ਮਿਤੀ: 26-02-2023
ਮਿੱਤਰ ਪਿਆਰਿਓ, ਸਤ ਸ਼੍ਰੀ ਅਕਾਲ। ਅਸੀਂ ਇੱਥੇ ਠੰਡੇ-ਮਿੱਠੇ ਮੌਸਮ ਵਰਗੇ ਹਾਂ। ਤੁਹਾਡੀ ਤੰਦਰੁਸਤੀ ਲਈ ਦੁਆ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ‘ਜੈਬਾ’ ਕਾਲੀ ਦੀ ਗੈਰ-ਹਾਜ਼ਰੀ ਕਈ ਦਿਨਾਂ ਤੋਂ ਰੜਕਦੀ ਸੀ। ਆਇਆ ਤਾਂ ਕਈ ‘ਕੱਠੇ ਬੋਲ ਪਏ, ”ਸੁਣਾ ਬਈ ਬੀ.ਬੀ.ਸੀ., ਕੋਈ ਨਵੀਂ ਤਾਜ਼ੀ।” ਮੈਂ ਤਾਂ ਯਾਰ ਸ਼ਹਿਰ ਗਿਆ ਸੀ ਢਾਈ ਕੁ ਦਿਨ, ਭੈਣ ਕੇ ਘਰ ਸੰਭਾਲੇ ਲਈ। ਬਟਾਊ ਦੇ ਲਿਹਾਜੂ ਦੇ ਵਿਆਹ ਸੀ ਪਟਿਆਲੇ।” ”ਵਿਆਹ ਤਾਂ ਅੱਜ-ਕੱਲ, ਇੱਕ ਦਿਨ ਦਾ ਈ ਹੁੰਦਾ ਬਲਕਿ, ਦੋ ਘੰਟਿਆ ਦਾ ਪੈਲਸੀ, ਤੂੰ ਇੰਨੇਂ ਦਿਨ ਕਿਹੜੇ ਕੁਲਚੇ-ਛੋਲੇ ਖਾਂਦਾ ਰਿਹਾ?” ਟੀਟੀ ਕੇ ਟਾਂਗਰੂ ਨੇ ਛੇੜਿਆ। ”ਤੈਨੂੰ ਨੀਂ ਪਤਾ, ਅੱਜ-ਕੱਲ ਕਨੇਡੂ, ਇੱਕ ਵਿਆਹ ਦੇ ਛੀ-ਛੀ ਪ੍ਰੋਗਰਾਮ ਕਰਦੇ ਐ, ਹਲਦੀ, ਮਹਿੰਦੀ, ਜਾਗੋ, ਵਿਆਹ, ਮਿਲਣੀ ਅਤੇ ਹੋਰ ਕਈ।” ਅਜੈਬ ਸਿੰਹੁ ਨੇ ਗੱਲ ਪੂਰੀ ਕੀਤੀ। ”ਤੂੰ ਫੇਰ ਕੱਲਾ ਕੀ ਲੈਟੇ ਲੈਂਦਾ ਰਿਹਾ ਸ਼ਹਿਰ?” ਸੀਰੇ ਨੇ ਸੀਖ ਲਾਈ। ”ਸੁਣ ਲੈ, ਇੱਕ ਤਾਂ ਸਪੀਕਰਾਂ ਆਲਿਆਂ ਦੀ ਮੁਨਾਦੀ ਯਾਦ ਹੋਗੀ ਦੂਜਾ ਕੰਧ-ਆਲੇ ਬਰਾੜ ਦੀ ਰਾਮ ਕਹਾਣੀ ਸੁਣੀਂ। ਤੜਕੇ ਈ ਸਫ਼ਾਈ ਆਲੀ ਗੱਡੀ ਆਂਉਂਦੀ ਭਾਂਬੜ ਮਚਾਉਂਦੀ ‘ਸਵੱਛਤਾ ਮੇਂ ਨੰਬਰ ਵਨ – ਆਪਣਾ ਸ਼ਹਿਰ ਹੋ ਨੰਬਰ ਵੰਨ’, ਫੇਰ ਗਊਸ਼ਾਲਾ ਆਲਾ ਰਿਕਸ਼ਾ, ਪਾਣੀ ਆਲੀ ਟੈਂਕੀ ‘ਪਾਨੀ ਰੇ ਪਾਨੀ ਤੇਰਾ ਰੰਗ ਕੈਸਾ’, ਕਬਾੜ ਆਲੇ ਤਾਂ ਕੰਨੀਂ ਕੀੜੇ ਕੱਢਦੇ ਐ ਵਾਰੀ-ਵਾਰੀ, ‘ਲੋਹਾ-ਵੇਚ, ਰੱਦੀ ਵੇਚ, ਪੁਰਾਣੇ… ਵੇਚ ਵੇਚ’, ਸਬਜ਼ੀ ਆਲੇ ‘ਹਰੇ ਮਟਰ, ਲਾਲ ਟਮਾਟਰ, ਚਿੱਟੇ ਆਲੂ ਅਤੇ ਹਰਾ ਛੋਲੀਆ।’ ਕਲੀ ਆਲਾ ਪਤਾ ਨੀਂ ਹੁਣ ਕਿਹੜੇ ਪਿੱਤਲੇ ਦੇ ਭਾਂਡੇ ਭਾਲਦੈ ਅਕੇ ‘ਪਿੱਤਲ ਦੇ ਭਾਂਡੇ ਕਲੀ ਕਰਾ ਲੋ, ਪਰਾਂਤਾਂ ਦੇ ਪੌੜ ਲਵਾ ਲੋ, ਕਲੀ ਸਿਹਤ ਲਈ ਫਾਇਦੇਮੰਦ ਐ।’ ਇੱਕ ਕਸ਼ਮੀਰੀ ਰੇੜੀ ਤੋਂ ਬੋਲਦਾ ਆਉਂਦਾ ‘ਪੇਟ ਗੈਸ ਕੇ ਲੀਏ ਨਿੰਬੂ-ਵੱਟੀ, ਹਾਜ਼ਮੇ ਕੇ ਲੀਏ ਸੌਂਫ-ਵੱਟੀ, ਕਸ਼ਮੀਰੀ ਹਿੰਗ, ਕਸ਼ਮੀਰੀ ਲੌਂਗ, ਇਲਾਚੀ, ਕੈਂਡੀ, ਸਭ ਕੁਛ ਦਸ ਰੁਪੈ ਮੇਂ – ਆ ਜੋ ਭੇਣ ਜੀ, ਆ ਜੋ ਭਾਈ ਸਾਹਿਬ, ਆ ਜੋ ਬੱਚੋ।’ ਮੈਂ ਤਾਂ ਬਾਰ ‘ਚ ਕੁਰਸੀ ਡਾਹ ਕੇ ਸਾਰਾ ਦਿਨ ਆਹੀ ਸੁਣਦਾ ਤੇ ਵੇਖਦਾ ਰਿਹਾ।” ”ਵਾਹ-ਵਾ ਰੱਟੇ ਲਾ ਆਇਆਂ ਤੂੰ ਤਾਂ ਯਾਰ, ਕੋਈ ਕੰਮ-ਧੰਦਾ ਐਥੇ ਵੀ ਚਲਾ ਸਕਦੈਂ, ਸੱਚ ਯਾਰ ਕੰਧ ਵਾਲੇ ਬਰਾੜ ਦੀ ਕਹਾਣੀ ਵਿੱਚੇ ਰਹਿਗੀ?” ਸਾਹਬੇ ਨੇ ਚਟਖਾਰਾ ਲਿਆ। ”ਬਰਾੜ ਆਲੀ ਜੱਗ-ਬੀਤੀ ਥੋੜੀ ਲੰਮੀ ਐ, ਕੱਲ੍ਹ ਨੂੰ ਸੁਣਾਊਂਗਾ, ਅੱਜ ਐਨਾਂ ਈ ਹਜ਼ਮ ਕਰੋ, ਪਰ ਐਨਾ ਬਈ ਕਦੇ-ਕਦੇ ਘਰੋਂ ਬਾਹਰ ਜਾਣਾ ਜ਼ਰੂਰ ਚਾਹੀਦਾ, ਹਜ਼ੂਰੇ ਲੀਡਰ ਆਲਾ ਤਜਰਬਾ ਹੋ ਜਾਂਦੈ। ਚੱਲੋ ਬਈ ਹੁਣ ਛਟਾਲਾ ਲੈਣ ਚੱਲੀਏ!”
ਹੋਰ, ਬੂਟੇ ਕੇ ਬਿੱਲੂ ਨੇ ਅਜੇ ਵੀ ਘਰ ਨੂੰ ਉਵੇਂ ਈ ਤੰਗਲੀ ਲਾਈ ਐ, ਰੱਬ ਖ਼ੈਰ ਕਰੇ। ਚੰਨਿਆਂ ਦੀ ਨੂੰਹ ਤੀਜੀ ਵਾਰੀ ‘ਆਈਲਟਸ’ ਕਰੀ ਜਾਂਦੀ ਐ। ‘ਪੱਕੇ ਪੇਪਰਾਂ’ ਨੇ ਜਵਾਕਾਂ ਨੂੰ ਕਸਿਆ ਹੋਇਆ। ਭੁਪਿੰਦਰ ਦੀ ਵੈਨ ਦਾ ਕੰਮ ਚੰਗਾ ਰਿੜੀ ਜਾਂਦੈ। ਪਸ਼ੂਆਂ ਨੂੰ ਹਰੇ ਪੱਠੇ ਵਾਧੂ ਐ। ਫੁਟਾਰੇ ਦੀ ਰੁੱਤ ਐ। ਪ੍ਰਵਾਸੀ ਪੰਛੀ, ਵਾਪਸੀ ਦੀ ਤਿਆਰੀ ‘ਚ ਐ। ਸੱਚ, ਸੁਖਦੀਪ ਵਲੈਤੀਆ ਆਇਐ, ਅੱਜ ਕੱਲ। ਗੇਜਾ ਅਜੇ ਵੀ ‘ਢਾਂਡੀ ਦੀ ਸੌਂਹ’ ਖਾਂਦੈ। ਊਂ ‘ਗਰਲਾ ਲੈਣ ਆਲੇ’ ਪੇਂਡੂਆਂ ਦਾ ਕੰਮ ਕਲੋਟ ਈ ਐ। ਤੁਸੀਂ ‘ਪੱਕੇ ਪੈਰੀਂ’ ਰਹਿਓ। ਰੱਬ ਭਲੀ ਕਰੂ।
ਮਿਲਦਾ ਰਹੇ ਪਿਆਰ, ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com