ਪਿੰਡ, ਪੰਜਾਬ ਦੀ ਚਿੱਠੀ (97)

ਮਿਤੀ : 26-06-2022

ਸਾਰਿਆਂ ਨੂੰ ਸਤ ਸ਼੍ਰੀ ਅਕਾਲ। ਇੱਥੇ ਰੰਗ-ਭਾਗ ਲੱਗੇ ਹਨ, ਵਾਹਿਗੁਰੂ ਤੁਹਾਨੂੰ ਵੀ ਹਰ ਕਦਮ ਤਰੱਕੀ ਦੇਵੇ। ਅੱਗੇ ਸਮਾਚਾਰ ਇਹ ਹੈ ਕਿ ਤੋਤੇ ਕਿਆਂ ਨੇ ਨਵੇਂ ਘਰ ਦਾ ਲੈਂਟਰ ਪਾ ਲਿਆ ਹੈ। ਵਿਹੜੇ ਦੇ ਵਿਚਾਲੇ ਕਰਕੇ, ਤਿੰਨ ਕਮਰੇ, ਰਸੋਈ, ਬਾਥਰੂਮ ਅਤੇ ਬਰਾਂਡਾ ਪਾ ਕੇ, ਕੋਠੀ ਟੈਪ ਹੋ ਗਿਐ। ਸਿਆਣੇ ਬੰਦੇ ਦੀ ਸਿਆਣੀ ਗੱਲ। ਛੇ ਮਹੀਨੇ ਪਹਿਲਾਂ ਉਹਨੇ ਦਸ ਹਜ਼ਾਰ ਪੁਰਾਣੀ ਪੱਕੀ ਇੱਟ, ਅੱਧ-ਮੁੱਲ ਉੱਤੇ ਖ਼ਰੀਦ ਲਈ ਸੀ। ਨੀਂਹਾਂ ਦਾ ਸਰ ਗਿਆ। ਹੋਰ ਨਵੀਂਆਂ ਇੱਟਾਂ, ਲੋਹਾ, ਸੀਮੈਂਟ ਆਵਦੇ ਟਰੈਕਟਰ-ਟਰਾਲੀ ‘ਤੇ ਲਿਆ ਜੋੜ ਲਿਆ ਸੀ। ਲੈ ਬਈ ਠੇਕੇ ‘ਤੇ ਦੋ ਮਿਸਤਰੀ ਨਾਲ ਦੋ ਦਿਹਾੜੀਏ। ਬਾਕੀ ਸਾਰਾ ਕੰਮ ਗਵਾਂਢੀਆਂ, ਲਿਹਾਜ਼ੀਆਂ ਅਤੇ ਰਿਸ਼ਤੇਦਾਰਾਂ ਨੇ ਕੀਤਾ। ਨਵਾਂ ਪੈਸਾ ਵੀ ਵਿਆਜ ਉੱਤੇ ਨਹੀਂ ਲਿਆ। ਸਹੁਰਿਆਂ, ਨਾਨਕਿਆਂ, ਭੂਆ ਅਤੇ ਭੈਣਾਂ ਨੇ ਉਧਾਰ ਦੇ ਕੇ ਸਾਰਿਆ। ਬਈ ਲੈ, ਫਸਲ ਆਈ ਤੋਂ ਦੇਈ ਜਾਂਈਂ। ਤੋਤੇ ਨੇ ਆਪ ਵੀ ਹਰੇਕ ਥਾਂਈਂ ਪਹਿਲਾਂ, ਬਣਦੀ ਮੱਦਦ ਕੀਤੀ ਐ। ਲੈ ਵਈ, ਵੱਡੇ-ਵੱਡੇ ਦਿਨ, ਸਾਰੇ ਜੁਟੇ ਰਹੇ, ਭੂਤਾਂ ਵਾਂਗੂੰ। ਦਿਨਾਂ ‘ਚ ਈ ਖੜਾ ਕਰਤਾ ਘਰ। ਲੈਂਟਰ ਆਲੇ ਦਿਨ, ਤਾਂ ਮੇਲਾ ਈ ਲੱਗ ਗਿਆ। ਸਾਰੇ ਰਿਸ਼ਤੇਦਾਰ ਚਾਅ ਨਾਲ ਆਏ। ਅੱਜ-ਕੱਲ ਛੱਤ ਤਾਂ ਪੀਲੀ ਮਸ਼ੀਨ ਆਲੀ ਟੀਮ ਹੀ ਪਾਂਉਂਦੀ ਹੈ ਪਰ ਉਤਲਾ ਕੰਮ ਕਿਹੜਾ ਘੱਟ ਹੁੰਦੈ। ਮਿਣ-ਮਿਣ, ਗਿਣ-ਗਿਣ ਕੇ ਬੱਠਲ ਸੀਮਿੰਟ, ਬਰੇਤੀ ਅਤੇ ਬੱਜਰੀ ਦੇ ਪਵਾਉਣੇਂ। ਪਾਣੀ ਦੇ ਟੈਂਕਰ। ਚਾਹ-ਪਾਣੀ। ਛੱਤ ਤਾਂ ਦੋ ਵੱਜਦੇ ਨੂੰ ਪੈ-ਗੀ ਸੁੱਖੀਂ-ਸਾਂਦੀ। ਸੁੱਕੀ ਗਰਮੀ ‘ਚ ਸਵੇਰ ਤੋਂ ਹੀ ਦਾਲ, ਚਿੱਟੇ ਛੋਲਿਆਂ ਦੀ ਸਬਜ਼ੀ, ਖੁੱਲ੍ਹਾ ਪ੍ਰਸ਼ਾਦ ਅਤੇ ਚਾਹ-ਪਾਣੀ ਦੇ ਦੇਗੇ ਤਿਆਰ ਕਰਨ ਲੱਗੀ ਫ਼ੌਜ। ਵਿਆਹ ਆਲੀ ਗੱਲ ਸੀ। ਦੁਪਹਿਰੇ ਸਭ ਨੂੰ ਲੰਗਰ ਵਰਤਾਇਆ। ਕਈ ਆਥਣ ਆਲੀ ਝਾਕ ਰੱਖਦੇ ਸੀ। ਕੌਰ ਸਿੰਹੁ ਪ੍ਰਾਹੁਣਾ ਆਂਹਦਾ, ਦੇਖੋ ਬਾਈ ਅਸੀਂ ਅੰਮ੍ਰਿਤਧਾਰੀ। ਲੰਗਰ ਪਾਣੀ ਛਕੋ ਜਿੰਨਾਂ ਮਰਜ਼ੀ। ਘਰ ਅਸੀਂ ਸੁੱਚਾ ਰੱਖਣਾ। ਤਲਬਗੀਰ ਪੈਸੇ ਲੈ ਜੋ, ਮੌਜ ਕਰੋ। ਮੁੱਕਦੀ ਗੱਲ, ਮਾਈਆਂ ਨੇ ਗਿੱਧਾ ਪਾ ਕੇ, ਬੋਲੀਆਂ ਰਾਹੀਂ, ਨਵੇਂ ਘਰ ਦੀ ਵਧਾਈ ਵੀ ਲਈ। ਸਾਰੇ ਬਹੁਤ ਖੁਸ਼ੀ-ਖੁਸ਼ੀ ਸਾਮਾਨ ਸਾਂਭ ‘ਭਾਈਚਾਰਾ-ਜ਼ਿੰਦਾਬਾਦ’ ਕਰ ਗਏ। ਫ਼ੋਟੋਆਂ ਅਤੇ ਵੀਡੀਓ ਤੁਹਾਨੂੰ ਵੀ ਭੇਜ ਰਹੇ ਹਾਂ। ਇੱਥੇ ਬੈਠੇ ਪੰਜਾਬੀ-ਨਜ਼ਾਰਾ ਲੈ ਲੈਣਾਂ।
ਹੋਰ, ਚਾਦਰ ਭਿਉਂ ਮੀਂਹ ਅਤੇ ਹਨੇਰੀ ਨੇ, ‘ਕੇਰਾਂ ਤਾਂ ਲੋਅ, ਬਿਜਲੀ ਅਤੇ ਅੱਗ ਤੋਂ ਸਾਹ ਦਵਾ ਦਿੱਤੈ। ਅੱਗੇ ਵੀ ਰੱਬ ਮੇਹਰ ਕਰੂ। ਊਂ, ਵੱਧਦੀ ਆਬਾਦੀ ਬਾਰੇ, ਸੋਚੇ ਬਿਨ੍ਹਾਂ, ਵਿਕਾਸ ਕਾਰਜ ਅਧੂਰੇ ਹੀ ਰਹਿਣੇ ਹਨ। ਬਾਕੀ ਦਰਸ਼ੀ, ਕਾਕੂ, ਭੋਲਾ, ਭੀਤਾ ਸਭ ਕਾਇਮ ਹਨ। ਖੱਖੜੀਆਂ, ਖ਼ਰਬੂਜੇ, ਮਤੀਰੇ ਵਾਧੂ।
ਹਾਂ, ਸੱਚ ਟੈਮ ਕੱਢ ਕੇ, ਕਦੇ-ਕਦੇ ਫ਼ੋਨ ਜ਼ਰੂਰ ਕਰ ਲਿਆ ਕਰੋ। ਗੁੱਡ-ਮਾਰਨਿੰਗ ਤਾਂ ਜ਼ਰੂਰ ਹੀ। ਚੰਗਾ ਲੱਗਦੈ। ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com