ਮਿਤੀ : 29-01-2023
ਹਾਂ, ਬਈ ਸੋਹਣਿਓ, ਸਤ ਸ਼੍ਰੀ ਅਕਾਲ। ਅਸੀਂ ਇੱਥੇ ਸਭ ਰਾਜੀ-ਬਾਜੀ ਹਾਂ, ਪ੍ਰਮਾਤਮਾ ਤੁਹਾਨੂੰ ਵੀ, ਡਾਊਨਟਾਊਨ ਅਤੇ ਕੰਟਰੀਸਾਈਡ ਵਿੱਚ ਵੀ ਸਲਾਮਤ ਰੱਖੇ। ਅੱਗੇ ਸਮਾਚਾਰ ਇਹ ਹੈ ਕਿ ਦੁੱਲੇ-ਭੱਟੀ ਦੀ ਲੋਹੜੀ ਤਾਂ ਸਭ ਨੇ ਮਨਾਈ ਪਰ ਬੁੱਟਰਾਂ ਨੇ ਪੋਤੇ ਦੀ ਸਪੈਸ਼ਲ ਪਾਰਟੀ ਕੀਤੀ ਹੈ। ਰਿਸ਼ਤੇਦਾਰ ਗਿਆਰਾਂ-ਬਾਰਾਂ ਵਜੇ ਆਉਣ ਲੱਗੇ। ਗਰੀਬੂ ਕਾਰਾਂ ਨੂੰ, ਸੁਖਚਰਨ ਕੈਨੇਡਾ ਵਾਲਿਆਂ ਦੀ ਖਾਲੀ ਕੋਠੀ ‘ਚ ਲਵਾ ਰਿਹਾ ਸੀ। ਟੈਂਟ, ਸਟੇਜ, ਸਵਾਗਤੀ ਗੇਟ, ਢੋਲ ਅਤੇ ਡੀ.ਜੇ. ਦਾ ਵਿਆਹ ਵਾਲਾ ਮਹੌਲ ਵੇਖ ਹੈਰਾਨ ਰਹਿ ਗਏ ਸਾਰੇ। ਸੋਚਿਆ ਸੀ ਪਾਠ ਹੋਵੇਗਾ, ਸੁੱਖ ਲਾਹੁਣ ਲਈ। ਘਰ ਦੇ ਕਹਿੰਦੇ, ”ਅਸੀਂ ਤਾਂ ਸਵੇਰੇ ਹੀ ਗੁਰਦੁਆਰੇ ਮੱਥਾ ਟੇਕ ਆਏ ਸੀ, ਤੁਸੀਂ ਗਰਮ-ਗਰਮ ਕਾਫ਼ੀ ਪੀ, ਠੰਡ ਲਾਹੋ।” ਪੂਰੇ ਖਾਣ-ਪੀਣ ਦੇ ਸਟਾਲ ਸਨ। ਢਿੱਡ ਧਾਫੜ ਕੇ ਬੁੜੀਆਂ ਡੀ.ਜੇ. ਤੇ ਬਾਹਰ ਗਿੱਧਾ ਪਾਉਣ ਲੱਗੀਆਂ। ‘ਕਈ ਸਿਆਣੇ’ ਅੰਦਰ ‘ਵੱਡੇ ਬਾਪੂ’ ਦਾ ਪਤਾ ਲੈਣ ਬੈਠੇ ਤਾਂ ਗੱਲਾਂ ਘੁੰਮ ਕੇ ਫਿਰ, ਪਰਥ, ਬਰੈਮਪਟਨ, ਐਡਮਿੰਟਨ ਅਤੇ ਕੈਲੇਫੋਰਨੀਆਂ ਪਹੁੰਚ ਗਈਆਂ। ‘ਬਾਹਰੋਂ ਆਏ’ ਤਾਂ ਹਾਜਰੀ ਲਵਾ ਕੇ, ਛੁੱਟੀ ਲੈ ਗਏ। ਉੱਚੀ ਆਵਾਜ਼ ‘ਚ ਲੋਹੜੀ ਦੇ ਗੀਤਾਂ ਨੇ ਹਨੇਰੀ ਲਿਆ ਤੀ। ਇੱਕ ਚਲਾਕ ਜਾ ਵੇਟਰ, ਕਈਆਂ ਦੀ ਜੀ-ਹਜ਼ੂਰੀ ਕਰਕੇ ਵਧਾਈ ਮਾਰ ਗਿਆ। ਫੇਰ ਵੇਟਰਾਂ ‘ਚ ਵੰਡਾਈ ‘ਤੇ ਰੌਲਾ ਪੈ ਗਿਆ ਤਾਂ ਠੇਕੇਦਾਰ ਨੇ ਘੂਰ-ਘੱਪ ਕੀਤੀ। ਦੋ ਕੁ ਵਜੇ ਰੋਟੀ ਵੀ ਲੱਗ-ਗੀ ਤਾਂ ਨਾਲ ਵਾਲੀ ਚਾਚੇ ਆਲੀ ਖਾਲੀ ਕੋਠੀ ‘ਚ ਗੋਲ ਮੇਜਾਂ ਦੀ ਰੌਣਕ ਵੱਧ ਗਈ। ਰਿਸ਼ਤੇਦਾਰ ਲੋਹੜੀ ਦਾ ਦਿਨ ਜਾਣ, ਮੁੜਨ ਲਈ ਕਾਹਲ ਕਰਨ ਲੱਗੇ। ਕੋਠਿਆਂ ਆਲੇ ਫੁੱਫੜ ਨੂੰ ਫ਼ੋਨ ਕਰਕੇ ਸੱਦਿਆ। ਸਾਢੇ ਤਿੰਨ ਵਜੇ, ਮਸਾਂ ਆਇਆ। ਫੁੱਫੜ ਆਉਂਦਾ ਈ ਗਲ ਪੈ ਗਿਆ, ”ਐਡੀ ਕੀ ਕਹਾਲ ਐ? ਲੋਹੜੀ ਤਾਂ ਆਥਣੇ ਹੀ ਹੁੰਦੀ ਐ।” ਸ਼ਗਨ ਕਰਕੇ, ਉਹ ਤਾਂ ਅੰਦਰ, ਘੁੱਟਵੇਂ ਗਲੇ ਵਾਲੀ ਬੋਤਲ ਨੂੰ ਜਾ ਮਿਲਿਆ। ਕੁੜੀਆਂ ਲੋਹੜੀ ਦੁਆਲੇ ਰੇਲ-ਗੱਡੀ ਬਣਾ, ਘੁੰਮਣ ਲੱਗੀਆਂ। ਸਾਰੇ ਗਿਆਰਾਂ-ਗਿਆਰਾਂ ਸੌ ਸ਼ਗਨ ਦੇਣ ਲੱਗੇ ਤਾਂ ਬੁੱਟਰਾਂ ਨੇ ਵੀ, ਪਹਿਲੋਂ ਹੀ ਤਿਆਰ ਕੀਤੀ, ਸੂਟ, ਮੂੰਗਫ਼ਲੀਆਂ ਅਤੇ ਚਾਨਣ ਮੱਲ ਦੀ ਮਿਠਾਈ ਦੇ ਡੱਬੇ ਦੀ ਕਿੱਟ, ਸਭ ਨੂੰ ਭੇਂਟ ਕੀਤੀ। ਹਾਂ, ਹੁਣ ਸੂਟਾਂ ‘ਚੋਂ ਫੁੱਫੜ ਦਾ ਕੰਬਲ-ਖੇਸ ‘ਗਾਇਬ’ ਹੋ ਗਿਆ ਹੈ। ਗਰੀਬੂ ਨੂੰ ਸ਼ਾਮ ਨੂੰ ਪਤਾ ਨੀਂ ਘੁੱਟ ਮਿਲੀ ਕਿ ਨਹੀਂ, ਸਾਰੇ ਕਾਰਾਂ ‘ਤੇ ਸਵਾਰ ਹੋ, ਟੋਲ ਟੈਕਸ ਕਟਾ, ਟਿੱਭ ਗਏ।
ਹੋਰ, ਕੰਨਾਂ ‘ਚ ਲੱਗੇ ਪੀਲੇ ਟੈਗ ਸਮੇਤ ਗਾਂਵਾਂ ਹੁਣ ਵੀ ਧੱਕੇ ਖਾ ਰਹੀਆਂ ਹਨ। ਹੁਣ ਭਿੰਡੇ, ਰਿੰਦੇ ਅਤੇ ਲੰਡੇ ਵਰਗੇ ਸਾਰੇ ਨਾਂ ਚੈਨਲਾਂ ਮੁਤਾਬਿਕ ਗੈਂਗਸਟਰ ਹਨ। ਪੱਪੂ ਅਜੇ ਵੀ ਟਿੱਚਰਾਂ ਕਰਦਾ ‘ਛੋਟੇ ਆਂਡੇ ਅਤੇ ਵੱਡੀਆਂ ਇਲੈਚੀਆਂ’ ਮੰਗਦਾ ਹੈ। ”ਲਿਆ ਬੱਲਿਆ ਮੈਂ ਤੇਰਾ ਸੁੱਥੂ ਝਾੜ ਦਿਆਂ” ਵਾਲਾ ਤਾਇਆ ਮਿੰਦਰ ਤੁਰ ਗਿਆ ਹੈ। ਤਾਈ ਮਿੰਦੋ ਅਜੇ ਵੀ ਜਵਾਕਾਂ ਨੂੰ ”ਠਹਿਰ ਜੋ ਬੱਕਰਿਓ, ਤੁਹਾਨੂੰ ਦਿੰਨੀਂ ਆਂ ਪੜੇਥਣ” ਕਹਿ ਕੇ ਦਬਕੇ ਮਾਰਦੀ ਹੈ। ਅੱਡੀਆਂ ਤੋਂ ਪਾਟੀਆਂ ‘ਜੁਰਾਬਾਂ’ ਪਾਉਣ ਦਾ ਅਜੇ ਵੀ ਕਿਤੇ-ਕਿਤੇ ਰਿਵਾਜ ਹੈ। ਪੰਜ ਕਾਪੜੀਆ ਦੇਣ ਵਾਲੀ ਰਸਮ ‘ਪੜ੍ਹੀਆਂ ਨੂੰਹਾਂ’ ਕਰਕੇ ਖ਼ਤਮ ਹੋ ਗਈ ਹੈ। ਹਾਕਮ ਦੇ ‘ਗੋਪੀਨਾਥ ਗੁਪੰਮਗ’ ਦੇ ਅਰਥ ਸਾਨੂੰ ਅਜੇ ਵੀ ਸਮਝ ਨਹੀਂ ਆਏ। ਸੱਚ, ਨੈਟ ਆਂਹਦਾ ”ਗੜ੍ਹੇ ਪੈਣੇਂ ਐ”, ਜੇ ਪੈ ਗੇ ਤਾਂ ਮਰ ਜੂ ਕਿਸਾਨ। ਰੱਬ ਭਲੀ ਕਰੇ।
ਚੰਗਾ, ਨਾ ਤੇਰ ਨਾ ਮੇਰ, ਅਗਲੇ ਐਤਵਾਰ ਫੇਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com