ਪਿੰਡ, ਪੰਜਾਬ ਦੀ ਚਿੱਠੀ (134)

ਮਿਤੀ : 12-03-2023

ਪੰਜਾਬੀ ਪਿਆਰਿਓ, ਪੱਕੀਆਂ ਟਾਟਾਂ ਵਰਗੀ, ਸਤ ਸ੍ਰੀ ਅਕਾਲ। ਇੱਥੇ ਅਸੀਂ ‘ਪੱਕੇ ਪੇਪਰਾਂ’ ਵਰਗੇ ਹਾਂ। ਆਸ ਹੈ ਤੁਸੀਂ ਵੀ ਬਰਫ਼ ਹਟਾ ਕੇ ਕੰਮ-ਧੰਦਾ ਚਲਾ ਲਿਆ ਹੋਣੈਂ। ਅੱਗੇ ਸਮਾਚਾਰ ਇਹ ਹੈ ਕਿ ਕੱਲ੍ਹ ਸਕੂਲ ਵੈਨ ਵਾਲਾ, ‘ਭੁੱਲਰਾਂ ਦਾ ਲਾਲੀ’ ਚਲਾਨ ਤੋਂ ਬਾਲ-ਬਾਲ ਬਚਿਆ। ਕਈ ਫੀਤੀਆਂ ਅਤੇ ਸਟਾਰਾਂ ਆਲੀ, ਪੁਲਸ ਅਫ਼ਸਰ ਮੈਡਮ, ਲਾਲੀ ਦੇ ਘੱਤੇ ਹਾੜਿਆਂ ਤੇ ਤਰਸ ਖਾ ਗੀ। ਅੱਜ ਜਦੋਂ ਸ਼ਹਿਰ ਦੇ ਵੱਡੇ ਕਾਨਵੈਂਟ ਸਕੂਲ ਮੂਹਰੇ ਵੈਨਾਂ ਵਾਲਾ ਭਾਈਚਾਰਾ ਜੁੜਿਆ ਤਾਂ ਉਸ ਨੇ ਹੱਡ-ਬੀਤੀ ਬਿਆਨ ਕੀਤੀ। ”ਕੱਲ੍ਹ ਤਾਂ ਭੁੱਲਰ ਸਾਹਿਬ ਫੇਰ ਤਿਗੜਮ ਲਾ ਈ ਗਏ” ਤਾਜ਼ਾ-ਪੱਟੀ ਆਲੇ ਭੋਲੇ ਨੇ ਟਿੱਚਰ ਨਾਲ ਛੇੜਿਆ। ”ਕਾਹਦੀ ਤਿੜਗਮ ਭੋਲਿਆ, ਮਸਾਂ ਈਂ ਬਚੇ। ਮੈਡਮ ਕਹਿੰਦੀ ‘ਆਪ ਕੋ ਇਨਕਮ ਹੋਤੀ ਹੈ, ਰੂਲ ਪੂਰੇ ਕਰੋ ਬਾਬਾ’। ਪਹਿਲਾਂ ਤਾਂ ਮੈਂ ‘ਬਾਬਾ’ ਸੁਣ ਕੇ ਈ ਅੱਧਾ ਮਰ ਗਿਆ, ਗੁੱਸਾ ਵੀ ਆਇਆ, ਕਿ ਆਖਾਂ ‘ਬਚਦੈ ਸਾਨੂੰ ਠੈਂਗਣ, ਫੇਰ ਮਨੂਏ ਨੇ ਮੱਤ ਦਿੱਤੀ, ‘ਮੌਕਾ ਸੰਭਾਲ ਭੋਲਿਆ, ਫੇਰ ਤਾਂ ਮੈਂ ਗਲ ‘ਚ ਹਜੂਰੀਆ ਪਾ, ਅੱਧਾ ਨੀਵਾਂ ਹੋ ਗਿਆਾ, ”ਅਪਸਰੋ! ਮਾਰੋ ਭਾਂਵੇਂ ਛੱਡੋ, ਜੂਨ ਗੁਜਾਰਾ ਹੈ, ਜ਼ਮੀਨ ਬਿਕ ਗਈ ਹੈ, ਕਰਜਾ ਹੈ, ਹਾਂ! ਵੈਨ ਪੀਲੀ ਕਰ ਲੇਂਗੇ, ਆਜ ਹੀ। ਫੇਰ ਤਾਂ ਭਰਾਵਾ, ਪਤਾ ਨੀਂ ਕੀ ਮਨ ਮੇਹਰ ਪੈ ਗੀ ਉਹਦੇ? ਤੇਜੀ ਨਾਲ ਬੋਲੀ ‘ਜਾਈਏ ਬਾਬਾ’ ਲੰਮੇ ਠਾਣੇਦਾਰ ਨੇ ਇਸ਼ਾਰਾ ਕੀਤਾ ਤੇ ਆਪਾਂ ‘ਸਫ਼ੈਦਿਆਂ ਆਲੇ ਬਾਬੇ ਦਾ’ ਮਨ ਹੀ ਮਨ ਸਿਜਦਾ ਕਰ, ਜੈਕਾਰਾ ਛੱਡਿਆ ਤੇ ਘਰ ਅੱਪੜ, ਪਹਿਲਾਂ ਕੂਚੀ ਮੰਗ, ਵੈਨ ਦਾ ਮੂੰਹ ਪੀਲਾ ਕਰ ਲਿਆ। ਆਂਏ ਹੋਈ ਗੱਲ, ਊਂ ਕਈ ਰਾੜ੍ਹੇ ਗਏ।” ”ਪਾਰਟੀ ਕਰ ਬਾਈ ਫੇਰ ਹੁਣ, ਕਿਉਂ ਬਈ, ਪ੍ਰਿਥੀ ਪ੍ਰਧਾਨ ਜੀ ਠੀਕ ਐ ਨਾਂ” ਭੋਲਾ ਛੱਡੂ ਨੀਂ ਸੀ। ”ਪਾਰਟੀ ਵਾਧੂ, ਊਂ ਹੁਣ ਭਰਾਵੋ, ਸਖ਼ਤੀ ਹੋ ਗੀ, ਸਾਰੀਆਂ ਸ਼ਰਤਾਂ ਤਾਂ ਭਾਂਵੇਂ ਪੂਰੀਆਂ ਨਹੀਂ ਹੁੰਦੀਆਂ ਜਿਵੇਂ ਕੈਮਰੇ, ਕੁੜੀਆਂ ਲਈ ਬੁੜੀ ਰੱਖਣੀ ਅਤੇ ਫੂਨ ਆਦਿ ਪਰ ਪੀਲਾ ਰੰਗ ਕਰਨਾਂ, ਕਾਗਜ਼ ਪੱਤਰ ਪੂਰੇ ਕਰਨੇ ਤਾਂ ਜ਼ਰੂਰ ਕਰੀਏ। ਜਿਲ੍ਹਾ ਪ੍ਰਧਾਨ ਰਾਤੀ ਆਂਹਦਾ ਸੀ, ”ਹੁਣ ‘ਮਹੀਨਾ ਲੈਣ ਆਲਾ ਸੌਦਾ’ ਵੀ ਔਖਾ ਈ ਐ, ਫੇਰ ਵੀ ਹੱਲਾ-ਭੱਲਾ ਤਾਂ ਕਰਾਂਗੇ ਈ”, ਪ੍ਰਿਥੀ ਪ੍ਰਧਾਨ ਨੇ ‘ਵਿਚਲੀ ਜੀ’ ਗੱਲ ਕੀਤੀ। ”ਔਖਾ ਈ ਐ, ਹੁਧਾਰ ਬਾਹਲਾ ਰਹਿੰਦੈ, ਮਹਿੰਗਾਈ ਸਿਰੋਂ ਟੱਪ ਗੀ, ਟੈਰ-ਟੂਪ, ਬਿਨਾਂ-ਪੁੱਛੇ ਠੁੱਸ ਹੋ ਜਾਂਦੇ ਐ, ਖੇਤੀ ਫੇਲ ਮਗਰੋਂ ਇਹ ਨਵਾਂ ਹੂਲਾ ਫੱਕਿਆ ਸੀ, ਇਹ ਵੀ ਤਿਲਕਦਾ ਲੱਗਦੈ, ਜਾਈਏ ਤਾਂ ਕਿੱਧਰ ਜਾਈਏ, ਕੋਈ ਰਾਹ ਨੀਂ ਪੇਂਡੂਆਂ ਨੂੰ।” ਇੰਦ ਕੇ ਮੇਜਰ ਨੇ ਹੌਕਾ ਲੈ ਕੇ ਆਖਿਆ ਈ ਸੀ ਕਿ, ਸਕੂਲ ਦੀ ਟੱਲੀ ਵੱਜ ਗੀ। ਸਾਰੇ ਸਿਰਮੂਦ ਆਂਉਂਦੇ ਸਰਦਈ ਰੰਗ ਦੀ ਵਰਦੀ ਆਲੇ ਜਵਾਕਾਂ ਨੂੰ, ਸੰਭਾਲਦੇ ਉਨ੍ਹਾਂ ‘ਚ ਰੁੱਝ ਗਏ।
ਹੋਰ, ਵਿਆਹ, ਭੋਗ ਅਤੇ ਲੀਡਰਾਂ ਦੀ ਚੁੰਜੋ-ਚੁੰਜੀ ਵੀ, ਚੱਲੀ ਜਾ ਰਹੀ ਹੈ। ਕੰਪੈਨਾਂ, ਗੁਜਰਾਤ ਤੋਂ ਰਾਜਸਥਾਨ ਨੂੰ ਆ ਗਈਆਂ ਹਨ। ਗਰਮ ਰਜਾਈਆਂ, ਕੰਬਲਾਂ, ਖੇਸਾਂ ਅਤੇ ਕੋਟੀਆਂ ਨੂੰ ਧੁੱਪ ਲਵਾ ਰਹੇ ਹਾਂ। ਕਈ ਅਮਰੀਕਾ ਵਾਲੇ ਆਏ ਹਨ ਅਤੇ ਵਲੈਤੀਏ ਜਾ ਰਹੇ ਹਨ। ਸਕੂਲ ਦਾਖਲੇ ਦੀਆਂ ਮਸ਼ਹੂਰੀਆਂ ਤੇ ਪ੍ਰਚਾਰ ਵੱਧ ਰਿਹੈ ਪਰ ਬੱਚਿਆਂ ਦੀ ਗਿਣਤੀ ਘਟਣ ਕਰਕੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖਾਲੀ ਹੋ ਰਹੀਆਂ ਹਨ। ਫ਼ਸਲਾਂ, ਪੱਠੇ, ਬਾਗ ਅਤੇ ਸਬਜ਼ੀਆਂ ਧੁੱਪ ਅੱਗੇ, ਹਾਰ ਮੰਨ ਗਈਆਂ ਹਨ। ਚਾਕਲੇਟ, ਲਾਲੀਪਾਪ ਅਤੇ ਫੋਨ ਤੇ ਗੇਮਾਂ, ਨਿੱਕੇ ਜਵਾਕਾਂ ਦੀ ਪਹਿਲੀ ਪਸੰਦ ਹਨ। ਚੰਗਾ, ਬਾਕੀ ਅਗਲੇ ਐਤਵਾਰ, ਕਰਿਓ ਇੰਤਜ਼ਾਰ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’

+91 9464667061
sarvsukhhomoeoclinic@gmail.com