ਪਿੰਡ, ਪੰਜਾਬ ਦੀ ਚਿੱਠੀ (96)

ਮਿਤੀ: 19-06-2022

ਸੋਹਣੇ ਪੰਜਾਬ ਦੇ, ਸੋਹਣੇ ਪੰਜਾਬੀਓ, ਸਤ ਸ਼੍ਰੀ ਅਕਾਲ। ਤਪੇ ਤੰਦੂਰ ਵਾਂਗ, ਸਾੜ ਰਿਹਾ ਹਾੜ। ਕੋਈ ਗੱਲ ਨਹੀਂ, ਹਰ ਸਾਲ ਹੀ ਇੰਜ ਹੁੰਦੈ। ਅੱਗੇ ਖ਼ਬਰ ਇਹ ਹੈ ਕਿ ਆਪਣੇ ਪਿੰਡ ਛੁੱਟੀਆਂ (ਸਕੂਲ) ਵਿੱਚ ਚੋਰੀ ਹੋ ਗਈ ਹੈ। ਅਜੇ ਕਿਹੜਾ ਪਤਾ ਲੱਗਣਾ ਸੀ। ਓਹ ਤਾਂ ਸਕੂਲ ਦੇ ਨਾਲ ਭਿੰਦਰ ਕਿਆਂ ਨੇ ਜ਼ਮੀਨ ਠੇਕੇ ‘ਤੇ ਲਈ ਹੈ, ਉਨ੍ਹਾਂ ਨੇ ਕੰਧ ਨਾਲ ਕੋਈ ਟੁੱਟ-ਭੱਜ ਵੇਖ ਕੇ ਸਰਪੰਚ ਨੂੰ ਫ਼ੋਨ ਕੀਤਾ। ਓਹਨੇ ਚੱਕਿਆ ਈ ਨਾਂ। ਅਖੀਰ ਮਾਂਜੇ ਆਲੇ ਦੀ ਪਾਰਟੀ ਦੇ ‘ਪਕਾਰ ਬਾਈ’ ਨੇ ਮਾਸ਼ਟਰਾਂ ਨੂੰ ਫੂਨ ਲਾਏ। ਓਹ ਪਾਹੜੀਂ ਚੜ੍ਹੇ ਸੀ। ਪੁਲਸ ਨੂੰ ਸੱਦ ਕੇ ਵੇਖਿਆ ਤਾਂ ਸਾਰੇ ਸਕੂਲ ਦੇ ਜੰਦੇ ਟੁੱਟੇ ਪਏ। ਤਮਾਸ਼ਬੀਨ ‘ਕੱਠੇ ਹੋ ਗੇ। ਸਾਰੇ ਸਕੂਲ ‘ਚ ਹਰਲ-ਹਰਲ ਕਰਦੇ ਫ਼ਿਰਨ। ਜੋਨੀ ਮੈਂਬਰ ਵੀ ਟਰੈਕਟਰ ਲਿਜਾਂਦਾ ਆ ਉਤਰਿਆ। ਸ਼ੁਕੀਨ ਜਾ ਠਾਣੇਦਾਰ ਕਹਿੰਦਾ, ”ਮੈਂਬਰ ਸਾਹਬ ਕੋਈ ਇੰਤਜ਼ਾਮ ਕਰਨਾ ਸੀ?” ਜੋਨੀ ਆਂਹਦਾ, ”ਸਰਕਾਰ ਤਾਂ ਸਾਡੀ ਬਣੀ ਨੀਂ ਜੀ, ਪੰਚਾਇਤ ਆਲਾ ਕੰਮ ਵੀ ਨੇੜੇ ਈ ਐ, ਬਾਈ ਪਕਾਰ ਦੀ ਚਲਦੀ ਐ ਅੱਜ-ਕੱਲ੍ਹ, ਏਹੀ ਕਰੂੰ ਬੰਨ-ਸੁੱਭ, ਊਂ-ਮੇਰੇ ‘ਸਾਬ ਨਾਲ, ਰੋਟੀ ਆਲੇ ਭਾਂਡੇ ਤੇ ਸਲੰਡਰ ਤਾਂ ਜਸ਼ਨ ਕੇ ਘਰੇ ਰੱਖੇ ਐ, ਪੱਖੇ ਲਾਹ ਕੇ ਗੁਰਦੁਆਰੇ ਧਰੇ ਐ, ਬਾਕੀ ਵੇਖ ਲੌ।” ਏਨ੍ਹੇ ਨੂੰ ਵੱਡੇ ਸਕੂਲ ਆਲਾ, ਕੰਪਿਊਟਰ ਮਾਸਟਰ ਆ ਗਿਆ। ਉਹਨੇ ਲਿਖਾਇਆ, ”ਬਈ ਛੇ ਬੈਟਰੇ, ਤਿੰਨ ਕੰਪਿਊਟਰ, ਪੰਜ ਮਾਊਸ, ਤਿੰਨ ਕੀ-ਪੈਡ ਅਤੇ ਦੋ ਸੀ.ਪੀ.ਯੂ. ਨਹੀਂ ਹਨ।” ਚਾਹ ਆਲਾ, ਚਿੱਬਾ ਸਿਲਵਰ ਦਾ ਧਾਮਾ ਅਤੇ ਕੁੱਝ ਟੁੱਟੇ ਕੱਪ, ਬਾਥਰੂਮ ਕੋਲ ਲੱਭ ਗਏ ਹਨ। ਕਾਰਵਾਈ ਪਾ, ਪਕਾਰ ਬਾਈ ਨੂੰ, ਬਾਕੀ ਛੁੱਟੀਆਂ ਲਈ ਇੰਤਜ਼ਾਮ ਦਾ ਆਖ, ਨਿਫਰਫੰਡ ਹੋ, ਏ.ਐਸ.ਆਈ. ਚਲਾ ਗਿਆ। ਮਗਰੋਂ ਕੈਲਾ ਨੰਬਰਦਾਰ ਸਾਰਿਆਂ ਨੂੰ ਕਹਿੰਦਾ, ”ਗੁੱਸਾ ਨਾ ਕਰਿਓ, ਕੋਈ ਹੈ ਸਾਂਈ ਖ਼ਸਮ ਸਕੂਲ ਦਾ, ਸਰਕਾਰ, ਪੰਚਾਇਤ ਅਤੇ ਪਿੰਡ ਆਲੇ ਸਾਰੇ ਹੱਥ ਝਾੜ ਜਾਨੇਂ ਓਂ। ਹਰ ਸਾਲ ਚੋਰੀ ਹੁੰਦੀ ਐ। ਪਿਛਲੇ ਸਾਲ ਮੈਂ ਰੇੜੂ ਕੇ ਟੱਬਰ ਨੂੰ ਬਿਠਾਇਆ ਸੀ ਸਕੂਲ ‘ਚ। ਨਿਰੀ ਸੇਵਾ ਸੀ। ਔਹ ਮੋਟੇ ਜੇ ਮਾਸ਼ਟਰ ਨੇ ਭਜਾਤੇ, ‘ਅਕੇ ਇਹ ਰੋਟੀਆਂ ਬਾਹਲੀਆਂ ਖਾਂਦੇ ਐ’, ਕੋਈ ਹੈ ਹੱਜ?” ਪਕਾਰ ਬਾਈ ਕਹਿੰਦਾ, ”ਤਾਇਆ ਤੇਰੀ ਗੱਲ ਸੱਚੀ, ਪਰ ਆਪਾਂ ਹੁਣ ਕੋਈ ਇੰਤਜ਼ਾਮ ਕਰੀਏ, ਪੰਦਰਾਂ ਦਿਨ ਰਹਿਗੇ ਛੁੱਟੀਆਂ ਦੇ, ਜਾਂ ਤਾਂ ਘਰ-ਘਰ ਦੀ ਵਾਰੀ ਲਾਈਏ, ਜਾਂ ਪੈਸੇ ‘ਕੱਠੇ ਕਰਕੇ ਬੰਦਾ ਰੱਖੀਏ, ਇਹ ਸਕੂਲ ਆਪਣਾ, ਪਿੰਡ ਦਾ ਹੈ, ਆਪਾਂ ਹੀ ਰਾਖੀ ਕਰਨੀ ਹੈ। ਅਸੀਂ ਐਮ.ਐਲ.ਏ. ਕੋਲ ਜਾ ਕੇ ਕੋਈ ਪੱਕਾ ਪ੍ਰਬੰਧ ਜ਼ਰੂਰ ਕਰਾਂਗੇ, ਕੇਰਾਂ ਛੁੱਟੀਆਂ ਟਪਾਈਏ।” ਪਹਿਰਾ ਲਾਉਣ ਦੀ ਵਾਰੀ ਅਤੇ ਪੈਸੇ ਇਕੱਠੇ ਕਰਨ ਦਾ ਸੁਣਨ ਮਗਰੋਂ, ਸਾਰੇ ਤਮਾਸ਼ਬੀਨ, ਕੰਨ੍ਹ ਵਲ੍ਹੇਟ, ਖਿਸਕ ਗਏ। ਰਹਿਗੇ ਉਪਕਾਰ ਹੁਰਾਂ ਨੇ, ਜਿੰਦੇ ਮੰਗਾ ਕੇ ਲਾਏ ਅਤੇ ਵਿਉਂਤ ਸੋਚਣ ਲੱਗੇ।
ਹੋਰ, ਨਾਨਕੀਂ, ਮਾਸੀਆਂ ਅਤੇ ਭੂਆ ਕੇ ਰੌਣਕ ਲੱਗੀ ਹੈ। ਕਈ ਫੇਸਬੁੱਕ ਉੱਪਰ ਬੰਬਈ ਸਮੁੰਦਰ ਦੀਆਂ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ਦੀਆਂ ਫ਼ੋਟੋਆਂ ਪਾਈ ਜਾਂਦੇ ਹਨ। ਗੋਡੇ ਅਤੇ ਮੋਢੇ ਦੇ ਜੋੜ ਵੀ, ਥਰੈਪੀਆਂ ਚਲਾਈ ਜਾਂਦੇ ਹਨ। ਹਾਂ, ਸੱਚ, ਹਰੀ ਮੂੰਗੀ ਦੀ ਦਾਲ ਫੇਰ ਹੋਣ ਲੱਗ ਪਈ ਹੈ। ਤੁਹਾਨੂੰ ਭੇਜੀਏ? ਚੰਗਾ, ਸੁਖੀ ਵੱਸੋ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com