ਪਿੰਡ, ਪੰਜਾਬ ਦੀ ਚਿੱਠੀ (98)

ਮਿਤੀ : 03-07-2022

ਸਾਰਿਆਂ ਨੂੰ ਸਤ ਸ਼੍ਰੀ ਅਕਾਲ। ਇੱਥੇ ਮੀਹਾਂ ਦੀ ਉਡੀਕ ਵਿੱਚ, ਠੀਕ-ਠਾਕ ਹੈ। ਦੇਸ-ਵਿਦੇਸ ਵਿੱਚ, ਸਾਰੇ ਵੱਸਦਿਆਂ ਦਾ ਭਲਾ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਰਾਜੂ ਮਿਸਤਰੀ ਦੀ ਵਰਕਸ਼ਾਪ ਉੱਪਰ ਸਵੇਰ-ਸ਼ਾਮ ਰੌਣਕ ਲੱਗਦੀ ਹੈ। ਟਾਹਲੀ ਆਲੇ ਅੱਡੇ ਉੱਪਰ, ਦੁਕਾਨ ਦੀਆਂ ਤੇਲ ਲੱਗ-ਲੱਗ, ਕਾਲੀਆਂ ਹੋਈਆਂ ਕੁਰਸੀਆਂ ‘ਤੇ ਜਸਵੰਤ ਬਰਾੜ, ਪੱਪੂ, ਨਾਗਪਾਲ ਸੇਠ ਅਤੇ ਕਦੇ-ਕਦੇ ਡਾਕਟਰ ਛਾਬੜਾ ਹਾਜ਼ਰੀਆਂ ਲਵਾਂਉਂਦੇ ਹਨ। ਕਈ ਤਾਂ ਪੱਕੇ ਹਨ, ਕਈ ਸੰਗਰਾਂਦੀ ਅਤੇ ਪੂਰਨਮਾਸ਼ੀ ਵਾਲੇ ਬੇਲੀ ਹਨ। ਕਈ ਕੇਵਲ ਅਖ਼ਬਾਰ ਦੀਆਂ ਸੁਰਖੀਆਂ ਪੜ੍ਹਦੇ ਹਨ, ਕਈ ਟੈਂਡਰ ਨੋਟਿਸ ਵੀ ਚੱਟ ਕਰ ਜਾਂਦੇ ਹਨ। ਕੀਪੇ ਦਾ ਪਿਓ ਕੈਲਾ ਕਚਰੂੰਡ, ਖੜ੍ਹਾ-ਖੜ੍ਹਾ ਕੇਵਲ ਗੱਲਾਂ-ਬਾਤਾਂ ਦਾ ਤਬਸਰਾ ਹੀ ਸੁਣਦਾ ਹੈ। ਰਟੈਰ ਸੁਰਜੀਤ ਮਾਸਟਰ ਵੀ ਦੁਕਾਨ ਤੋਂ ਸੌਦਾ ਲੈਣ ਆਇਆ ਟੀ.ਵੀ. ਦੀਆਂ ਸੁਰਖੀਆਂ ਦੱਸ ਜਾਂਦਾ ਹੈ। ਕਈਆਂ ਨੂੰ ‘ਕੱਠਿਆਂ ਬੈਠੇ ਵੇਖ ਰਮੇਸ਼ ਸਬਜ਼ੀ ਵਾਲਾ, ਕਿੱਲਿਆਂਵਾਲੀ ਵਾਲਾ ਖ਼ਰਾਦੀਆ ਅਤੇ ਮਿੱਠੂ ਜੰਗਲਾਤੀਆ ਵੀ ਕੰਨ-ਮਸੋਰਾ, ਪੂਰਾ ਕਰ ਜਾਂਦੇ ਹਨ।

ਪਿੰਡ ਦੀਆਂ ਕਈ ਕਨਸੋਆਂ ਆ ਜਾਂਦੀਆਂ ਹਨ ਅਤੇ ਕਈ ਅੱਗੇ ਯਾਤਰਾ ਲਈ ਚੱਲ ਪੈਂਦੀਆਂ ਹਨ। ਕੱਲ੍ਹ ਖੱਖੜੀਆਂ ਦੀ ਰੇੜ੍ਹੀ ਲੈ ਕੇ ਆਏ ਮੁਕਨੇ ਨੂੰ, ਖੋਸੇ ਕੇ ਸ਼ਿਹਾਰੀ ਨੇ ਪੁੱਛਿਆ, ”ਭਤੀਜ, ਘੁੱਗੂਆਂ ਦੇ ਖੇਤੋਂ ਸਬਜ਼ੀ ਤੋੜਨ ਦਾ ਕੀ ਰੌਲਾ ਪਿਐ?” ”ਦੱਸਦੈਂ” ਆਖ ਮੁਕਨੇ ਨੇ ਸਾਈਕਲ ਦੇ ਬਰੇਕਾਂ ਨੂੰ, ਰੱਸੀ ਨਾਲ ਕਸਿਆ, ਸਿਰ ਆਲਾ ਸਾਫ਼ਾ ਲਾਹ ਕੇ ਮੂੰਹ ਪੂੰਝਿਆ। ਅਖ਼ਬਾਰ ਵਾਲਿਆਂ ਸਿਰੀਆਂ ਚੱਕ ਕੇ ਵੇਖਿਆ। ”ਗੱਲ ਤਾਂ ਕੁਸਨੀ, ਰਾਤ ਨੂੰ ਤਾਰੇ ਕੇ ਮੁੰਡੇ, ਵੈਲ੍ਹਾਂ ਵਾਲੇ ਖੇਤ ਪਾਣੀ ਲਾ ਕੇ ਆਂਉਂਦੇ ਸੀ, ਵਾਪਸੀ ਤੇ ਭੁੱਖ ਲੱਗੀ, ਘੁੱਗੂਆਂ ਦਾ ਮੁੰਡਾ ਵਾੜੇ ‘ਚ ਪਿਆ ਸੀ। ਤੁਰੇ ਆਂਉਂਦਿਆਂ ਉਨ੍ਹਾਂ ਦੋ ਖੱਖੜੀਆਂ ਤੋੜ ਲੀਆਂ। ਕੁੱਤੇ ਭੌਂਕੇ, ਤਾਂ ਉਹ ਭੱਜ ਲੇ। ਤੜਕੇ ਗੁਰਦੇਵ ਖੋਜੀ ਨੇ ਪੈੜ, ਭਾਰੇ ਕੇ ਬਾਰ ਅੱਗੇ ਲੈ ਆਂਦੀ, ਪੰਚੈਤ ਹੋਈ, ਰੌਲਾ-ਰੱਪਾ ਬਾਹਲਾ, ਗੱਲ ਥੋਹੜੀ” ਮੁਕਨਾ ਤੁਰ ਗਿਆ ਤਾਂ ਬਰਾੜ ਆਂਹਦਾ ”ਬਾਬਾ ਸੱਤਾ ਤਾ ਕਹਿੰਦਾ ਸੀ ਪਰਚਾ ਕਰਾਂਗੇ।” ”ਆਪਣੇ ਪਿੰਡ ਤਾਂ ਹੁਣ ਕਲ-ਕੁੱਦੀ ਪਈ ਐ, ਬਹਾਨਾ ਭਾਲਦੇ ਐ, ਜਿੱਧਰ ਸਰਪੰਚ ਹੁੰਦੈ, ਦੂਜੀ ਪਾਰਟੀ ਨੇ, ਉਲਟ ਆਲੇ ਦਾ ਪੱਖ ਲੈਣਾਂ ਈ ਲੈਣਾਂ, ਠਾਣੇ ਨੂੰ ਚੜ੍ਹੇ ਰਹਿੰਦੇ ਐ, ਬਾਤ ਦਾ ਬਤੰਗੜ ਬਣਾਂਉਂਦੇ ਐ, ਅੱਗੇ ਪਿੰਡ ‘ਚ ਕਤਲ ਵੀ ਹੋ ਜਾਂਦਾ, ਤੀਹੇ ਦਿਨ ਪੰਚਾਇਤ ਸਮਝੌਤਾ ਕਰਾ ਦਿੰਦੀ।” ਸੁਰਜੀਤ ਮਾਸਟਰ ਇੰਨਾਂ ਆਖ, ਖੰਡ ਤੇ ਆਂਡਿਆਂ ਆਲਾ ਲਿਫ਼ਾਫ਼ਾ ਸੱਜੇ ਹੱਥ ਦੀ ਵੱਡੀ ਉਂਗਲ ਉੱਤੇ ਟੰਗੀ, ਤੁਰ ਗਿਆ। ਕੰਤੇ ਕਾ ਮੁੰਡਾ ਕਾਰ ਠੀਕ ਕਰਨ ਲਈ ਲਿਆਇਆ। ਸਾਰੇ ਕੁਰਸੀਆਂ ਏਧਰ-ਉਧਰ ਕਰਨ ਲੱਗੇ। ਜੰਗਲਾਤੀਆ, ਡਾਕਟਰ ਅਤੇ ਬਰਾੜ ਵੀ ਅਖ਼ਬਾਰ ਹੌਲਾ ਕਰਕੇ, ਖਿਸਕਦੇ ਬਣੇ। ਰਾਜੂ ਮਿਸਤਰੀ ਬੋਨਟ ਖੋਲ੍ਹ ਠੀਆ-ਠੱਪਾ ਕਰਨ ਲੱਗਾ।
ਹੋਰ ਮੌਨਸੂਨ ਦੀ ਖ਼ਬਰ ਸੁਣ, ਗਰਮੀ ਘੱਟ ਲੱਗਣ ਲੱਗ ਪਈ ਐ। ਪੰਜਾਬ ਦੇ ਬੱਜਟ ਉੱਪਰ, ਚਰਚਾ ਹੋ ਰਹੀ ਐ। ਅਰਸ਼ ਹੁਰੀਂ ਇੰਗਲੈਂਡ ਜਾਣ ਲਈ ਇੰਟਰਵਿਊ ਅਤੇ ਮੈਡੀਕਲ ਕਲੀਅਰ ਕਰ ਗਏ ਹਨ। ਸਕੂਲ ਖੁੱਲ੍ਹਣ ਦੀ ਤਿਆਰੀ ਐ। ਹਰੀ ਕਚੂਰ ਜਵਾਰ ਦੇ ਪੱਠੇ ਹੌਸਲਾ ਦੇ ਰਹੇ ਹਨ। ਖ਼ਬਰਾਂ ਬਹੁਤ ਹਨ, ਅਗਲੇ ਐਤਵਾਰ ਫੇਰ ਸਹੀ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com

Install Punjabi Akhbar App

Install
×