ਪਿੰਡ, ਪੰਜਾਬ ਦੀ ਚਿੱਠੀ (136)

ਮਿਤੀ : 26-03-2023

ਗੁਰਾਂ ਦੇ ਨਾਂ ਉੱਪਰ ਜੀਂਦੇ ਪੰਜਾਬੀਓ, ਗੁਰ-ਫ਼ਤਹਿ ਪ੍ਰਵਾਨ ਹੋਵੇ। ਅਸੀਂ ਹਮੇਸ਼ਾ ਵਾਂਗ ਚੜ੍ਹਦੀ ਕਲ੍ਹਾ ਵਿੱਚ ਹਾਂ। ਪ੍ਰਮਾਤਮਾ ਤੁਹਾਡਾ ਵੀ ਹਰ ਮੈਦਾਨ ਫ਼ਤਹਿ ਕਰੇ। ਅੱਗੇ ਸਮਾਚਾਰ ਇਹ ਹੈ ਕਿ ਪੰਜਾਬ ਦੀ ਕਈ ਦਿਨ੍ਹਾਂ ਤੋਂ ਤਖ਼ਤੇ ‘ਚ ਚੀਚੀ, ਆਈ ਹੋਈ ਹੈ। ਜਿੰਨ੍ਹੇ ਮੂੰਹ ਉਨੀਆਂ ਗੱਲਾਂ। ਨੰਜੂ ਅਮਲੀ ਦੇ ਰੇਡੀਓ ਅਨੁਸਾਰ, ”ਥੋਡਾ ਨੈਟ ਬੰਦ ਹੋ ਗਿਆ, ਨੋਟਬੰਦੀ ਮਾਂਗੂੰ, ਕਲਫੂ ਵੀ ਲੱਗ ਸਕਦੈ, ਬਚ-ਚੋ। ਹੋਰ ਨੀਂ, ਚਾਰ ਦਿਨ ਜਵਾਕਾਂ ਦੀਆਂ ਅੱਖਾਂ ਤਾਂ ਬਚਣਗੀਆਂ, ਗਲੀਆਂ ‘ਚ ਐਂ ਖੇਡਣ ਨਿਕਲ ਆਏ ਐ, ਕਰੋਨਾ ਵੇਲੇ ਦੇ ਮੋਰਾਂ ਤੇ ਚੀਤਿਆਂ ਆਂਗੂੰ।” ਘਰ-ਘਰ ਫਿਰਦੇ ਅਮਲੀ ਨੂੰ ਝਿੜਕਦਿਆਂ, ਯੂਥ ਅਕਾਲੀ ਲੀਡਰ ਗੁਰਿੰਦਰਪਾਲ ਸਿੰਘ ਉਰਫ ਗੁਰੀ ਨੇ ਗੁਰ-ਗੁਰ ਕੀਤੀ, ”ਓਏ ਕੰਜਰਾ, ਨਵੀਂ ਸਰਕਾਰ, ਨੌਜਵਾਨਾਂ ਦੀ ਬੇਵਜ੍ਹਾ, ਫੜੋ-ਫੜੀ ਕਰੀ ਜਾਂਦੀ ਹੈ, ਲੋਕ ਸਕਤੇ ‘ਚ ਐ, ਤੂੰ ਢੋਲੇ ਦੀਆਂ ਲਾਂਉਂਣੈਂ।” ”ਨਵੀਂ ਸਰਕਾਰ ਕੀ ਕਰੇ ਬਾਈ, ਗੁੱਸਾ ਨਾ ਕਰੀਂ, ਇਹ ਕੰਡੇ ਤਾਂ ਥੋਡੇ ਵੱਡੇ ਭਾਈਵਾਲਾਂ ਦੇ ਈ ਬੀਜੇ ਐ, ਪੁਲਸ ਨੇ ਤਾਂ ਕਾਨੂੰਨ ਪੂਰਾ ਕਰਨੈਂ, ਓਹ ਕੋਈ ਤੰਗ ਥੋੜਾ ਕਰਦੇ ਐ, ਊਂ ਤੁਸੀਂ ਨੀਲੇ-ਚਿੱਟੇ ਇੱਕੋ ਈ ਓਂ, ਪੱਚੀ ਸਾਲਾਂ ਤੋਂ ਥੋਡਾ ਈ ਸਿੱਕਾ ਚੱਲਿਐ।” ਅਮਲੀ ਦੀ ਥਾਂ ਨਵੀਂ ਸਰਕਾਰ ਦੇ ਹਮਾਇਤੀ ਬੰਸੇ ਟੇਲਰ ਨੇ ਗੁੱਭ-ਗਲਾਟ ਕੱਢਿਆ। ”ਤਜਰਬਾ ਬੜੀ ਚੀਜ ਹੁੰਦੈ, ਸਾਡਿਆਂ ਨੇ ਸੱਠ ਸਾਲ ਰਾਜ ਕੀਤਾ, ਕੈਪਟਨ ਸਾਹਬ ਦੇ ਹੁੰਦਿਆਂ ਫ਼ੜਕੀ ਸੀ ਕਦੇ ਚਿੜੀ, ਹੁਣ ਵੇਖ ਲੋ ਥਾਂ-ਥਾਂ ਕੀ ਹੋਈ ਜਾਂਦੈ, ਇਹ ਕੋਈ ਪ੍ਰਸ਼ਾਸਨ ਐ?” ਪਾਰਟੀ ਦਾ ਨਾਂ ਆਇਆ ਸੁਣ ਅਮਰ ਸਿੰਹੁ ਸਫ਼ੈਦਪੋਸ਼ ਨੇ ਪੋਚਾ ਮਾਰਿਆ। ਇੱਕ ਮਿੰਟ ਰੁਕੋ, ਸਾਰਿਆਂ ਨੂੰ ਤੱਤਾ ਹੋਇਆ ਵੇਖ ਨਿਰੰਜਨਪਾਲ ਸਿੰਘ ਕਾਮਰੇਡ ਅੱਗੇ ਹੋਇਆ, ”ਧਿਆਨ ਨਾਲ ਸੁਣੋ, ਗੱਲ ਦਾ ਤੱਤ ਸਮਝੋ, ਇਹ ਘਟਨਾਵਾਂ ਵੋਟਾਂ ਨੂੰ ਮੁੱਖ ਰੱਖ ਕੇ, ਕਰਵਾਈਆਂ ਜਾਂਦੀਐਂ, ਲੋਕ ਚੈਨਲਾਂ ਅਤੇ ਅਖ਼ਬਾਰਾਂ ਵੱਲ ਝਾਕ ਕੇ ਜਿਦੀ ਜਾਂਦੇ ਐ। ਗਰੀਬੀ, ਮਹਿੰਗਾਈ ਅਤੇ ਹੇਰਾਫੇਰੀਆਂ ਦੇ ਮੁੱਦੇ ਲੁਕ ਜਾਂਦੇ ਐ, ਜਨਤਾ ਪਾਟਦੀ ਦੇਖ ਲੀਡਰ ਉੱਤੇ ਬੈਠੇ ਤਾੜੀ ਵਜਾਈ ਜਾਂਦੇ ਐ। ਪਹਿਲਾਂ ਵਾਲੇ ਤੇ ਹੁਣ ਵਾਲੇ ਇੱਕੋ ਐ ਓਹੀ ਕਾਰਸਤਾਨੀਆਂ ਹਨ। ਆਪਣੇ ਤਾਂ ਜਾਬਾਂ ਦੇ ਭੇੜ ਐ। ਭੜਕੋ ਨਾ ਇਹਦੇ ਨਾਲ ਲੋਟੂਆਂ ਦਾ ਨਫ਼ਾ ਐ ਤੇ ਆਪਣਾ ਨੁਕਸਾਨ।” ਸਾਨੂੰ ਚੂੰਡ ਕੇ ਹੁਣ ਲੀਡਰ ਹੋਰ ਪਤਾ ਨੀਂ ਕੀ ਭੁੱਬਲ ਭਾਲਦੇ ਐ।” ਆਖਦਾ ਅਮਲੀ ਟਿੱਭ ਗਿਆ।
ਹੋਰ, ਉਸਾਰੀਆਂ, ਬੀਮਾਰੀਆਂ ਅਤੇ ਦਾਤੀ ਤਿਆਰੀਆਂ ਹਨ। ਬੱਦਲ ਤੇ ਫ਼ਸਲ ਸਿਰ ਉੱਤੇ ਹਨ। ਕਿਸਾਨਾਂ ਦੀ ਪਹਿਲਾਂ ਹੀ ਘਾਈ ਨੀ ਬੱਝਦੀ। ਲਾਲ ਚੰਦ, ਲਾਲੀ ਸ਼ਾਹ ਦੀ ਜੈ, ਕਰਦਾ, ਲਾਲੀਆਂ ‘ਚ ਹੈ। ਕੰਪੂਟਰ ਬੰਦ ਕਰਕੇ ਮਾਸਟਰ, ਡਾਕਟਰ ਤੇ ਵਪਾਰੀ ਪ੍ਰੇਸ਼ਾਨ ਐ। ਸਫ਼ਾਈ ਵੱਲ ਕਈਆਂ ਦਾ ਧਿਆਨ ਹੋਇਆ ਹੈ। ਛਿੰਦੀ ਤਾਈ ਦਾ, ਤਕੀਆ ਕਲਾਮ ‘ਲੂਹ ਜਾਣਾ’ ਕਾਇਮ ਹੈ। ਦਾਖਲਾ ਵੱਧ ਗਿਐ, ਪਰ ਗਿਣਤੀ ਘੱਟ ਗਈ ਹੈ ਸਕੂਲਾਂ ‘ਚ। ਤੁਸੀਂ ਤਣਾਅ ਅਤੇ ਵਿਖਾਵੇ ਤੋਂ ਬਚਿਓ। ਮਾਝਾ, ਮਾਲਵਾ, ਦੁਆਬਾ ਜਿੰਦਾਬਾਦ ਕਰਿਓ। ਸਾਨੂੰ ਕੁਸ ਨੀ ਹੁੰਦਾ। ਗੁਰੂ ਦੀਆਂ ਰੱਖਾਂ। ਚੰਗਾ, ਧਿਆਨ ਤੁਹਾਡੇ ਵੱਲ ਹੀ ਹੈ। ਐਪਰਲ ਫੂਲ, ਕੂਲ-ਕੂਲ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com