ਪਿੰਡ, ਪੰਜਾਬ ਦੀ ਚਿੱਠੀ (71)

ਮਿਤੀ : 26-12-2021

ਬੇਮਿਸਾਲ ਇਤਿਹਾਸ ਰਚਨ ਵਾਲੇ ਪੰਜਾਬੀਓ, ਗੁਰਫ਼ਤਹਿ ਪ੍ਰਵਾਨ ਹੋਵੇ ਜੀ। ਦਸਮੇਸ਼ ਪਿਤਾ ਦੀ ਬਖ਼ਸ਼ੀ ਗੁੜ੍ਹਤੀ ਕਰਕੇ ਅਸੀਂ, ਹੌਂਸਲੇ ਵਿੱਚ ਹਾਂ। ਤੁਹਾਡੀ ਸਲਾਮਤੀ ਲਈ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਕੜ੍ਹਮਿਆਂ ਦੇ ਘਰਾਂ ਦੀ, ਲੜਾਈ ਨੇ, ਠੰਡ ਵਿੱਚ ਵੀ ਗਰਮੀ ਲੈ ਆਂਦੀ ਹੈ। ਜ਼ਮੀਨਾਂ ਉੱਪਰ ਹੁੰਦੇ ਕਬਜ਼ੇ ਦੀਆਂ ਗੱਲਾਂ ਤਾਂ ਅੱਗੇ ਵੀ ਸੁਣਦੇ ਸਾਂ ਪਰ ਦੁਲੀ ਕੀ ਭਾਣਜੀ ਦੇ ਸਹੁਰਿਆਂ ਅਤੇ ਮਤਰੇਏ ਭਰਾਵਾਂ ਦੀ, ਘੈਂਸ-ਘੈਂਸ ਨੇ ਕਾਂਡ ਵਿੱਚ ਇੱਕ ਹੋਰ ਦੁਕੰਮੜ ਕਰ ਦਿੱਤਾ ਹੈ। ਕਚਹਿਰੀ ਤੋਂ ਆਪਣੇ ਹੱਕ ਵਿੱਚ ਫ਼ੈਸਲਾ ਲੈ ਕੇ ਬਿਮਲਾ ਦੇ ਸਹੁਰਿਆਂ ਨੇ ਕਬਜ਼ੇ ਦੀ ਤਿਆਰੀ ਕੀਤੀ। ਉਂਗਲ ਲਾਈ ਵਾਲੇ ਬੋਘੇ ਕੇ ਵਾੜੇ ‘ਚੋਂ ਤੀਹ-ਚਾਲੀ ਬੰਦਿਆਂ ਨੇ ਮੀਟ ਖਾਧਾ ਤੇ ਸ਼ਰਾਬ ਪੀਤੀ। ਹਥਿਆਰ ਲੈ ਕੇ, ਦੋ ਟਰੈਕਟਰ, ਟਰਾਲੀਆਂ ਭਰ, ਲਲਕਾਰੇ ਮਾਰਦੇ ਅੰਨ੍ਹੇ ਹੋ ਖੇਤਾਂ ਨੂੰ ਭੱਜ ਤੁਰੇ। ਅੱਗੇ-ਅੱਗੇ ਬੋਘੇ ਦਾ ਮੁੰਡਾ, ਲੰਡੀ ਜੀਪ ‘ਤੇ ਲੜਾਕੂਆਂ ਦੀ ਅਗਵਾਈ ਕਰ ਰਿਹਾ ਸੀ। ਪਿੰਡ ਦੇ ਬਾਹਰ ਗਰੀਬੂ ਦੀ ਦਾਦੀ ਨੂੰ ਬੱਕਰੀ ਘੜੀਸ ਕੇ ਗਲੀ ‘ਚ ਲੈ ਆਈ। ਸ਼ੂਕਦੀ ਜੀਪ ਨੇ ਦੋਹਾਂ ਨੂੰ ਖੁੱਦੋ ਵਾਂਗੂੰ ਕੰਧ ਨਾਲ ਚਲਾ ਮਾਰਿਆ। ਘਬਰਾ ਕੇ ਜੀਪ ਦੀ ਬਰੇਕ ਲਾਈ ਤਾਂ ਮਗਰੇ ਟਰੈਕਟਰ ਆ ਵੱਜਾ। ਚੱਕ ਲੋ, ਧਰ ਲੋ ਹੋ-ਗੀ। ਚੀਕ-ਚਿਹਾੜਾ ਪੈ ਗਿਆ। ਪਹਿਲਾਂ ਤਾਂ ਚਾਂਭਲੇ, ਰੋਹਬ ਮਾਰਨ ਲੱਗੇ ਪਰ ਮੁਲਖ ਕੱਠਾ ਹੋ ਜਾਣ ਤੇ ਕਈ ਖਿਸਕ ਗਏ ਤੇ ਕਈ ਫ਼ੜੇ ਗਏ। ਕਬਜ਼ਾ ਤਾਂ ਪਾਸੇ ਰਹਿ ਗਿਆ, ਲੈਣੇ ਦੇ ਦੇਣੇ ਪੈ ਗਏ। ਮਤਰੇਏ ਭਰਾਂਵਾਂ ਨੂੰ ਪਤਾ ਲੱਗਾ ਤਾਂ ਗਰੀਬੂ ਕਿਆਂ ਤੋਂ ਪਰਚਾ ਕਰਾ ਤਾ। ਪੁਲਸ ਆਈ ਤਾਂ ਟਰਾਲੀ ‘ਚੋਂ ਨਸ਼ਾ ਅਤੇ ਹਥਿਆਰ ਫੜੇ ਗਏ। ਬੱਕਰੀ ਲੱਖਾਂ ਦੀ ਹੋ ਗਈ। ਦਾਦੀ ਹਸਪਤਾਲ ਐ। ਜੇ ਤੁਰਗੀ ਤਾਂ ਕਤਲ ਦੀ ਧਾਰਾ ਵੀ ਜੁੜ-ਜੂ। ਕਈ ਦਿਨ ਸਿਫ਼ਾਰਸ਼ਾਂ ਅਤੇ ਖ਼ਰਚੇ ਦੀ ਘੈਂਸ-ਘੈਂਸ ਹੁੰਦੀ ਰਹੀ। ਅਖੀਰ ਦੋਵੇਂ ਧਿਰਾਂ ਦਾ ਕੇਸ ਵੱਡੇ ਮੰਤਰੀ ਕੋਲ ਪੁੱਜਾ ਤਾਂ ਮੋਟੀ ਰਕਮ ਨਾਲ ਸਮਝੌਤਾ ਹੋਇਆ। ਲੀਡਰ ਆਂਹਦਾ, ”ਹੁਣ ਜਿਉਂ ਆਂਏਂ ਓਂ, ਪਹਿਲਾਂ ਆ ਜਾਂਦੇ, ਗੱਲ ਏਥੋਂ ਤੱਕ ਨਾ ਅੱਪੜਦੀ।” ਉਹ ਤਾਂ ਅਜੇ ਵੀ ਦੋਵੇਂ ਬਚ ਗਏ ਨਹੀਂ ਤਾਂ ਉਂਗਲਾਂ ਆਲੇ ਕਿੱਥੇ ਨਿੱਬੜਨ ਦਿੰਦੇ ਸੀ? ਅੱਗੇ ਪਿੰਡਾਂ ‘ਚ ਲੋਕ ਪਰੋ-ਪੰਚਾਇਤ ਦੀ ਮੰਨਦੇ ਸੀ, ਹੁਣ ਤਾਂ ਹਰੇਕ ਨੇ ਫੂਨ ‘ਚ ਸਾਰੇ ਨੇਤਾ ਹਾਜ਼ਰ ਰੱਖੇ ਹੁੰਦੇ ਹਨ, ਬੱਸ ਬਟਨ ਨੱਪ ਕੇ ਕੰਨ ਨਾਲ ਲਾਉਣ ਦੀ ਦੇਰ ਹੈ, ਖੇਡ ਵਿਗੜ ਜਾਂਦੀ ਹੈ। ਵੋਟਾਂ ਦਾ ਮਸਲਾ ਹੈ ਨਾਂਹ!
ਹੋਰ, ਯਖ ਠੰਡ ਵਿੱਚ ਵੀ ਸੰਗਤ ਸ਼ਹੀਦੀ ਦਿਵਸ ਮਨਾ ਰਹੀ ਹੈ। ਕ੍ਰਿਸਮਿਸ ਮਨਾਉਣ ਦਾ ਵੀ ਰਿਵਾਜ਼ ਵੱਧ ਰਿਹਾ ਹੈ। ਰਿੰਗ ਸੈਰੇਮਨੀ ਅਤੇ ਜਹਾਜ਼ੇ ਵੀ ਚੜ੍ਹ ਰਹੇ ਹਨ। ਆ ਰਹੇ ਕੋਰੋਨਾ ਦੇ ਬੁੱਲੇ, ਲੋਕਾਂ ਨੂੰ ਕਣਕ ਉੱਪਰ ਕੋਰੇ ਵਾਂਗੂੰ ਨੱਪ ਰਹੇ ਹਨ। ਆਬਾਦੀ ਵਧਣ ਦੇ ਨਾਲ, ਲੋਕਾਂ ਦੀ ਚੇਤੰਨਤਾ ਵੀ ਵੱਧ ਰਹੀ ਹੈ। ਨਹਾਉਣ ਨਾਲੋਂ, ਮਣ ਪੱਕੇ ਕੱਪੜੇ ਲਾਉਣ ਤੇ ਪਾਉਣ ਲਈ ਸਮਾਂ ਜ਼ਿਆਦਾ ਲੱਗਦਾ ਹੈ। ਬਾਬਾ ਚੰਨਣ ਸਿੰਹੁ ‘ਕਾਲੀ’ ਅਜੇ ਵੀ ਠੰਡੇ ਪਾਣੀ ਨਾਲ ‘ਸ਼ਨਾਨ ਕਰਕੇ ਸਵੇਰੇ ਗੁਰਦੁਆਰੇ ਜਾਂਦਾ ਹੈ।

ਚੰਗਾ, ਬਾਕੀ ਅਗਲੇ ਐਤਵਾਰ ਸਹੀ,

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com

Install Punjabi Akhbar App

Install
×