ਪਿੰਡ, ਪੰਜਾਬ ਦੀ ਚਿੱਠੀ (95)

ਮਿਤੀ : 12-06-2022

ਸਾਰਿਆਂ ਨੂੰ ਸਤ ਸ਼੍ਰੀ ਅਕਾਲ ਜੀ, ਸਾਡੇ ‘ਤੇ ਸੱਚੇ ਪਾਤਸ਼ਾਹ ਦੀ ਕ੍ਰਿਪਾ ਹੈ। ਪ੍ਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ, ਕੈਲਗਰੀ ਵਿੱਚ ਵੀ ਅਤੇ ਐਡੀਲੇਡ ਵਿੱਚ ਵੀ। ਅੱਗੇ ਸਮਾਚਾਰ ਇਹ ਹੈ ਕਿ ਜਗਜੀਤ ਸਿੰਘ ਪਟਵਾਰੀ ਦੇ ਘਰ ਗਰਮ ਮੌਸਮ ਵਿੱਚ ਹੋਈ ਪੰਚਾਇਤ ‘ਚ ਗਰਮਾ-ਗਰਮੀ ਹੋ ਗਈ। ਤੂੰ-ਤੂੰ, ਮੈਂ-ਮੈਂ ਤਾਂ ਹੋਈ ਰੱਜ ਕੇ ਪਰ ਛਿੱਤਰ-ਪੌਲੇ ਦੀ ਬੱਚਤ ਹੋ ਗਈ। ਮਸਲਾ ਸੀ ਭਰਾਂਵੀਂ ਵੰਡ ਦਾ। ਪਟਵਾਰੀ ਦਾ ਭਰਾ ਬਣਿਆ, ਪ੍ਰਿੰਸੀਪਲ ਸੁਰਜੀਤ ਸਿੰਹੁ, ਸਮਾਣੇ ਤੋਂ ਆਪਣੇ ਇੱਕ ਸਿਆਣੇ ਜਿਹੇ ਦੋਸਤ ਨੂੰ ਲੈ ਕੇ ਆਇਆ ਸੀ। ਪਟਵਾਰੀ ਦਾ ਵੱਡਾ ਭਰਾ ਜਿੰਦਰ ਪਹਿਲਾਂ ਹੀ ਪੂਰੇ ਲਾਣੇ-ਬਾਣੇ ਨੂੰ, ਸਣੇ-ਸਰਪੰਚ ਦੇ ਜੁੜਿਆ ਬੈਠਾ ਸੀ। ਪਾਣੀ-ਧਾਣੀ ਪੀ ਕੇ ਜਿਉਂ ਈ ਜਗਜੀਤ ਸਿੰਘ ਜੱਗੇ ਨੇ ਹੌਲੀ-ਹੌਲੀ ਗੱਲ ਸ਼ੁਰੂ ਕੀਤੀ, ”ਸਾਰੇ ਭਰਾ ਬੈਠੇ ਐ, ਇੰਨ੍ਹਾਂ ਦੀ ਵੰਡ-ਵੰਡਾਈ ਦੀ ਘੈਂਸ-ਘੈਂਸ ਅੱਜ ਆਪਾਂ ਮੁਕਾਉਣੀ ਐ, ”ਮੁੱਕੀ-ਮੁਕਾਈ ਐ ਗੱਲ ਤਾਂ, ਦੋ-ਦੋ ਕਿੱਲੇ ਆਉਂਦੀ ਐ, ਜੀਤ, ਬਾਹਲੀ ਗੱਲ ਐ, ਠੇਕਾ ਲੈ ਲਿਆ ਕਰੇ, ਸ਼ਹਿਰ ‘ਚ ਕੋਠੀ ਐ, ਪਿਲਸਨ ਐ, ਮੌਜ ਕਰਦੈ, ਅਸੀਂ ਤਾਂ ਆਹਦੇ ਆਂ ਗਰੀਬ ਭਰਾ ਦੀ ਵੀ ਮੱਦਦ ਕਰੇ।” ਕਿਸੇ ਦੇ ਬੋਲਣ ਤੋਂ ਪਹਿਲਾਂ ਈ, ਜਿੰਦਰ ਦੇ ਹਮਾਇਤੀ ਚਾਚੇ ਨੇ ਗੱਲ ਬੋਚ ਲੀ। ”ਤੇ ਚਾਚਾ ਜੀ ਮੇਰਾ ਘਰ ‘ਚ ਹਿੱਸਾ, ਨਾਲੇ ਮੈਨੂੰ ਦੋ ਕਿੱਲਿਆਂ ਦੇ ਤਿੰਨ ਟੋਟੇ ਐ।” ਸੁਰਜੀਤ ਨੇ ਆਨੇ ਆਲੀ ਥਾਂ ਨਿਸ਼ਾਨਾ ਮਾਰਿਆ। ਬੱਸ ਫੇਰ ਕੀ ਸੀ, ਸਾਰੇ ਈ, ਜਿਵੇਂ ਉਹਦੇ ਗਲ ਪੈ ਗੇ। ”ਤੈਨੂੰ ਪੜ੍ਹਾ ਕੇ ਅਫ਼ਸਰ ਬਣਾਇਐ, ਤੂੰ ਭਰਾ ਬਾਰੇ ਕੀ ਸੋਚਿਆ?” ”ਤੈਨੂੰ ਤਾਂ ਜ਼ਮੀਨ ਭਰਾ ਨੂੰ ਛੱਡ ਈ ਦੇਣੀ ਚਾਹੀਦੀ ਐ।” ”ਤੇਰੇ ਜਵਾਕ ਤਾਂ ਕਨੇਡਾ ਅੱਪੜਗੇ, ਇਹਦੇ ਰੁਲਦੇ ਐ।” ”ਤੁਸੀਂ ਸਾਰੇ ਪਾੜ੍ਹੇ ਈ ਆਂਏਂ ਓਂ, ਮਾਂ-ਪਿਓ ਨੂੰ ਅਸੀਂ ਸੰਭਾਲੀਏ, ਥੋਨੂੰ ਮੁਸ਼ਕ ਆਉਂਦੈ।” ਲੈ ਬਈ ਕੰਨ ਪਈ ਗੱਲ ਨਾ ਸੁਣੇ। ਕਦੇ-ਕਦੇ ਸੁਰਜੀਤ ਬੋਲੇ, ਪਰ ਕੌਣ ਸੁਣੇ? ਨਾਲ ਆਇਆ ਦੋਸਤ ਉਸ ਦਾ ਹੱਥ ਫੜ ਰੋਕੀ ਜਾਵੇ। ਸਰਪੰਚ ਪਾਰਟੀ ਮੁਸ਼ਕੜੀਂਏਂ ਹੱਸੀ ਜਾਵੇ। ਪਟਵਾਰੀ ਵੀ ਅੱਧ-ਵਿਚਾਲੇ ਗੱਲ ਕਰੇ। ਦੋਸਤੀ ਅਤੇ ਭਾਈਚਾਰੇ ਨੂੰ ਬਰਾਬਰ ਤੋਲ ਕੇ। ਬਿਨ੍ਹਾਂ ਕਿਸੇ ਫੈਸਲੇ ਦੇ ਸਾਰੇ ਗੁੱਭ-ਗਲਾਹਟ ਕੱਢ ਜਦੋਂ ਇੱਕ-ਇੱਕ ਕਰਕੇ, ਚਲੇ ਗਏ ਤਾਂ ਪਟਵਾਰੀ, ਸੁਰਜੀਤ ਸਿੰਹੁ ਅਤੇ ਉਸਦੇ ਦੋਸਤ ਨੂੰ ਦਰਵਾਜ਼ੇ ‘ਚੋਂ ਉਠਾ ਅੰਦਰ ਘਰੇ ਲੈ ਗਿਆ। ਚਾਹ-ਪਾਣੀ ਪੀ ਕੇ, ਪਟਵਾਰੀ ਬੋਲਿਆ, ”ਬਾਈ ਜੀ, ਮੈਂ ਇਹਨੂੰ ਫ਼ੋਨ ‘ਤੇ ਕਹਿੰਦਾ ਹੁੰਦਾ ਸੀ, ਸਮੇਂ ਨਾਲ ਵੰਡ ਲਓ, ਨਹੀਂ ਤਾਂ ਘਾਟਾ ਵੀ ਖਾਓਗੇ ਅਤੇ ਅਖੀਰ ਹੋਣੀਂ ਲੜਾਈ ਹੀ ਹੈ। ਪਿੰਡੋਂ ਗਿਆਂ ਨੂੰ ਕੋਈ ਨ੍ਹੀਂ ਪੁੱਛਦਾ ਹੁੰਦਾ। ਤੁਸੀਂ ਆਪ ਵੇਖ ਲਿਆ, ਸਣੇਂ ਪੰਚਾਇਤ ਕੋਈ ਹੈ ਤੁਹਾਡੇ ਹੱਕ ‘ਚ? ਚੁੱਪ ਕਰਕੇ ਵੇਚ ਕੇ ਆਪਣੀ ਟੈਂਸ਼ਨ ਲਾਹੋ ਤੇ ਚੈਨ ਨਾਲ ਜੀਓ।” ਮਨ ਹੀ ਮਨ ਫ਼ੈਸਲਾ ਕਰ, ਸੁਰਜੀਤ ਸਿੰਹੁ, ਕਾਰ ਤੇ ਦੋਸਤ ਨਾਲ ਸਾਂਝੇ ਘਰ ਅੱਗੋਂ, ਟੁੱਟਿਆ ਜਿਹਾ ਹੋ, ਲੰਘ ਗਿਆ।
ਹੋਰ, ਵੱਡੀਆਂ ਸੜਕਾਂ ਕਰਕੇ, ਦਰਖ਼ਤ ਵੀ ਬਹੁਤ ਵੱਢੇ ਗਏ ਹਨ। ਸਫ਼ਰ ਦੀ ਮੌਜ ਵੀ ਬੜੀ ਐ ਅਤੇ ਟੋਲ ਟੈਕਸ ਵੀ ਚੁੱਭਦਾ ਹੈ। ਦਿਨੇ ਹਰ ਵਸਤੂ ਅੱਗ ਦਾ ਰੂਪ ਬਣ ਜਾਂਦੀ ਹੈ। ਅੱਤ ਦੀ ਗਰਮੀ ‘ਚ ਆਪਣਾ, ਸੰਜੀਵ ਵਿਆਹ ਲਈ ਮੰਨ ਗਿਐ। ਉਸਦੀ ਦੇਹਰਾਦੂਨ ਜੰਞ ਗਏ, ਦੋ ਦਿਨ ਮਸੂਰੀ ਠੰਡ ਵੀ ਮਨਾਵਾਂਗੇ। ਜੱਸੂ ਆਸਟਰੇਲੀਆ ਤੋਂ ਵੀਡੀਓ ਰਾਹੀਂ ਸਮੁੰਦਰ ਵਿਖਾਈ ਜਾਂਦੈ। ਗੁਲਾਬ ਸਿੰਹੁ ਗਰਮੀ ‘ਚ ਪਤਾ ਨਹੀਂ ਕਿਉਂ ਕੈਨੇਡਾ ਤੋਂ ਆ ਗਿਐ? ਨੇਤਾ, ਗਾਇਕ ਤੇ ਸੰਤ ਤਾਂ ਅੱਜ-ਕੱਲ੍ਹ ਪੰਜਾਬ ਖਾਲੀ ਕਰ, ਬਾਹਰ ਦੇ ਟੂਰਾਂ ‘ਤੇ ਹਨ।
ਸੱਚ, ਪਰਮਾ ਮਾਸਟਰ, ਪੈਨਸ਼ਨ ਵਧੀ ਤੋਂ ਉਨ੍ਹਾਂ ਖੁਸ਼ ਨਹੀਂ, ਜਿੰਨ੍ਹਾਂ ਬਕਾਇਆ ਨਾ ਮਿਲਣ ਤੋਂ ਔਖੈ। 31 ਮਈ ਨੂੰ ਕਈ ਰਿਟਾਇਰ ਵੀ ਹੋ ਗਏ ਹਨ।
ਚੰਗਾ, ਬਾਕੀ ਫੇਰ ਸਹੀ,
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com

Install Punjabi Akhbar App

Install
×