ਪਿੰਡ, ਪੰਜਾਬ ਦੀ ਚਿੱਠੀ (137)

ਮਿਤੀ : 02-04-2023

ਪੱਕੀ ਖੇਤੀ ਵੇਖ ਕੇ, ਗਰਬ ਕਰੇ ਕਿਰਸਾਣ, ਝੱਖੜ, ਵਾਂਉਂ, ਝੋਲਿਉਂ, ਘਰ ਆਵੇ ਤਾਂ ਜਾਣ॥
ਸਿਰ ਤੇ ਪਈ ਨੂੰ, ਸਿਰੜ ਨਾਲ, ਝੱਲਣ ਵਾਲੇ ਪੰਜਾਬੀਓ, ਸਤ ਸ਼੍ਰੀ ਅਕਾਲ। ਅਸੀਂ ਇੱਥੇ ਅਜੇ ਵੀ ਵਾ-ਵਰੋਲੇ ਵਿੱਚ ਹੀ ਹਾਂ। ਤੁਹਾਡੇ ਸੁੱਖ ਦੀ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਨੈਟ ਦੀ, ਮੌਸਮ ਚੇਤਾਵਨੀ ਮੁਤਾਬਿਕ, ਮੀਂਹ, ਹਨੇਰੀ ਅਤੇ ਗੜੇਮਾਰੀ ਨੇ ਨੁਕਸਾਨ ਦਾ ਸਿਰਾ ਲਾ-ਤਾ। ਬਾਡਰ ਪਿੰਡਾਂ ‘ਚ ਆਏ ਤੂਫ਼ਾਨ ਨੇ ਸਰੜ ਦੇਣੇ, ਕੋਠੇ, ਖੰਭੇ, ਕੰਧਾਂ, ਬਾਗ ਅਤੇ ਹੋਰ ਜੀਅ-ਜੰਤ ਸਿਰ-ਪਰਨੇ ਮਾਰਿਆ। ‘ਕੇਰਾਂ ਤਾਂ ਸਿਰ-ਸੁੱਟ ਗੇ ਸਾਰੇ। ਫੇਰ ਗਵਾਂਢੀਆਂ, ਧਰਮੀਆਂ, ਅਫ਼ਸਰਾਂ ਅਤੇ ਲੀਡਰਾਂ ਨੇ ਸਿਰ-ਜੋੜ ਕੇ ਹੱਥ ਵਧਾਇਆ ਤਾਂ ਸੁਰਤ ਜੀ ਆਈ। ਬਾਬਾ ਲੁੱਢਾ ਸੱਚ ਆਖਦਾ, ”ਵਾਹੀਵਾਨ ਤਾਂ ਭਗਤ ਐ ਅਤੇ ਖੇਤੀ, ਭਗਤੀ। ਜੁਗਾਂ ਤੋਂ ਆਂਏਂ ਈ ਫ਼ਸਲਾਂ ਦਾ ਨੁਕਸਾਨ ਦੇਖਦੈ। ਸਿਰ ਸਦਾ ਉੱਖਲੀ ‘ਚ। ਅੱਗੇ ਦੋ-ਦੋ ਮਹੀਨੇ ਬਰਾਨੀ ਤੇ ਸੇਂਜੂ ਹਾੜੀ ਕੱਢਦਿਆਂ ਪਿੜਾਂ ‘ਚ ਰਹਿੰਦੇ। ਰੱਬ ਖੋਹੀ ਜਾਂਦਾ। ਇੱਕੋ ਅਰਦਾਸ, ”ਤੂੰ ਹੀ ਸਿਰ ਦਾ ਰਾਖਾ, ਦਾਤਿਆ, ਬੰਦੀਂ ਸੁੱਖ ਰਹੇ, ਅਗਲੀ ਬਿਜਾਈ ਲਈ ਫੇਰ ਡੱਟ ਜਾਂਦਾ, ਰੱਬ ਦੀ ਰਜ਼ਾ”। ”ਵਾਦੜੀਆਂ-ਸਜਾਦੜੀਆਂ ਤਾਂ ਸਿਰ ਨਾਲ ਨਿਭਾਅ ਈ ਲੈਂਦਾ- ਫੇਰ ਹੋਰ ਕਰੇ ਵੀ ਤਾਂ ਕੀ? ਕੋਈ ਹੋਰ ਕੰਮ-ਧੰਦਾ ਲੋਟ ਨੀਂ ਆਉਂਦਾ”। ਭੰਗਾਲਾਂ-ਆਲੇ ਭੋਲੇ ਨੇ ਹਉਕਾ ਜਾ ਲੈ ਕੇ, ਬੇਵਸੀ ਜਾਹਰ ਕੀਤੀ। ਸੁਣ ਲੋ, ”ਅਖੇ ਲਾਲੇ ਨੇ ਕੀਤੀ ਖੇਤੀ, ਭੇਤ ਪਾ ਲਿਆ ਛੇਤੀ। ਕਹਿੰਦਾ ਜਰਨਾ ਪੈਣਾਂ ਸੀ, ਜੇ ਨਾ ਹੁੰਦੇ ਜੱਟ, ਤਾਂ ਕੰਮ ਬੰਦਿਆਂ ਨੂੰ ਕਰਨਾ ਪੈਣਾਂ ਸੀ।” ਮਾਨ ਮਰਾੜਾਂ ਆਲੇ ਦੇ ਚੇਲੇ ਸ਼ੇਰੂ ਔਲਖ ਨੇ ਲੋਕ-ਤੱਥ ਸੁਣਾ ਕੇ ਸਭ ਦੀ ਨਿਸ਼ਾ ਕਰਾ ਦਿੱਤਾ। ”ਊਂ ਬਾਈ, ਇਸ ਕਿਸਾਨ ਦੇ ਸਿਰ ਉੱਤੋਂ ਦੀ ਲੰਘਦੀ ਆਫ਼ਤ ਦਾ ਕੋਈ ਹੱਲ ਵੀ ਤਾਂ ਹੋਊਗਾ ਕਿ ਨਹੀਂ?” ਤੇਜੂ ਕਵਾਡੇ ਕਾ ਛਿੰਦਾ, ਆਸ ਨਾਲ ਸਾਰਿਆਂ ਕੰਨੀਂ ਝਾਕਿਆ। ”ਬਥੇਰੇ ਹੱਲ ਐ, ਪੀਲੀ ਪੱਗ ਬੰਨ੍ਹ ਕੇ, ਪੀਲੇ ਹੈਲੀਕਾਪਟਰ ਉੱਤੇ ਆ ਕੇ, ਪੀਲੇ ਚਿਹਰਿਆਂ ਕੋਲ, ਪੀਲੀਆਂ ਗੱਲਾਂ ਕਰਨ ਦੀ ਥਾਂ, ਸਰਕਾਰ, ਡੂਢ ਲੱਖ ਕਰੋੜ ਦੇ ਸਾਲਾਨਾ ਬੱਜਟ ਵਿੱਚੋਂ, ਆਏ ਸਾਲ ਦਸ ਹਜਾਰ ਕਰੋੜ, ਕਿਸਾਨ ਬੀਮੇ ਲਈ ਰੱਖੇ, ਕਿਸਾਨ ਤੋਂ ਵੀ ਬਣਦਾ ਲੈਣ, ਜਦੋਂ ਨੁਕਸਾਨ ਹੁੰਦੈ, ਮੱਦਦ ਕਰਨ, ਆਪੇ ਪੈਰ ਲੱਗ ਜਾਣਗੇ।” ਮਾਸਟਰ ਗਿੱਲ ਸਾਹਬ ਨੇ ਵਿਹਾਰੀ ਤਰੀਕਾ ਦੱਸਿਆ। ”ਸਹੀ ਬਾਤ ਐ, ਮਾਸਟਰ ਜੀ, ਝੌਂਸੇ ਹੋਏ ਚਿਹਰਿਆਂ ਆਲੇ ਭਗਤਾਂ ਨੂੰ ਬਚਾਉਣਾ ਜਰੂਰੀ ਹੈ, ਖੇਤੀ ਮੂਲ ਹੈ, ਭੋਜਨ ਬਿਨਾਂ ਤਾਂ ਗਵਾਂਢੀ ਮੁਲਕਾਂ ਆਲੀ ਭੁੱਖਮਰੀ ਪੈ ਜੂ, ਟੀਂ ਬੋਲ ਜੂ। ਪੈਸਾ ਕਿਸ ਨੇ ਚੱਟਣੈਂ? ਕਰੋਨੇ ਵੇਲੇ ਵੇਖ ਹੀ ਲਿਆ ਹਮ ਸਭਨੇ।” ਮੀਤੇ ਫ਼ੌਜੀ ਨੇ ਸਹਿਮਤੀ ਦਿੰਦਿਆਂ ਆਪਣੀ ਸਲਾਹ ਦਿੱਤੀ। ਬੱਦਲ ਗੱਜਦਾ ਵੇਖ, ਫੇਰ ਸਾਰੇ ਸਿਰ ਖੁਰਕਣ ਲੱਗ ਪਏ।
ਹੋਰ, ਕੱਤੀ ਮਾਰਚ ਨੂੰ ਕਈਆਂ ਦੀ ਸੇਵਾ-ਮੁਕਤੀ ਹੈ। ਰਾਹੁਲ, ਕਮਿੱਕਰ, ਛਾਬੜਾ ਅਤੇ ਪਰਮਦੇਵ ਕਾਇਮ ਹਨ। ਜਸ ਮਾਸਟਰ ਕੇ ਮੰਡੀ ਚਲੇ ਗਏ ਹਨ। ਸਕੂਲਾਂ ‘ਚ ਦਾਖਲਾ ਵੱਧ ਪਰ ਗਿਣਤੀ ਘੱਟ ਗਈ ਹੈ। ਮੁਰਦਾਬਾਦ ਕਰਦੇ ਵੀ ਹੁਣ ਸਾਰੇ ਭਵਿੱਖ ਲਈ ਹੋਰ ਸੋਚ ਰਹੇ ਹਨ। ਸੁੱਧੂਆਂ ਦੇ ਸੰਤੇ ਕੋਲੋਂ ਕੇਵਲ ਨੌਂ ਹਜ਼ਾਰ, ਗੋਲੀਆਂ ਫ਼ੜੀਆਂ ਗਈਆਂ ਹਨ। ਗੜਿਆਂ ਕਰਕੇ, ਗਲਿਆਂ ‘ਚ ਸਵਾਟਰਾਂ ਪਈਆਂ ਹਨ। ਕਈ ਵਿਆਹਾਂ ‘ਚ ਪੀ ਕੇ, ‘ਕਾਲ ਕੱਢੀ ਜਾਂਦੇ ਹਨ। ਚੰਗਾ, ਕੇਰਾਂ ਤਾਂ ਸਿਰ ਖੁਰਕਣ ਦੀ ਵੇਹਲ ਹੈਨੀਂ, ਅਗਲੇ ਐਤਵਾਰ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com