ਪਿੰਡ, ਪੰਜਾਬ ਦੀ ਚਿੱਠੀ (135)

ਮਿਤੀ: 19-03-2023

ਹਾਂ ਬਈ, ਪੰਜਾਬੀਓ, ਅਸੀਂ ਰੱਬ ਦੀ ਰਜ਼ਾ ਵਿੱਚ ਹੌਂਸਲੇ ਵਿੱਚ ਹਾਂ। ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਹਰ ਪਾਸੇ ਜਿੱਤ ਹਾਸਲ ਕਰੋ। ਅੱਗੇ ਸਮਾਚਾਰ ਇਹ ਹੈ ਕਿ ਦੱਪਰਾਂ ਦੇ ਲੀਡਰ ਦੀ ਪੂਰੀ ਚੜ੍ਹਾਈ ਹੈ। ਨਵੀਂ ਪਾਰਟੀ ਦੇ ਕੰਮਾਂ-ਕਾਰਾਂ ‘ਚ ਦਿਨ-ਰਾਤ ਘੁੱਕਦਾ ਫਿਰਦੈ। ਚਹਿਲਾਂ ਦਾ ਵੇਹਲਾ ਸੁੱਖਾ ਉਹਦੇ ਨਾਲ ਜਾਂਦੈ। ਕਦੇ-ਕਦੇ ਸੁਖਜੀਤ ਪਾਲ ਸਿੰਘ ਉਰਫ਼ ਸੁੱਖਾ ਆ ਕੇ ਨਵੀਆਂ-ਤਾਜ਼ੀਆਂ ਵੀ ਸੁਣਾ ਜਾਂਦੈ। ਕੱਲ੍ਹ ਗਿਆਰਾਂ ਕੁ ਵਜੇ ਸੁੱਖਾ ਉਰਫ਼ ਪੀ.ਏ. ਅੱਖਾਂ ਮਲ੍ਹਦਾ ਪ੍ਰਧਾਨ ਦੇ ਘਰ ਵੱਲ ਜਾ ਰਿਹਾ ਸੀ ਤਾਂ ਚੌਕੜੀ ਕੋਲ ਖੜੇ ਤਿੰਨ-ਚਾਰ ਜਣਿਆਂ ਨੂੰ ਫ਼ਤਹਿ-ਫਤੂਹੀ ਕੀਤੀ। ਸੀਰਾ ਸ਼ਰਾਰਤੀ ਨੇ ਪੁੱਛਿਆ, ”ਹਾਂ ਬਈ ਪੀ.ਏ. ਸਾਹਬ, ਬੜਾ ਲਾਟੀਖਾਨ ਬਣਿਐਂ ਜਾਨੈਂ, ਕੋਈ ਦੱਸ ਜਾ ਚੌਂਦੀ-ਚੋਂਦੀ।” ”ਕਾਹਦੀ ਯਾਰ! ਦੋ ਵਾਰੀ ਬਾਈ ਜੀ ਦਾ ਫੂਨ ਆ ਗਿਆ। ਅੱਖਾਂ ਈ ਨੀਂ ਖੁੱਲ੍ਹਦੀਆਂ” ਪੈਰ ਮਲ੍ਹਦਿਆਂ ਪੀ.ਏ. ਨੇ ਸਾਰਿਆਂ ਦਾ ਧਿਆਨ ਖਿੱਚਿਆ। ”ਥੋੜੀ ਮਰ ਲਿਆ ਕਰੋ, ਢਿੱਡ ਤਾਂ ਆਵਦੈ” ਸੀਰੇ ਨੇ ਸਿੱਧੀ ਸਿਰ ‘ਚ ਮਾਰੀ। ”ਕਾਹਨੂੰ ਯਾਰ, ਰਾਤ ਪ੍ਰਧਾਨ ਸਾਹਬ ਨਾਲ ਸ਼ਹਿਰ ਵਿਆਹ ਗਏ ਸੀ, ਅੱਠ ਕੁ ਵਜੇ ਗਏ, ਆਪਣਾ ਰੋਟੀ ਵੇਲਾ ਉੱਥੇ ਆਲੂਆਂ ਆਲੇ ਪਕੌੜੇ। ਵਿਆਹ ਆਲੇ ਅਜੇ ਆਏ ਨਾਂ। ਕੋਟ-ਪੈਂਟਾਂ ਆਲੇ ਮੋਟੇ-ਮੋਟੇ ਆ-ਆ ਕੇ ਫ਼ੋਟੂਆਂ ਖਿਚਾਈ ਜਾਣ। ਅਸੀਂ ਲਈਏ ਉਬਾਸੀਆਂ। ਸ਼ੋਅ-ਛੱਪ ਜੀ ਭੋਰਾ ਚੰਗੀ ਨਾ ਲੱਗੇ। ਮੇਜ ‘ਤੇ ਬੈਠੇ ਸਾਰੇ ਇਸ਼ਾਰੇ ਜੇ ਕਰਨ। ਬੱਸ ਬਾਈ, ਕੁੱਤੇ ਫੇਲ੍ਹ ਹੋਣ ਲੱਗੇ ਈ ਸੀ ਕਿ ਮੁੰਡੇ ਆਲੇ ਢੋਲ-ਢਮੱਕੇ ਨਾਲ ਪੂੰ-ਪੂੰ ਕਰਦੇ, ਪਟਾਕੇ ਛੱਡਦੇ, ਟੌਅਰੇ ਆਲੀਆਂ ਪੱਗਾਂ ਨਾਲ ਨੱਚਦੇ, ਆ ਗੇ। ਵਧਾਈਆਂ ਨਾਲ ‘ਸ਼ਗਨ ਲਿਫਾਫ਼ਾ’ ਦੇ ਬੈਠੇ ਤਾਂ ਸੇਵਾ ਸ਼ੁਰੂ ਹੋ ਗੀ। ਫੇਰ ਸਾਰੇ ਗੇਅਰ ਕੱਢਕੇ, ਲੇਟ ਪੂਰੀ ਕੀਤੀ। ਬਹਿਰੇ ਛਾਨੀ ਭਰੀ ਜਾਣ ਲਾਲਚ ‘ਚ ਤੇ ਕਈ ਰੰਗਰੂਟ ਛੇਤੀ ਭੱਸਰੇ ਵਾਂਗੂੰ ਪਸਰ ਗਏ। ਗਿਆਰਾਂ ਕੁ ਵਜੇ ਰੋਟੀ ਲੱਗੀ ਤੋਂ ਮੈਂ ਤੇ ਬਾਈ ਤਾਂ ਟੱਪ ਆਏ, ਭਰਿਆ ਮੇਲਾ ਛੱਡ ਕੇ। ਰਾਤ ਦਾ ਵਿਆਹ ਆਪਣੇ ਪਿੰਡਾਂ ਆਲਿਆਂ ਦੇ, ਜੱਚਦਾ ਨੀਂ, ਗੱਲ ਤਾਂ ਦਿਨੇਂ ਈ ਬਣਦੀ ਐ।” ਆਖਦਿਆਂ ਹੀ ਸੁੱਖੇ ਦੇ ਫ਼ੋਨ ਨੇ ਧਰਤੀ ਪੱਟਤੀ। ”ਲੈ ਬਾਈ ਦਾ ਫੇਰ ਆ ਗਿਆ ਫ਼ੋਨ” ਕਹਿੰਦਿਆਂ, ਉਬਾਸੀਆਂ ਲੈਂਦਾ, ਸੁੱਖਾ ਪੀ.ਏ., ਨੰਬਰ ਬਣਾਉਂਦਾ ਟਾਪੋ-ਟਾਪ ਹੋ ਗਿਆ।
ਹੋਰ, ਹੁਣ ਆਂਹਦੇ ਅਜੀਬ ਸਕੂਲ ਖੁੱਲ੍ਹਣਗੇ। ਵੇਖੋ? ਨੈਟ ਮੀਂਹ ਪੈਣ ਦਾ ਦੱਸੀ ਜਾਂਦੈ। ਤਿਲੋਕੇ ‘ਤੇ ਤਾਰੂਆਣੇ ਆਲੇ ਠੀਕ ਐ। ਬਾਹਰ ਗਿਆਂ ਦੀਆਂ ਕੋਠੀਆਂ ਵੱਲ ਬਚਿਆਂ ਦੀ ਨਿਗਾਹ ਹੈ। ਕੋਈ ਬੰਨ੍ਹ-ਬੰਨ੍ਹੇਜ ਨੀ। ਵਿਦੇਸ਼ ਜਾਣ ਦੇ ਲਾਭ-ਹਾਣ ਦੀ ਥਾਂ-ਥਾਂ ਚਰਚਾ ਹੈ। ਭੁਪੇਸ਼ ਅਜੇ ਵੀ ਬੌਂਗਾ ਜਾ ਹੋਇਆ ਫਿਰਦਾ, ਸਭ ਨੂੰ ਭਲਾ-ਹੋਵੇ, ਭਲਾ-ਹੋਵੇ ਬੋਲਦਾ ਰਹਿੰਦੈ। ਟੇਕੂੜਾ, ਲੱਖਣ ਜਾ ਲਾ ਕੇ, ਪੁੱਛਾਂ ਦੱਸਦੈ। ਮੰਗਤਵਾੜੀ ਓਵੇਂ ਹੀ ਥਾਂ-ਥਾਂ ਫਿਰਦੀ ਹੈ। ਪੱਕੇ ਪੇਪਰਾਂ ਮਗਰੋਂ, ਨਾਨਕਿਆਂ ਵੱਲ ਜਵਾਕਾਂ ਦੀਆਂ ਉਡਾਰੀਆਂ ਸ਼ੁਰੂ ਹਨ। ਹਾਂ, ਸੱਚ ਮੈਲਬੋਰਨ, ਸਰੀ ਅਤੇ ਨਿਊਜਰਸੀ ਵਾਲਿਆਂ ਦੇ ਫ਼ੋਨ ਆਮ ਹੋ ਗਏ ਹਨ। ਚੰਗਾ, ਮਿਲੇਂਗੇ ਔਰ ਮਿਲਤੇ ਹੀ ਰਹੇਂਗੇ, ਅਗਲੇ ਐਤਵਾਰ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com