ਪਿੰਡ, ਪੰਜਾਬ ਦੀ ਚਿੱਠੀ (138)

ਮਿਤੀ : 09-04-2023

ਲਾਲ ਸੂਹੇ ਬੇਰਾਂ ਵਰਗੇ, ਪੰਜਾਬੀਓ, ਗੁਰੂ ਰਾਖਾ!

ਅਸੀਂ ਪੱਕੀ ਕਣਕ ਵਰਗੇ ਹਾਂ। ਪ੍ਰਮਾਤਮਾ ਤੁਹਾਨੂੰ ਵੀ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ। ਅੱਗੇ ਸਮਾਚਾਰ ਇਹ ਹੈ ਕਿ ਇਸ ਵਾਰ ਬੇਰੀਆਂ ਉੱਪਰ ਬੇਰਾਂ ਦਾ ਹੋਈਆ ਬਹੁਤ ਹੈ। ਫਲ ਨਾਲ ਲਿਫੀਆਂ ਟਾਹਣੀਆਂ ਥੱਲੇ ਲੱਗ ਰਹੀਆਂ ਹਨ। ਤੋਤੇ, ਜਾਨਵਰ ਅਤੇ ਮੇਰੇ ਵਰਗੇ ਖਾ-ਖਾ ਰੱਜ ਰਹੇ ਹਨ। ਮਣਾਂ-ਮੂੰਹੀ, ਟੁੱਕੇ ਬੇਰ, ਪੱਕ ਕੇ ਗਲੇ ਬੇਰ, ਕੱਚੇ ਬੇਰ, ਗੱਲ ਕੀ ਬੇਰ ਹੀ ਬੇਰ ਹਨ। ਢਿੱਡ ਭਰਦੈ ਪਰ ਮਨ ਨੀ ਰੱਜਦਾ। ਬਾਗਾਂ ਅਤੇ ਰਾਹਾਂ-ਕੁਰਾਹਾਂ ਉੱਪਰ ਆਪਣੀ ਹਿੰਮਤ ਨਾਲ ਬਚੀਆਂ ਬੇਰੀਆਂ ਪੂਰੇ ਜੋਬਨ ਉੱਤੇ ਹਨ। ਰਾਤੀਂ ਝੱਖੜ ਆਇਆ ਤਾਂ ਸਵੇਰੇ ਹੀ ਲੋੜਵੰਦ ਅੱਪੜਗੇ। ਮਿੱਟੀ ਨਾਲ ਲਿੱਬੜੇ ਬੇਰ ਝਾੜ-ਪੂੰਝ ਖਾਈ ਗਏ। ਜੇਬ ਭਰ, ਗੀਝਾ ਭਰ, ਬੁੱਕ ਭਰ, ਫਲਾਫ਼ਾ ਭਰ, ਖਾਂਦੇ ਹੀ ਤੁਰੇ ਗਏ। ਡੰਡੇ ਆਲਾ ਯੋਧਾ ਭਾਊ, ਖਾਂਦਾ ਆਵੇ ਤੇ ਗਾਂਉਂਦਾ ਆਵੇ, ”ਅਸੀਂ ਗਿੜਕਾਂ ਗਿਣਨ ਤੇ ਈ ਲੱਗ ਗੇ ਓ ਰਾਜੂ ਕਿੱਲਿਆਂ-ਵਾਲੀ ਵਾਲਿਆ। ਲੈ ਓਏ ਰਾਜੂ ਖਾਹ ਲੈ ਜਿੰਨੇ ਮਰਜੀ।” ”ਮੈਂ ਤਾਂ ਸਵੇਰੇ ਈ ਛਾਬੜਿਆਂ ਦੇ ਪਲਾਟ ‘ਚੋਂ ਭਰ ਲਿਆਇਆਂ ਝੋਲਾ ਗੜੌਂਦਿਆਂ ਦਾ, ਮਿੱਠੇ, ਪੋਲੇ, ਸ਼ੈਤ ਵਰਗੇ ਐ, ਤੂੰ ਮਾਰੀ ਜਾਨੈਂ, ਕਾਕੜਿਆਂ ‘ਤੇ ਮੱਥਾ।” ਰਾਜੂ ਮਿਸਤਰੀ ਨੇ ਦੁਕਾਨ ‘ਚੋਂ ਬਾਹਰ ਆਂਉਂਦਿਆਂ, ਸਿਰ ਖੁਰਕਦਿਆਂ ਹੁੱਬ ਕੇ ਦੱਸਿਆ। ”ਬੇਰ ਤਾਂ ਬਈ ਐਤਕੀਂ ਅੰਬਰਸਰ ਬੇਰੀਆਂ ਨੂੰ ਵੀ ਬੜੇ ਲੱਗੇ ਐ, ਭਰੀਆਂ ਪਈਆਂ, ਸਵੇਰੇ-ਸ਼ਾਮ ਟੀ.ਵੀ. ਰਾਹੀਂ ਕੀਰਤਨ ਵੇਲੇ ਦਿਖਾਂਉਂਦੇ ਐ” ਸੈਰ ਕਰਕੇ ਆਉਂਦੇ ਗੁਰਮੁਖ ਸਿੰਹੁ ਨਿਹੰਗ ਨੇ ਜਾਣਕਾਰੀ ਦਿੰਦਿਆਂ, ਧਰਮੀ ਹੋਣ ਦਾ ਵੀ ਭੁਲੇਖਾ ਪਾਇਆ। ”ਵੇਖ ਲੋ ਬਈ, ਇਹ ਬੇਰੀਆਂ ਦੇ ਬੇਰ, ਮਲ੍ਹਿਆਂ ਦੇ ਬੇਰ ਅੱਗੇ ਲੋਕ ਸੁਕਾਅ ਕੇ ਰੱਖ, ਸਾਂਭਦੇ, ਫੇਰ ਲੋੜ ਵੇਲੇ ਖਾਂਦੇ। ਬੇਰ ਸਾਹਿਬ ਵਾਲੀਆਂ ਇਤਿਹਾਸਕ ਬੇਰੀਆਂ ਗੁਰੂਆਂ-ਪੀਰਾਂ ਦਾ ਕੁਦਰਤੀ ਭੋਜਨ ਸਨ। ਰੱਬ ਨੇ ਬੜਾ ਕੁੱਝ ਦਿੱਤਾ ਬੰਦੇ ਨੂੰ ਪਰ ਇਹ ਕਿਸੇ ਨੂੰ ਬੇਰਾਂ ਵੱਟੇ ਨੀ ਪੁੱਛਦਾ।” ਕੱਛ ‘ਚ ਡੰਡਾ ਟੰਗਦਾ ਯੋਧਾ ਬੋਲਿਆ। ”ਮਹਾਰਾਜਾ ਰਣਜੀਤ ਸਿੰਹੁ ਤਾਂ ਬੇਰੀ ਆਲੇ ਵੱਟੇ ਖਾ ਕੇ ਵੀ ਮੋਹਰਾਂ ਦਿੰਦਾ ਸੀ, ਹੁਣ ਕੋਈ ਕਿਸੇ ਲੀਡਰ ਕੰਨੀਂ ਝਾਕੇ ਤਾਂ ਬੇਰੀ ਦੇ ਕੰਡਿਆਂ ਤੋਂ ਘੜੀਸ ਦੇਵੇ।” ਨਛੱਤਰ ਛੁਰਲੀ ਨੇ ਚੁਟਕੀ ਲਈ। ”ਸ਼ੁਕਰ ਕਰੋ ਅਜੇ ਬੇਰ ਕੰਪਨੀਆਂ ਦੇ ਨਜਰੀਂ ਨਹੀਂ ਪਏ ਫੇਰ ਤਾਂ ਸ਼ਾਪਿੰਗ ਮਾਲ ਤੇ ਬੇਰਾਂ ਦੇ ਪੈਕਟ ਹੋਣਗੇ ਤੇ ਟੀ.ਵੀ. ਤੇ ਮਸ਼ਹੂਰੀ ‘ਅਬ ਕਿਸਕੀ ਦੇਰ, ਖਾਓ ਅਸਲੀ ਬੇਰ, ਸ਼ਾਮ-ਸਵੇਰ, ਬੇਰ ਹੀ ਬੇਰ। ਵਿਟਾਮਨ ਸੇ ਭਰਪੂਰ-ਅਨੂਪਮ ਖੇਰ’।” ਹਨੀ ਉਤਰੇਜਾ ਨੇ ਕਲਾਕਾਰੀ ਅੰਦਾਜ ‘ਚ, ਮੰਗਤ ਰਾਮ ਵੱਲ ਵੇਖਦਿਆਂ ਐਕਟਿੰਗ ਵੀ ਕੀਤੀ। ਸਾਰੇ ਬੇਰਾਂ ਵਾਂਗ ਹੀ ਖਿੜ ਗਏ।
ਹੋਰ, ਬੇਰੀ ਵਾਲੇ ਬਾਬੇ ਦੀਆਂ ਮਟੀ ਤੇ ਅਜੇ ਵੀ ਲੱਸੀ ਪੈਂਦੀ ਹੈ। ਲੱਧੜਾਂ ਦੀ ਬੇਰੀਆਂ ਪੂਰੇ ਜਲੌਅ ਉੱਤੇ ਹਨ। ਗਊਆਂ ਅਤੇ ਧੀਆਂ ਦੀਆਂ ਅਜੇ ਵੀ ਕੋਕੜਾਂ ਹੋ ਰਹੀਆਂ ਹਨ। ਕੰਤਾ ਅਜੇ ਵੀ ਫ਼ਤੂਹੀ ਆਲੇ ਆਲੂ ਖਾਂਦੈ। ਨਿੱਕੂ ਰੇੜੂ ਦੋਧੀ ਨੂੰ ਦੋਜੀ ਆਖਦੈ। ਮਾਂਗੂੰ ਖੁਡੂੰ ਛੜੇ ਦੇ ਬਾਰ ‘ਚ ਨਿੰਮ ਬੰਨ੍ਹ ਕੇ ਕੋਈ ਅਪ੍ਰੈਲ-ਫੂਲ ਕਰ ਗਿਐ। ਸਵੇਰੇ ਸਾਰੇ ਹੱਸੀ ਜਾਣ ਤੇ ਖੁਡੂੰ ਸੋਟਾ ਕੱਢੀ ਖੜਾ। ਦਸਾਂ ਉਂਗਲਾਂ ਦੀ ਕਮਾਈ ਨਾਲ ਵਟਸਐਪ, ਫੇਸਬੁੱਕ, ਯੂ-ਟਿਊਬ ਅਤੇ ਚੈਟਿੰਗ ਖੂਬ ਚੱਲ ਰਹੀ ਹੈ। ਚੰਗਾ, ਬਾਕੀ ਅਗਲੇ ਐਤਵਾਰ, ਕਰੋ ਇੰਤਜਾਰ,

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com