ਪਿੰਡ, ਪੰਜਾਬ ਦੀ ਚਿੱਠੀ (129)

ਮਿਤੀ : 05-02-2023

ਆਪੇ ਉੱਜੜ ਕੇ, ਵੱਸਣ ਵਾਲੇ ਪੰਜਾਬੀਓ, ਚੜ੍ਹਦੀ ਕਲਾ ਹੋਵੇ। ਇੱਥੇ ਸਭ ਰਾਜ਼ੀ-ਖੁਸ਼ੀ ਹੈ। ਪ੍ਰਮਾਤਮਾ ਕਰੇ, ਤੁਸੀਂ ਵੀ ‘ਨਵੇਂ ਬੱਜਟ’ ਵਰਗੇ ਹੋਵੋ। ਮਾਘ-ਫੱਗਣ ਨਿਰਾਲਾ, ਦਿਨੇਂ ਧੁੱਪ ਤੇ ਤੜਕੇ ਪਾਲਾ ਵਾਂਗ, ਤਾਜ਼ਾ ਖ਼ਬਰ ਇਹ ਹੈ ਕਿ ਝੋਜੜਾਂ ਦੇ ਵੈਹਲਾਂ ਵਾਲੇ ਖੇਤ ਵਿੱਚ, ਰਾਤੀਂ ਪਸ਼ੂਆਂ ਨੇ ਉਜਾੜਾ ਕਰਤਾ। ਗੱਡੀ ਦੀ ਲਾਈਨ ਦੇ ਨਾਲ-ਨਾਲ ਆਏ ਵੱਗ ਨੇ, ਮਜਬੂਤ ‘ਆਰੀ ਤਾਰ’ ਲੱਗੇ ਪਿੱਲਰ ਨੂੰ ਭੰਨ ਕੇ, ਰਾਹ ਬਣਾ ਲਿਆ। ਮਾਲੀਆਂ ਦੇ ਦੱਸਣ ਮੁਤਾਬਿਕ, ”ਸਵੇਰੇ ਹੀ ਮਾਲੂਮ ਹੂਆ, ਬਾਕੀ ਜਾਨਵਰ ਤੋ ਦੂਰ ਚਲਾ ਗਯਾ, ਏਕ ਬੜਾ ਸਾਂਡ (ਢੱਠਾ) ਖਾ ਕੇ, ਆਰਾਮ ਕਰ ਰਹਾ ਥਾ।” ਉਹ ਤਾਂ, ਫ਼ੋਨ ਸੁਣ ਕੇ ਝੋਜੜਾਂ ਦਾ ਰਜਨਦੀਪ ਜੀਪ ਉੱਤੇ ਚਾਰ-ਪੰਜ ਬੰਦੇ ਲੈ ਕੇ ਗਿਆ। ਦੋ-ਤਿੰਨ ਫ਼ਾਇਰ ਕਰਕੇ, ਰੌਲਾ ਪਾਇਆ ਤੇ ਅੱਗ ਮਚਾ ਕੇ ਭਜਾਇਆ। ਜੀਪ ਉੱਤੇ ਨਾਲ ਗਿਆ ਖੱਡਾ ਵੇਰਵਾ ਪਾਉਂਦਾ ਸੀ, ”ਬਈ, ਦਰਸ਼ਨੀ ਢੱਠਾ, ਲੰਮੀ ਵੇਲ ਆਲਾ, ਮੁਕਾਬਲੇ ਉੱਤੇ ਜਾਵੇ ਤਾਂ ਵੀਹ-ਤੀਹ ਲੱਖ ਕਿਹੜਾ ਮੁੱਲ ਨਾ ਪਵੇ। ਲਹੂ-ਲੁਹਾਨ ਹੋਇਆ ਰੱਜ-ਪੁੱਜ ਕੇ ਲਵੀ-ਲਵੀ ਕਣਕ ‘ਚ ਪਾਸੇ ਮਾਰੀ ਜਾਵੇ। ਲੱਗਦੈ, ਜਿਵੇਂ ਕਿਸੇ ਫ਼ਾਰਮ ਤੋਂ ਭੱਜ ਕੇ ਆਇਆ ਹੋਵੇ। ਯਾਰੋ, ਛੇ ਫੁੱਟੇ ਘਰੇ ਬਣਾਏ, ਮਜ਼ਬੂਤ ਪਿੱਲਰ ਨੂੰ, ਡੱਕੇ ਵਾਂਗ ਭੰਨ ਤਾ।” ”ਕਮਾਲ ਐ! ਸਰਕਾਰ ਫੇਰ ਗਊ ਟੇਕਸ ਕਾਹਦਾ ਲੈਂਦੀ ਐ। ਖੇਤੀ-ਵਾਨਾਂ ਦਾ ਕਰੋੜਾਂ ਦੀ ਤਾਰ, ਖੰਭੇ, ਗੇਟਾਂ ਉੱਤੇ ਖ਼ਰਚਾ ਵੀ ਹੋਈ ਜਾਂਦੈ। ਠੰਡੀਆਂ ਰਾਤਾਂ ‘ਚ ਲੋਕ ਪਹਿਰਾ ਦਿੰਦੇ ਫਿਰਦੇ ਅੱਡ। ਨੁਕਸਾਨ ਬਰਾਬਰ ਚੱਲੀ ਜਾਂਦੈ। ਕੌਣ ਜ਼ਿੰਮੇਦਾਰ ਐ।” ਹਾਰੀ ਪਾਰਟੀ ਆਲੇ, ਹਜ਼ੂਰੇ ਲੀਡਰ ਨੇ, ਮੌਜੂਦਾ ਸਰਕਾਰ ਉੱਤੇ ਸਿਆਸੀ ਵਾਰ ਕੀਤਾ। ”ਨਾ ਸਰਕਾਰ, ਹੁਣ ਕੀਹਦਾ-ਕੀਹਦਾ ਪਸੂ ਸੰਭਾਲੇ, ਤੇਰੇ ਅਰਗੇ ਕਣਕ ਤਾਂ ਕੰਬਾਈਨ ਨਾਲ ਵਢਾਉਂਦੇ ਐ, ਪਰਾਲੀ ਨੂੰ ਅੱਗ ਲਾ ਦਿੰਦੇ ਐ। ਫੰਡਰ ਹੋਈ ਲਵੇਰੀ ਅਤੇ ਵੱਛੇ, ਤੂੜੀ-ਖੁਣੋਂ ਬਾਹਰ ਗੈਹਰ ਦਿੰਦੇ ਐ।” ਮੌਜੂਦਾ ਪਾਰਟੀ ਦੇ ਬਲਾਕ ਪ੍ਰਧਾਨ ਬੰਸੇ ਮਿਸਤਰੀ ਨੇ, ਸਰਕਾਰ ਦਾ ਬਚਾਅ ਕਰਦਿਆਂ, ਲੋਕਾਂ ‘ਚ ਕਸੂਰ ਕੱਢਿਆ। ਮੁੱਦਾ ਗਰਮੀ ਖਾ ਗਿਆ ਵੇਖ, ਮਾਸਟਰ ਮਲਕੀਤ ਸਿੰਘ ਗਿੱਲ ਨੇ ਖੰਘੂਰਾ ਮਾਰ, ਦੋਹਾਂ ਨੂੰ ਟਿਕਾਉਂਦਿਆਂ ਕਿਹਾ, ”ਮੇਰੀ ਸੁਣੋਂ ਓਏ, ਪਤੇ ਦੀ ਗੱਲ ਸਮਝੋ, ਸਰਕਾਰ ਇਹ ਕੰਮ ਨੀਂ ਕਰ ਸਕਦੀ ਹੁੰਦੀ। ਦੇਖੋ, ਪਸ਼ੂ ਰੱਖਦੇ ਆਂ ਆਪਾਂ, ਪਿੰਡਾਂ ਆਲੇ। ਇੱਕ-ਇੱਕ ਕਰਕੇ ਛੱਡਦੇਂ ਆਂ ਆਪਾਂ ਈਂ। ਗਊ ਟੈਕਸ ਵੀ ਆਪਾਂ ਈ ਦਿੰਨੇਂ ਆਂ। ਤਾਰਾਂ ਤੇ ਬੁੱਕ ਰੁਪੱਈਆ ਵੀ ਆਪਣਾ। ਠੰਡ ‘ਚ ਵੀ ਆਪਾਂ ਮਰਦੇ ਆਂ। ਗੋਰਖਿਆਂ ਨੂੰ ਪੈਸੇ ਵੀ ਦਿੰਨੇਂ ਆ ਲਿਜਾਣ ਦੇ। ਫਸਲ ਦਾ ਉਜਾੜਾ ਵੀ ਆਪਣਾ। ਸਿਆਣੇ ਬਣੋ, ਜੜ੍ਹ ਫੜੋ, ਆਵਦੇ ਪਸੂ ਸਾਂਭੋ ਘਰੇ। ਮਸਲਾ ਹੱਲ ਈ ਐ।”
ਹੋਰ, ਰਾਜੇ ਅਤੇ ਗਿੱਲਾਂ ਦੇ ਵਿਆਹ ਹੋ ਗਏ ਹਨ। ਹਾੜੀ ਚੰਗੀ ਆਸ ਬੰਨ੍ਹਾ ਰਹੀ ਹੈ। ਲੂਹ ਜਾਣੇ ਘੋਨੇ ਦੇ ਲੱਛਣ ਅਜੇ ਓਵੇਂ ਹੀ ਹਨ। ਪਿੰਡਾਂ ‘ਚ ਵੀ ਨੀਲੀਆਂ ਟੀਨ ਦੀ ਚਾਦਰਾਂ ਦਾ ਰਿਵਾਜ ਵੱਧ ਗਿਆ ਐ।ਹਥੌਲਾ ਪੈਣ ਮਗਰੋਂ ਗੋਗੂ ਦੇ ਕੜੱਲ ਪੈਣੋਂ ਹਟ ਗਏ ਹਨ। ਮਹੀਨਾ ਪਹਿਲਾਂ ਘੂਰੋ-ਮਸੂਰੀ ਹੋਏ ਪ੍ਰੀਤ ਤੇ ਮੀਤੇ ਕੇ ਫੇਰ ਬੋਲਣ ਲੱਗ ਪਏ ਹਨ। ਬਾਬਾ ਤੇਜਾ ਮਸਾਂ ਈ ਜਾਨ ਵਰੋਲਦਾ ਫਿਰਦੈ। ਕੀਪਾ ਤਾਂ ਅਜੇ ਵੀ ਢੇਕੇ ਭੰਨਦਾ ਫਿਰਦੈ ਪਰ ਜੰਟੇ ਨੇ ਗੁੰਮਗੋਛੇ ਵਾਹਵਾ ਮਾਇਆ ‘ਕੱਠੀ ਕਰ ਲਈ ਹੈ। ਖੁਡਾਲਾਂ ਦਾ ਮਧਰਾ ਅਜੇ ਵੀ ਜੂਲਾ (ਜੂਆ) ਖੇਡਦੈ। ਚੰਗਾ, ਤਕੜਾਈ ਰੱਖਿਓ, ਸਾਡਾ ਫਿਕਰ ਨਾ ਕਰਿਓ, ਚੜਦੀ ਕਲਾ, ਅਗਲੇ ਐਤਵਾਰ ਮਿਲਣ ਵਿੱਚ ਹੀ ਭਲਾ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com