾਲ, ਬਹੁਤ ਔਖਾ, ਭਾਈ!” ਜਨਕੀ ਨੇ ਦੋਵੇਂ ਹੱਥ ਜੋੜ ਕੇ, ਗੁਰਦੁਆਰੇ ਵੱਲ ਵੇਖ, ਮੱਥੇ ਨੂੰ ਲਾਏ। ਸਾਰਿਆਂ ਉੱਤੇ ਹੀ, ਔਖ ਦੀ ਗਰਦ ਜੀ, ਛਾ ਗਈ। ਫੇਰ ਪ੍ਰੀਤਮ ਸਿੰਹੁ ਭਾਈ ਜੀ ਨੇ ਹੌਲੀ-ਹੌਲੀ ਕਿਹਾ, ”ਤਾਂਹੀਉਂ ਭਾਈ, ਆਪਾਂ ਨੂੰ ਤਾਂ ਬਿੱਕਰ ਵਰਗੇ ਪਿੰਡਾਂ ਵਾਲੇ ਡਾਕਟਰ, ਬਚਾਈ ਬੈਠੇ ਆ, ਟੀਕਾ ਲਾਇਆ, ਚਾਰ ਗੋਲੀਆਂ ਦਿੱਤੀਆਂ, ਹੌਂਸਲਾ ਦਿੱਤਾ, ਪੰਜਾਹਾਂ ‘ਚ ਸਰ ਗਿਆ, ਬਿੰਦ-ਝੱਟ ‘ਚ ਟੱਲੀ।” ਚੌਥਾ ਤੋਤਾ ਆ ਗਿਆ ਤਾਂ ਸੀਪ ਦੀ ਬਾਜੀ ਵਿੱਚ ਸਾਰੇ ਰੁੱਝ ਗਏ।
ਹੋਰ, ਠੂਹ-ਠਾਹ ਤੋਂ ਸਾਰੇ ਅਵਾਜ਼ਾਰ ਹਨ। ਨੌਜਵਾਨ ਕੋਈ ਮਰੇ, ਦੁੱਖ ਬਰਦਾਸ਼ਤ ਤੋਂ ਬਾਹਰ ਦਾ ਹੁੰਦਾ ਹੈ। ਰੱਬ ਲੀਡਰਾਂ ਨੂੰ ਸੁਮੱਤ ਬਖ਼ਸ਼ੇ। ਕੰਮੀਂ ਧੰਦੀਂ ਲੱਗੇ ਹੀ ਤਰੱਕੀ ਹੋਣੀਂ ਐ। ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਗੁਰੂਆਂ ਨੇ ਫੁਰਮਾਇਆ। ਹਨੇਰ-ਝੱਖੜ ਵਾਂਗੂੰ ਹੀ, ਜਹਾਜਾਂ ‘ਤੇ ਆਉਣ-ਜਾਣ ਜਾਰੀ ਹੈ। ਜੱਗੇ ਕੇ ਆਸਟਰੇਲੀਆ ਤੇ ਬੱਬੀ ਕੇ ਕਨੇਡਾ ਨੂੰ। ਸੱਚ, ਆਪਣੇ ਪਿੰਡ ਵੀ ਅੱਡੇ ‘ਤੇ ‘ਮਨਦੀਪ ਰੇਡੀਓਜ਼’ ਕੋਲ ਵੱਡੀ, ਦੁੱਧ, ਘਿਓ ਅਤੇ ਮਿਠਿਆਈ ਦੀ ਦੁਕਾਨ ਖੁੱਲ੍ਹ ਗਈ ਹੈ। ਕੁੱਲ ਸਮਾਨ ਮਿਲਦੈ। ਜਦੋਂ ਆਏ, ਤੁਹਾਨੂੰ ਖਵਾਂਵਾਂਗੇ। ਚੰਗਾ, ਖੁਸ਼ ਰਹੋ, ਬਾਕੀ ਅਗਲੇ ਐਤਵਾਰ,
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com

Install Punjabi Akhbar App

Install
×