ਪਿੰਡ, ਪੰਜਾਬ ਦੀ ਚਿੱਠੀ (133)

ਮਿਤੀ : 05-03-2023

ਖਤਰੇ ਮੁੱਲ ਲੈਣ ਵਾਲੇ ਪੰਜਾਬੀਓ, ਚੜ੍ਹਦੀ ਕਲਾ। ਅਸੀਂ ਇੱਥੇ ਗੈਸ ਦੇ ਭਾਅ ਵਾਂਗੂੰ ਵੱਧ ਰਹੇ ਹਾਂ। ਤੁਹਾਡੀ ਰਾਜ਼ੀ-ਖੁਸ਼ੀ, ਪ੍ਰਮਾਤਮਾ ਪਾਸੋਂ ਹਮੇਸ਼ਾ ਹੀ ਭਲੀ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ‘ਜੈਬਾ ਕਾਲੀ’ ਨੇ ਤਖ਼ਤਪੋਸ਼ ‘ਤੇ ਅੜਦਿਆਂ, ਅਜੇ ਆਪ ਪਾਰਟੀ ਆਲੇ ਲੱਛੂ ਨੂੰ ਛੇੜਿਆ ਹੀ ਸੀ, ”ਹਾਂ ਬਈ ਪ੍ਰਧਾਨ ਤੁਹਾਡੀ ਪਾਲਟੀ ਹੁਣ ਬੁੜੀਆਂ ਨੂੰ ਪਿਲਸਨ ਦਾ ਹਜ਼ਾਰ ਕਦੋਂ ਦੇਊਗੀ” ਕਿ ਸਾਹਬੇ ਨੇ ਕਾਹਲੀ ਨਾਲ, ਦਖਲ ਦਿੰਦਿਆਂ ਆਖਿਆ, ”ਪਿਲਸਨ ਤਾਂ ਮਿਲ ਹੀ ਜਾਣੀਂ ਐ, ਤਾਇਆ ਕੰਧ-ਆਲੇ ਬਰਾੜ ਦੀ ਕਹਾਣੀ ਸੁਣਾ।” ”ਸੁਣ ਲੋ ਫਿਰ” ਆਖ, ਬੋਲਣ ਲਈ ਤਿਆਰ ਹੁੰਦੇ ‘ਜੈਬੇ’ ਨੇ ਕੋਲ ਖੜੇ ‘ਬਿਧੀ’ ਨੂੰ ਬਿਠਾਉਣ ਲਈ ਪਾਸਾ ਮਾਰ ਕੇ ਥਾਂ ਦਿੱਤੀ। ”ਜਿੰਨੇ ਘਰ ਉਨੀਆਂ ਹੀ ਕਹਾਣੀਆਂ, ਆਪੋ-ਆਪਣੇ ਰੌਲੇ ਐ, ਊਂ ਤਾਂ ਮੈਂ ਅੱਗੇ ਵੀ ਸ਼ਹਿਰ ਜਾਂਦਾ ਲੰਘਦਾ-ਟੱਪਦਾ, ਕੰਧ ਆਲੇ ਦੀਪ ਬਰਾੜ ਨੂੰ ਰਾਮ-ਰਮਈਆ ਕਰ ਲੈਂਦਾ ਸੀ ਪਰ ਐਤਕੀਂ ਦੋ ਦਿਨ ਮੇਰੇ ਕੋਲ ਉਹਨੇ ਵਾਹਵਾ ਝੁੱਟੀ ਲਾਈ ਤਾਂ ਹੀਜ-ਪਿਆਜ਼ ਸਾਹਮਣੇ ਆ ਗਿਆ।” ”ਹੂੰ ਫੇਰ” ਸਾਹਬੇ ਦੀ ਦਿਲਚਸਪੀ ਕਾਇਮ ਸੀ। ”ਫੇਰ ਕੀ, ਉਹ ਮੈਨੂੰ ਖ਼ਾਸਾ ਲਿੱਸਾ ਜਾ ਵੀ ਲੱਗਾ। ਗੱਲਾਂ-ਗੱਲਾਂ ਵਿੱਚ ਉਹਨੇ ਦੱਸਿਆ, ਜਵਾਨੀ ‘ਚ ਦੋਨਾਂ ਜੀਆਂ ਨੇ ਕਾਲੇ ਬਲਦ ਆਲੀ ਕਮਾਈ ਕੀਤੀ। ਮਰਲਾ ਲੈਣਾਂ ਵੀ ਔਖੈ, ਅਸੀਂ ਛੀ ਕਿੱਲਿਆਂ ਤੋਂ ਸੋਲਾਂ ਕਿੱਲੇ ਬਣਾਈ, ਝੋਟੇ ਦੇ ਸਿਰ ਵਰਗੀ, ਚੌਰਸ ਪਲਾਟ, ਭਾਂਵੇਂ ਇੱਕੇ ਨੱਕੇ ਪਾਣੀ ਛੱਡ ਦੇ, ਕਰਾਹਾ ਮਾਰ ਹਥੇਲੀ ਮਾਂਗੂੰ। ਕੱਲਾ ਮੁੰਡਾ ਅੱਗ-ਸੁਆਹ ਖਾਣ ਲੱਗ ਪਿਐ। ਕੋਠੀ ਅਰਗਾ ਘਰ ਪਾਇਆ। ਕੁੜੀ ਵਿਆਹ ਤੀ ਐਥੇ ਸ਼ਹਿਰ ‘ਚ, ਸਰਕਾਰੀ ਮਾਸ਼ਟਰਨੀ ਐਂ। ਕਈ ਸਾਲ ਭੁੱਜ-ਭੁੱਜ ਕੇ ਘਰ-ਆਲੀ ਤੁਰਗੀ। ਮੈਨੂੰ ਪਹਿਲਾਂ ਤਾਂ, ਪੋਤਰੀ ਦੇ ਕੋਰਸ-ਪੜਾਈ ਲਈ, ਦੂਰ ਛੱਡ ਰੱਖਿਆ, ਹੁਣ ਗ੍ਹੈਰਤਾ। ਏਥੇ ਕੁੜੀ ਕੋਲੇ ਕੋਈ ਤਕਲੀਪ ਤਾਂ ਨੀਂ, ਖਾ-ਪੀ ਕੇ, ਤੇਰੇ ਅਰਗਿਆਂ ਕੋਲ ਤੁਰ-ਫਿਰ ਆਉਨਾ, ਚਿੱਟੇ-ਧੋਤੇ ਕੱਪੜੇ ਪਾਉਣੈਂ। ਜਵਾਈ ਬਹੁਤ ਚੰਗੈ। ਮੈਨੂੰ ਸਰਕਾਰੂ ਪਿਲਸਨ ਆਂਉਂਦੀ ਐ ਪਰ ਔਖੇ ਹੋ ਕੇ ਬਣਾਏ ਸੋਲਾਂ ਕਿੱਲੇ, ਮੇਰੀ ਹਿੱਕ ਤੇ ਆ ਚੜ੍ਹਦੇ ਐ। ਘਰ ਆਲੀ ਛੇਤੀ ਤੁਰਗੀ। ਦੁੱਖ-ਸੁੱਖ ਕੀਹਦੇ ਨਾਲ ਕਰਾਂ। ਜਦੋਂ ਮੈਂ ਆਖਿਆ, ‘ਬਰਾੜਾ ਕਦੇ-ਕਦੇ ਪਿੰਡ ਗੇੜਾ ਮਾਰ ਆਇਆ ਕਰ, ਹਾਣੀਆਂ ਨੂੰ ਮਿਲ ਆਇਆ ਕਰ’ ਕਹਿੰਦਾ, ਜੀਅ ਤਾਂ ਮੇਰਾ ਵੀ ਕਰਦੈ, ਪਰ ਕੋਈ ਗਿਆਂ ਨੂੰ ‘ਜੀ ਭਾਈ’ ਤਾਂ ਆਖੇ! ਨੂੰਹ-ਪੁੱਤ ਤਾਂ ਝਾਕਦੇ ਨੀਂ….. ਤੇ ਬਰਾੜ ਅੱਖਾਂ ਭਰ ਆਇਆ।”
ਹੋਰ, ਮੀਂਹ ਦੇ ਛੱਟੇ ਅਤੇ ਠੰਡੀ ਹਵਾ ਦਲਾਸਾ ਜਾ ਦੇ ਗੇ ਐ ਚਾਰ ਦਿਨ। ਮੁਲਾਜ਼ਮ, ਸਰਕਾਰ ਤੋਂ ‘ਚੰਗੇ ਬਜਟ’ ਦੀ ਆਸ ਰੱਖੀ ਬੈਠੇ ਐ। ਪਿੰਡ ਆਲੀ ਸੜਕ ‘ਚ ਟੋਏ ਵੱਧ ਗੇ, ਟਿੱਬਾ ਨੀਵਾਂ ਹੋ ਰਿਹੈ ਅਤੇ ਜਸਵਿੰਦਰ ਕੀ ਕੋਠੀ ਉੱਚੀ ਹੋ ਗਈ ਐ। ਗੁਲਾਬਦੀਨ, ਗੁਲਾਬ ਸਿੰਘ ਤੇ ਗੁਲਾਬ ਰਾਮ ਹਰੀ ਕੈਮ ਐਂ। ਹਰੇ ਛੋਲੀਏ ਦੀ ਤਰੀ ਬਹੁਤ ਸਵਾਦ ਹੁੰਦੀ ਹੈ। ਡਸਕੇ ਆਲਿਆਂ ਦੇ ਘਰ ਦੀ ਘਪਲ-ਚੌਦੇਂ ਅਜੇ ਓਵੇਂ ਹੀ ਹੈ। ਬਾਬਿਆਂ, ਡੇਰਿਆਂ, ਦੇਸੀ ਦਵਾਈਆਂ, ਟੂਣਿਆਂ-ਹਥੌਲਿਆਂ ਦੀ ਮਾਨਤਾ ਓਵੇਂ ਹੀ ਹੈ। ਵਿਰਲੇ, ਸਰਕਾਰੀ ਨੌਕਰੀਆਂ ਤੇ ਵੀ ਲੱਗੀ ਜਾਂਦੇ ਐ ਊਂ ਦਿੱਲੀ-ਉਡਾਰੀਆਂ, ਜੋਰਾਂ ਤੇ ਹਨ। ਬਲੱਡ ਵਧਣਾ, ਮਾੜੀ ਬਿਮਾਰੀ ਅਤੇ ਗੋਡੇ-ਦੁਖਣੇ ਹੁਣ ਆਮ ਹਨ। ਸੱਚ, ਬੱਬੀ ਕਾ ਵੀ ਵੀਜ਼ਾ ਲੱਗ ਗਿਆ ਹੈ ਯੂ.ਕੇ. ਦਾ। ਚੰਗਾ ਕਰੋ ਆਰਾਮ, ਅਗਲੇ ਐਤਵਾਰ ਤੱਕ ਸਲਾਮ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’

+91 9464667061
sarvsukhhomoeoclinic@gmail.com