ਪਿੰਡ, ਪੰਜਾਬ ਦੀ ਚਿੱਠੀ (126)

ਮਿਤੀ : 15-01-2023

ਪੰਜਾਬੀਅਤ ਦੇ ਹਰਕਾਰਿਓ, ਸਤ ਸ਼੍ਰੀ ਅਕਾਲ। ਇੱਥੇ ਚੜ੍ਹਦੀ-ਕਲਾ ਵਿੱਚ ਹਾਂ। ਤੁਹਾਡੀ, ਰਾਜ਼ੀ-ਖ਼ੁਸ਼ੀ ਪ੍ਰਮਾਤਮਾ ਪਾਸੋਂ ਸਦਾ ਨੇਕ ਚਾਹੁੰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਆਪਣੇ ਵਰਕਸ਼ਾਪਾਂ ਕੋਲ ਰਾਜੂ ਮਿਸਤਰੀ ਨੇ ਸਵੇਰੇ ਕੋਹਰੇ ‘ਚ ਕੱਖ-ਕਾਨੇ ਲਾ ਧੂਣੀ ਧੁਖਾਈ ਤਾਂ ਹੌਲੀ-ਹੌਲੀ ਕਈ, ਅੱਗ ਸੇਕਣ ਆ ਗਏ। ਭਰਤ ਪਾਉਣ ਆਲੇ ਟਰੈਕਟਰਾਂ ਵਾਲੇ, ਰੇਹੜੀਆਂ ਵਾਲੇ, ਚਾਹ ਦੇ ਖੋਖੇ ਵਾਲਾ ਪੱਪੂ, ਨਾਗਪਾਲਾਂ ਦਾ ਕਾਕਾ ਅਤੇ ਜੱਸਾ ਬਰਾੜ। ਕੋਈ ਬੈਠ ਕੇ ਬੀੜੀ ਲਾਈ ਜਾਵੇ, ਕੋਈ ਖੜੇ-ਖੜੇ ਈ ਹੱਥ ਨਿੱਘੇ, ਕਰੀ ਜਾਣ। ਨਿੱਕੀਆਂ-ਨਿੱਕੀਆਂ ਗੱਲਾਂ ਸ਼ੁਰੂ ਹੋਈਆਂ ਹੀ ਸਨ ਕਿ ਮੱਖਣ, ਜੈਕਾਰੇ ਛੱਡਦਾ ਆ ਗਿਆ। ਮੱਲੋਮੱਲੀ ਸਾਰਿਆਂ ‘ਚ ਘੁਸੜ ਕੇ, ਹੱਥ ਸੇਕਦਾ ਬੋਲਿਆ, ”ਹਾਂ ਬਈ ਬਰਾੜ, ਕਿੱਥੇ ਸੀ ਬਈ, ਡੂਢ ਦਿਨ ਹੋ ਗਿਆ ਛਿਪਿਆ ਨੀ ਕਿਤੇ?” ”ਜਾਣਾ ਕਿੱਥੇ ਸੀ, ਕੱਲ ਪਹਿਲਾਂ ਦੋ ਪਾਠਾਂ ਦੇ ਭੋਗ ਸਨ, ਫੇਰ ਕੁਵੇਲੇ ਕੱਲ ਆਥਣੇ, ਮੰਡੀ ਵਗ ਗੇ।” ਬਰਾੜ ਨੇ ਸੰਖੇਪ ‘ਚ ਹੈਡ ਲਾਈਨ ਸੁਣਾ ਕੇ ‘ਰਾਮ-ਕਹਾਣੀ’ ਸ਼ੁਰੂ ਕਰ ਤੀ।” ”ਕੁਵੇਲੇ ਨੂੰ ਕੀ, ਤੇਰੀ ਟੋਕੇ ‘ਚ ਬਾਂਹ ਆਈ ਸੀ।” ਮੱਖਣ ਨੇ ਸੁਭਾਅ ਮੁਤਾਬਿਕ ਛੇੜਿਆ। ”ਛੋਟੇ ਆੜਤੀਏ ਦਾ ਵੱਡਾ ਬਾਪੂ ਕਈ ਚਿਰ ਦਾ ਰਿੜਕਦਾ ਤੁਰ ਗਿਆ। ਫੂਨ ਆਏ ਤੋਂ ਮੀਤਾ ਆਂਹਦਾ ‘ਚੱਲ ਮੱਥੇ ਲੱਗ ਆਈਏ, ਹੁਣੇ ਆ ਜਾਨੇਂ ਐਂ।’ ਗਏ ਤਾਂ ਤਿਆਰੀ ਸੀ, ‘ਨ੍ਹੇਰਾ ਹੁੰਦਾ ਵੇਖ, ਛੇਤੀ ਚੱਕ-ਲੋ, ਚੱਕ-ਲੋ ਕਰਤੀ। ਠੱਕਾ ਵਗੇ। ਤਿੰਨ-ਚਾਰ ਹੋਰ ਚਿਖਾ ਬਲੀ ਜਾਣ। ਕੋਟ-ਪੈਂਟਾਂ ਆਲੇ ਤਾਂ ਹੱਥ ਬੰਨ੍ਹ ਮੂੰਹ ਵਿਖਾ ਤੁਰਦੇ ਬਣੇ। ਗਿੱਲੀਆਂ ਪਾਣੀ ਵਰਗੀਆਂ ਲੱਕੜਾਂ, ਅੱਗ ਨਾ ਫੜਨ, ਕੱਖ-ਕਾਨੇ, ਖੰਡ-ਘਿਓ ਦਾ ਕੁਸ ਨਾ ਬਣਿਆ। ਹਵਾ ਆਲਾ ਪੱਖਾ ਘੁਕਾ ਵੀ ਥੱਕ ਗੇ। ਕਿਸੇ ਦੇ ਕਹਿਣ ਤੇ ਡੀਜ਼ਲ ਲਿਆਂਦਾ ਤਾਂ ਜਾ ਕੇ ਮਸਾਂ ਸੰਸਕਾਰ ਹੋਇਆ। ਅੱਠ ਵੱਜ ਗੇ ਰਾਤ ਦੇ। ਦੁਨੀਆਂ ਟਿੱਭ-ਗੀ। ਅਸੀਂ ਦਸ-ਕੁ ਜਣੇਂ ਹੀ ਰਹਿ ਗਏ ਅਖੀਰ ਤੇ। ਛੋਟਾ ਆੜਤੀਆ ਕਹਿੰਦਾ, ”ਮੀਤੇ ਬਾਈ, ਆਹ ਹਾਲ ਐ ਅੱਜ ਕੱਲ।” ਮੁੜਦਿਆਂ ਨੂੰ ਕੋਕੜਾਂ ਹੋਗੀਆਂ। ਉਹ ਤਾਂ ਮੂੰਗਫਲੀਆਂ, ਫੁੱਲੇ ਵੰਡੇ ਸਨ ਸੇਠਾਂ ਨੇ, ਵਾਹਵਾ ਮੂੰਹ ਚੱਲਦਾ ਰਿਹਾ ਤੇ ਸਰੀਰ ਬਚ ਗਿਆ।” ”ਪਿੰਡਾਂ ਆਲਾ ਭਾਈਚਾਰਾ ਕਿੱਥੇ?” ਮੱਖਣ ਨੇ ਸਿੱਟਾ ਕੱਢਿਆ ਤਾਂ ਟਰਾਲੀਆਂ ਵਾਲੇ ਤੁਰਨ ਲੱਗੇ। ਖੋਖੇ ਵਾਲਾ ਚਾਹ ਵੱਲ ਤੇ ਬਾਕੀ ਵੀ ਰਮਤਾ ਹੋ ਗਏ।
ਹੋਰ, ਠੱਕੇ, ਠੰਡ-ਠਾਰੀ ਨੇ ਠਾਰਤੇ। ਝੂੰਬੀਆਂ-ਲੂੰਬੀਆਂ ਕਰਕੇ ਪਸ਼ੂ ਅੰਦਰ ਵਾੜਤੇ। ਮਾਸਟਰ ਸਕੂਲ ਤੇ ਬੱਚੇ ਘਰ ਤਾੜਤੇ। ਗੁੱਛੀ-ਮੁੱਛੀ ਮਾਰੀ, ਕੁੱਤੇ ਪਤਾ ਨੀਂ ਕਿਵੇਂ ਬਾਹਰ ਸਾਰਦੇ ਹਨ। ਮਰਗ ਦੇ ਭੋਗਾਂ ਉੱਤੇ ਵੀ ਵਿਆਹ ਆਂਗੂੰ, ਕੁਰਸੀਆਂ-ਮੇਜ਼ ਅਤੇ ਕੌਫ਼ੀ ਚੱਲ ਰਹੀ ਹੈ। ਕਾਤਲੀਆਂ ਦਾ ਮੁੰਡਾ ਵੀ, ਬਾਹਰ ਦਾ ਅੱਕ ਚੱਬ ਗਿਆ ਹੈ। ਵਾਧੂ ਪਾਣੀ ਕਰਕੇ, ਕਈ ਥਾਂ ਡੱਡਰੂ ਬੋਲ ਰਹੇ ਹਨ। ਧੂਣੀ ਆਲੇ ਨੇਮ ਨਾਲ, ਚੌਕੀ ਭਰਦੇ ਹਨ। ਫ਼ੋਨ, ਹੁਣ ਆਟੇ ਨਾਲੋਂ, ਜ਼ਰੂਰੀ ਚੀਜ਼ ਬਣ ਗਏ ਹਨ। ਔਖੇ ਮੌਸਮ ਵਿੱਚ ਦੁੱਖ-ਸੁੱਖ ਉੱਤੇ ਵੀ ਤੁਰੀ ਫਿਰਦੀ ਦੁਨੀਆਂ। ਨਗਰ ਕੀਰਤਨ ਸਜ ਰਹੇ ਹਨ। ਤੁਸੀਂ ਵੀ ਆ ਜੋ, ਤਿਤੋਂ ਨਾਬਰ ਨੀਂ ਹੁੰਦੇ, ਸੇਵਾ ਕਰਾਂਗੇ ਰੱਜ ਕੇ। ਮਲੋਟ ਵਰਗੇ, ਮਸ਼ਹੂਰ ਪੈਲਸ ਖ਼ੂਬ ਚੱਲ ਰਹੇ ਹਨ। ਸਰਕਾਰ ਤਾਂ ਪੈਸੇ-ਖੁਣੋਂ ਲੰਙੇ ਡੰਗ ਹੀ ਚੱਲ ਰਹੀ ਹੈ। ਕਾਕਾ ਆਂਹਦਾ, ‘ਹਰੇਕ ਘਰ ਦੀ ਵੱਖਰੀ ਕਹਾਣੀ ਹੀ ਹੈ।’
ਚੰਗਾ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com