ਪਿੰਡ, ਪੰਜਾਬ ਦੀ ਚਿੱਠੀ (131)

ਮਿਤੀ : 19-02-2023

ਠੀਕ ਹੋ ਸਾਰੇ ਬਈ? ਥੋਡੇ ਤਾਂ ਪਤਾ ਨੀਂ, ਸਾਡੇ ਤਾਂ ਇੱਕ-ਦਮ ਗਰਮੀ ਆ ਗੀ ਐ ਤੇ ਹਾੜੀ ਲਈ ਫ਼ਿਕਰ ਪਾ ਗੀ ਐ। ਅੱਗੇ ਸਮਾਚਾਰ ਇਹ ਹੈ ਕਿ, ”ਮਾਸ਼ਟਰਾ! ਫੇਰ ਤਾਜ਼ਾ ਕੀ ਲਿਖਿਐ?” ਪੁੱਛ ਕੇ ਚਰਨਾ, ਫੋਕਲ ਪੁਆਇੰਟ ਦੇ ਨੀਂਹ ਪੱਥਰ ਤੇ ਬੈਠ ਗਿਆ। ”ਐਤਕੀਂ ਬਈ ਆਪਾਂ ਨੂੰ ‘ਡਿੱਗੀ ਆਲਾ ਬੋਹੜ’ ਯਾਦ ਆ ਗਿਆ।” ”ਹਲਾਅ, ਕਰਦੇ ਫੇਰ ਵਿਆਖਿਆ ਧੰਮ੍ਹਲ ਨਾਲ”, ਹਿਲਦੇ ਪੱਥਰ ‘ਤੇ ਟਿਕਦੇ ਚਰਨੇ ਨੇ ਸੁਣਨ ਲਈ ਸਾਰਿਆਂ ਵੱਲੋਂ ਬੇਨਤੀ ਕੀਤੀ। ”ਅਰਜ਼ ਐ! ਬਈ ਬੋਹੜ ਤਾਂ ਹੋਰ ਵੀ ਸੀ ਕਈ ਪਿੰਡ ‘ਚ, ਖੂਹ ‘ਤੇ, ਧੋਰੀ ਖਾਲ ‘ਤੇ, ਪਰ ਪਿੰਡ ਦੀ ਪੱਕੀ ਡਿੱਗੀ ਤੇ ਸੌ ਸਾਲ ਰੌਣਕ ਲਾ ਕੇ, ਖੜਸੁੱਕ ਹੋਇਆ ਇਹ ਬੋਹੜ, ਸਭ ਤੋਂ ਮਸ਼ਹੂਰ ਸੀ। ਸਕੂਲ ਨਾਲ ਵੱਡੀ ਡਿੱਗੀ ‘ਚ, ਬਾਬੇ ਹੌਲਦਾਰ ਦੇ ਘਰ ਕੋਲ ਦੀ ਖਾਲੇ ਨਾਲ ਨਹਿਰੀ ਪਾਣੀ ਪੈਂਦਾ ਸੀ। ਭਰੀ ਡਿੱਗੀ ਤੋਂ ਡਰ ਆਉਂਦਾ। ਹਰਾ-ਨੀਲਾ ਪਾਣੀ, ਵਿੱਚੇ ਡੱਡੂ-ਮੱਛੀਆਂ ਤੇ ਸਪੋਲੀਏ ਵੀ। ਨੈਬ ਹਮੀਰ ਕਾ ਦਾਅਵਾ ਕਰਦਾ ਸੀ ਕਿ ਅਸੀਂ ਖੇਤੋਂ ਖੁੰਘ ਕੇ ਲਿਆਂਦਾ ਸੀ ਗੱਡੇ ਤੇ ਲੱਦ ਕੇ ਬੋਹੜ। ਬੱਸ ਜੜ੍ਹ ਕੀ ਲੱਗੀ, ਦਿਨ੍ਹਾਂ ‘ਚ ਹੋ ਗਿਆ ਭਾਰਾ। ਪੀਪੇ-ਬਾਲਟੀਆਂ ਨਾਲ ਰੱਸੇ ਲਮਕਾ ਪਾਣੀ ਕੱਢਦੀਆਂ ਔਰਤਾਂ, ਬੋਹੜ ਥੱਲੇ ਬੈਠ ਲੀੜੇ ਧੋਂਦੀਆਂ। ਖੇਸ ਕੁੱਟਦੀਆਂ, ਠਾਹ-ਠੁੱਕ, ਪਿੰਡ ਵੱਸਦੇ ਦੀ ਨਿਸ਼ਾਨੀ। ਮੁੰਡੇ ਖੇਡਦੇ ਗੁਲਕਾਲੀ ਡੰਡੇ। ਡੰਡਾ ਡੁਕਦਿਆਂ ਦੇਰ ਹੋ ਜਾਂਦੀ ਤਾਂ ਮਾਂਵਾਂ ਖੁੱਲ੍ਹਦੀਆਂ ਜਵਾਕਾਂ ਨੂੰ।” ਬਾਕੀ ਗੱਲ ਅਜੇ ਮੂੰਹ ‘ਚ ਹੀ ਸੀ ਕਿ ਮਿਸਤਰੀਆਂ ਦਾ ਚੂਕੜਾ ਬੋਲ ਪਿਐ, ”ਮਾਸ਼ਟਰ ਜੀ ਬਾਗੜੀ (ਚੌਧਰੀਆਂ) ਦੀਆਂ ਮੇਲਣਾਂ, ਵਿਆਹ ਵੇਲੇ ਰਾਜਸਥਾਨੀ ਪਹਿਰਾਵਾ ਪਾ ਕੇ, ਗੀਤ ਗਾਉਂਦੀਆਂ ਬੋਹੜ ਕੋਲ ਡਿੱਗੀ ਤੋਂ, ਪਾਣੀ ਦੀ ਕੋਈ ਰਸਮ ਕਰਨ ਵੀ ਆਉਂਦੀਆਂ ਸਨ। ਗੀਤ ਸਮਝ ਤਾਂ ਨਾਂ ਆਉਂਦੇ ਪਰ ਰੌਣਕ ਜੀ ਬੜੀ ਲੱਗਦੀ ਸੀ, ਚੱਗੇ ਲੱਗਦੇ।” ”ਹਾਂ, ਹੋਰ ਵੀ ਬਹੁਤ ਕੁੱਝ ਜੁੜਿਆ ਬੋਹੜ ਨਾਲ, ਪਿੰਡ ਦਾ। ਕਈ ਰਾਤ ਨੂੰ ਡਰਦੇ ਸੀ, ਕਈ ਇਹਦੇ ਥੱਲੇ ਰਾਤਾਂ ਕੱਟਦੇ। ਬੜੇ ਪੰਛੀ-ਜਨੌਰਾਂ ਦਾ ਘਰ ਸੀ ਇਹ। ਚੌੜੇ-ਚੌੜੇ ਪੱਤੇ, ਗੋਹਲਾਂ ਉੱਤੇ ਵੱਡੀਆਂ-ਵੱਡੀਆਂ ਚਿੱਟੀਆਂ ਬਿੱਠਾਂ ਹੁੰਦੀਆਂ। ਫੇਰ ਸਮਾਂ ਆਇਆ ਵਾਟਰ ਵਰਕਸ ਕਰਕੇ ਡਿੱਗੀ-ਸਿਸਟਮ ਫੇਲ੍ਹ ਹੋ ਗਿਆ। ਡਿੱਗੀ ਬੰਦ, ਖ਼ਾਲ, ਲਾਲਚੀ ਲੋਕ ਨੱਪ ਗੇ। ਸੇਮ ਆ ਗੀ, ਬੋਹੜ ਖੜ੍ਹ-ਸੁੱਕ ਹੋ ਗਿਆ। ਹੁਣ ਤਾਂ ਬੱਸ ਮੁੱਢ ਹੀ ਖੰਡਰ ਵਾਂਗੂੰ ਰਹਿ ਗਿਆ। ਅੱਗੇ ਸਾਖੀ ਹੋਰ ਚੱਲੀ, ਬੋਲੋ ਜੀ ਵਾਹਿਗੁਰੂ।”
ਹੋਰ, ਫ਼ਰਿਜ਼ਨੋ ਆਲਾ ਰਾਜਾ-ਸੰਧੂ ਬਾਈ, ਆ ਕੇ, ਅਜੀਬ ਗੱਲਾਂ ਸੁਣਾ ਰਿਹੈ। ਭੋਲੂ ਕਹਿੰਦਾ, ”ਮੁਫ਼ਤ ਬਿਜਲੀ ਕਰਕੇ, ਲੋਕ ਤਾਂ ਸੌਖੇ ਹੋ-ਗੇ ਪਰ ਸਰਕਾਰ ਬਾਟੇ ਆਂਗੂੰ ਮਾਂਜੀ ਗਈ ਹੈ।” ਘੱਟ ਪੜ੍ਹਾਈ, ਘੱਟ ਜ਼ਮੀਨ ਅਤੇ ਘੱਟ ਆਮਦਨ ਕਰਕੇ ਨੌਜਵਾਨ ਉਲਝੇ ਜੇ ਪਏ ਹਨ। ਜਨਤਾ ਤੰਗ ਐ, ਬਾਹਲੇ ਲੀਡਰ ਅਜੇ ਵੀ ਆਵਦੀਆਂ ਹੀ ਫਾਅ-ਫਾਅ ਮਾਰੀ ਜਾਂਦੇ ਹਨ। ਮੀਂਹ ਦੀ ਕੋਈ ਵਾਈ-ਧਾਈ ਨੀਂ ਪਰ ਕੈਲੂ-ਕੋਤਾ ਅਜੇ ਵੀ ਬੋਲਦਾ ਰਹਿੰਦੈ, ”ਉਡਾ ਤੇ ਤੋਤੇ, ਪਾ-ਤੇ ਮੋਛੇ।” ਢੱਬ ਸੀਗੇ ਆਲੇ ਈ ਸਾਰਦੇ ਐ, ਬਾਕੀ ਸਗੇ (ਸਕੇ-ਸੋਤਰੇ) ਤਾਂ ਬੱਸ ਈ ਐ। ਜਵਾਕ ਜਹਾਜ ਚੜ੍ਹਾ ਕੇ ਐਥੇ ਤਾਂ ਚਾਂਭੜਾਂ ਪੈਂਦੀਆਂ ਹੁਣ ਤੁਸੀਂ ਹੀ ਅੱਪੜਿਆਂ ਉੱਤੇ ਵਾਹਰਾ-ਪਹਿਰਾ ਰੱਖਣਾ। ਲੰਗਰ ਛਕਾਉਣ ਵਾਲੇ ਭਾਈਬੰਦ ਬਣੇ ਰਹਿਓ, ਸਿੱਖੀ-ਸੇਵਕੀ ਨੂੰ ਲਾਜ ਨਾ ਲਾਇਓ।
ਚੰਗਾ, ਬਹੁਤ ਹੈ ਯਾਰ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com