ਪਿੰਡ, ਪੰਜਾਬ ਦੀ ਚਿੱਠੀ (127)

ਮਿਤੀ : 22-01-2023

ਹਰ ਮੈਦਾਨ ਫ਼ਤਹਿ, ਵਾਲੇ ਪੰਜਾਬੀਓ, ਚੜ੍ਹਦੀ ਕਲਾ….
ਅਸੀਂ, ਜੰਮਦੇ ਕੋਹਰੇ ‘ਚ ਵੀ ‘ਜਮਾਂ ਕੈਮ’ ਹਾਂ। ਤੁਹਾਡੀ ਰਾਜ਼ੀ-ਖੁਸ਼ੀ, ਸੱਚੇ ਰੱਬ ਤੋਂ ਸਦਾ ਹੀ ਮੰਗਦੇ ਰਹਿੰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਕਈ ਭਾਈਬੰਦਾਂ ਦੇ ਏਧਰ ਔਣ ਦੀਆਂ ਰੌਣਕਾਂ ਹਨ। ਓਧਰ ਪਿੰਡ ‘ਚ ਚੜ੍ਹਦੇ ਸਾਲ, ਠੰਡ-ਠਾਰੀ ਕਰਕੇ ਕਈ ਜੀਅ ਓਪਰਥਲੀ ਹੀ ਤੁਰਗੇ। ਅੰਤਮ ਅਰਦਾਸ, ਸ਼ਰਧਾਂਜਲੀਆਂ ਅਤੇ ਲੰਗਰ ਦੇ ਨਾਂ ਉੱਤੇ ਪੂਰਾ ਖਾਣਾ-ਦਾਣਾ। ਕਈਆਂ ਨੇ ਤਾਂ ਵਿਆਹ ਵਾਂਗੂੰ ਹੀ ਖ਼ਰਚ ਕਰਤੇ। ਅਜੇ ਕੱਲ੍ਹ ਈ ‘ਨੱਘਰਾਂ ਆਲਿਆਂ’ ਦੇ ਬਾਬੇ ਦਾ ਭੋਗ ਸੀ। ਬਲਵੰਤ ਸਿੰਘ ‘ਬਾਂਟੀ’ ਮੋਹਰੀ ਸੀ। ਅੱਜ ਸਵੇਰੇ ਈ ਜਾਖੜਾਂ ਦੇ ਦਰਵਾਜ਼ੇ ਕੋਲ ਇਕੱਠੇ ਹੋਣ ਲੱਗੇ ਤਾਂ ਬੂਟੇ ਨੇ ਬੰਟੀ ਨੂੰ ਆਂਉਂਦਿਆਂ ਛੇੜਿਆ, ”ਇੱਕ ਆਹ ਆ ਗਿਆ, ਭੁੱਖ ਦਾ ਫੁੱਫੜ, ਕੱਲ੍ਹ ਕੱਢੀਆਂ ਫੇਰ ਕੁੱਖਾਂ?” ”ਕਿਉਂ ਕੱਢਣੀਆਂ ਨੀਂ ਸੀ, ਸਾਰਾ ਦਿਨ ਗਲ ‘ਚ ਸਾਫ਼ਾ ਪਾ ਕੇ, ਲਾਗੀਪੁਣਾ ਵੀ ਤਾਂ ਮੈਂ ਈ ਕੀਤੈ, ਤੂੰ ਤਾਂ ਖਾਹ ਕੇ ਦੋ ਆਰੀ, ਮੂੰਗੀ ਦਾ ਹਲਵਾ, ਟਿੱਭ ਆਇਆ ਸੈਂ।” ਬਾਂਟੀ ਨੇ ਨਹਿਲੇ ਤੇ ਦਹਿਲਾ ਮਾਰਿਆ। ”ਊਂ ਬਈ ਕਸਰਾਂ ਕੱਢਤੀਆਂ ਕੱਲ੍ਹ ਤਾਂ, ਬਾਬੇ ਦਾ ਦੂਜੇ ਵਾਰੀ ਵਿਆਹ ਕਰਨ ਦੀ ਗੱਲ ਈ ਸੀ, ਪੂਰਾ ਸਮਾਨਾ, ਮੇਜ਼-ਕੁਰਸੀਆਂ, ਵਰਦੀਆਂ ਆਲੇ ਵੇਟਰ ਸਮਾਨ ਵਰਤਾਉਣ, ਬਹੁਤ ਥਾਂਈ ਜਾਈਦੈ, ਪਰ ਕੱਲ੍ਹ ਤਾਂ ਸਿਰਾ ਈ ਲੱਗ ਗਿਆ।” ਬੰਸੇ ਮੈਂਬਰ ਨੇ ਨੱਘਰਾਂ ਆਲਿਆਂ ਦੀ ਰੱਜ ਕੇ ਖਾਣ ਵਾਂਗ, ਰੱਜ ਕੇ ਈ ਤਾਰੀਫ਼ ਕਰ ਦਿੱਤੀ। ”ਆਏਂ ਤਾਂ ਬਾਬੇ ਦੇ ਸਹੁਰਿਆਂ ‘ਚੋਂ ਕੋਈ ਕਹਿੰਦਾ ਸੀ ਬਈ, ਡੀ.ਜੇ. ਵਜਾਉਣਾ ਈ ਰਹਿ ਗਿਐ!” ਬਾਂਟੀ ਨੇ ਲੋਕ-ਮੱਤ ਵੀ ਦੱਸੀ। ”ਊਂ ਬਾਈ ਹੱਸਣਾ ਤਾਂ ਅੱਡ ਗੱਲ ਐ, ਪਰ ਰਿਵਾਜ ਲੋੜ ਤੋਂ ਵੱਧਦਾ ਜਾਂਦੈ। ਇੰਨਾ ਕੋਲ ਤਾਂ ਸੀ, ਡੂਢ-ਦੋ ਲੱਖ ਲਾਤਾ। ਸ਼ਰਮੋ-ਸ਼ਰਮੀ ‘ਚ ਮਾਤੜ ਤਾਂ ਵੱਢਿਐ ਜਾਂਦੈ। ਵਿਆਹ-ਪਰਨੇ ਤੇ ਕੀਤੇ ਅੱਘਰੀ ਦੇ ਖ਼ਰਚ, ਮੁੜ ਕੇ ਘਰ ਪੱਟੇ, ਰਾਸ ਨੀਂ ਆਉਂਦੇ। ਸਟੱਡੀ ਸਰਕਲ ਵਾਲੇ ਥਾਂ-ਥਾਂ ਐਂਵੇਂ ਤਾਂ ਨੀਂ ਲਿਖਦੇ ਫਿਰਦੇ ਕੰਧਾਂ ‘ਤੇ, ‘ਸਾਦੇ ਵਿਆਹ ਤੇ ਸਾਦੇ ਭੋਗ, ਨਾ ਕੋਈ ਚਿੰਤਾ ਨਾ ਕੋਈ ਰੋਗ’। ਅੱਧੇ ਰੌਲੇ ਤਾਂ ਮਹਿੰਗਾਈ ‘ਚ ਵੱਧ-ਖਰਚਿਆਂ ਦੇ ਈ ਐ। ਆਪਾਂ ਨੂੰ ਸੋਚਣਾ ਚਾਹੀਦੈ। ਘਾਈ ਤਾਂ ਅੱਗੇ ਨੀ ਬੱਝਦੀ, ਆਟਾ ਈ ਬੱਤੀਆਂ ਨੂੰ ਅੱਪੜਿਆ ਖੜੈ।” ਬੂਟੇ ਨੇ ਸੱਚੀ ਆਖੀ ਤਾਂ ਸਾਰੇ ਹੀ ਸੋਚਾਂ ‘ਚ ਗੇੜੇ ਖਾ ਗੇ।
ਹੋਰ, ਪਿੰਡ-ਪਿੰਡ ਨਗਰ ਕੀਰਤਨ ਸਜੇ ਹਨ। N.R.I. ਦੇ ਵੱਡੇ-ਵੱਡੇ ਵਿਆਹ ਹੋ ਰਹੇ ਹਨ। ਜੋੜ-ਮੇਲਿਆਂ ‘ਚ ਜੀਰੇ ਆਲੀ ਮਿੱਲ ਅਤੇ ਯਾਤਰਾ ਦੀ ਚਰਚਾ ਹੈ। ਕਈ ਤੱਕੜੀ, ਪਤੰਗ, ਪੰਜੇ, ਦਾਤੀ ਤੋਂ ਘੁੰਮ ਕੇ ਫੁੱਲਾਂ ਉੱਤੇ ਬੈਠ ਰਹੇ ਹਨ। ਬੁੱਕਣੀਏ ਕੇ ਵਿਗੜੇ ਮੁੰਡੇ ਦਾ, ਭੂੰਡਾਂ ਆਲੇ ਬਾਬੇ ਤੋਂ, ‘ਛੂੰਆਂ-ਛੱਪ’ ਕਰਾ ਲਿਆਂਦਾ ਹੈ। ਫੰਭੀ ਕੇ ਬਾਰ ਕੋਲੇ, ਡਾਲੇ ਆਲਾ, ਪਲਾਲੀਆਂ ਦਾ ਅਤੇ ਔਲਖਾਂ ਦਾ ਲਾਣਾ, ਧੁੱਪੇ ਖੜਕੇ, ਗੱਲਾਂ ਕਰਕੇ ਟੈਨਸ਼ਨ ਲਾਹ ਲੈਂਦੇ ਹਨ। ਆਏਂ ਈਂ ਢਮਢਮਾ ਚੱਲੀ ਜਾਂਦੈ। ਬਾਹਲੇ ਘਰਾਂ ਦੀਆਂ ਢਿੰਮਬਰੀਆਂ-ਟੈਟ ਹਨ। ਕਣਕਾਂ ਉੱਤੇ ਕੋਹਰਾ ਅਤੇ ਸਪਰੇਅ ਦੋਨੋਂ ਹੀ ਪੈ ਰਹੇ ਹਨ। ਲਾਲ ਗਾਜਰਾਂ, ਹਰੇ ਮਟਰ ਅਤੇ ਦੇਸੀ ਛੋਲੀਏ ਦੇ ਹੋਕੇ ਵੱਜ ਰਹੇ ਹਨ। ਗੁਰਮੁਖ ਸਿੰਘ, ਕਰਮਜੀਤ ਅਤੇ ਜਗਰੂਪ ਸਿੰਘ ਖਾਲਸੇ ਸੇਵਾ ਉੱਤੇ ਡਟੇ ਹਨ। ਧੁੱਪਾਂ ਨੇ ਹੌਂਸਲਾ ਦਿੱਤੈ। ਆਈ ਬਸੰਤ-ਪਾਲਾ ਉਡੰਤ। ਚੰਗਾ, ਲੋਹੜੀ ਦਾ ਪ੍ਰੋਗਰਾਮ ਅਗਲੇ ਐਤਵਾਰ ਦੱਸਾਂਗੇ, ਬਚੋ ਕੇਰਾਂ ਸਰਦੀ ਤੋਂ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com