ਪਿੰਡ, ਪੰਜਾਬ ਦੀ ਚਿੱਠੀ (124)

ਮਿਤੀ : 01-01-2023

ਪੰਜਾਬ ਦੇਸ ਦੀ ਸ਼ਾਨ, ਪੰਜਾਬੀਓ, ਸਤ ਸ਼੍ਰੀ ਅਕਾਲ। ਅਸੀਂ, ਇੱਥੇ ਪੈ ਰਹੇ ਕੋਹਰੇ ਵਿੱਚ ਵੀ ਧੁੱਪ ਵਾਂਗ ਖਿੜੇ ਹਾਂ। ਆਪ ਜੀ ਦੀ ਰਾਜ਼ੀ-ਖੁਸ਼ੀ, ਅਮਰੀਕਾ ਦੇ ਬਰਫੀਲੇ ਤੂਫ਼ਾਨ ਅਤੇ ਆਸਟਰੇਲੀਆ ਦੀ ਗਰਮੀ ਵਿੱਚ, ਭਲੀ ਲੋੜਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ‘ਪਾਲੇ ਮਿਸਤਰੀ’ ਨੇ ਸਵੇਰ ਦੀ ਧੂਣੀ, ਤੇਲ ਵਾਲੀ ਗਿੱਲੀ ਲੀਰ ਨਾਲ ਸ਼ੁਰੂ ਕੀਤੀ, ਤਾਂ ਰੋਜ਼ ਦੇ ‘ਆੜੀਆਂ’ ਨੇ ਕੱਖ-ਕਾਨੇ ਲਿਆ ਕੇ, ਹਿੱਸਾ ਪਾ, ਅੱਗ ਮਘਾ ਲਈ। ਨਿੱਕੀਆਂ-ਨਿੱਕੀਆਂ ਗੱਲਾਂ ਨਾਲ ਗੇਅਰ ਬਦਲ ਹੀ ਰਹੇ ਸਨ ਕਿ ‘ਵੱਡੇ ਘਰੋਂ’ ਰੌਲੇ ਦੇ ਭਾਂਬੜ ਉੱਠੇ। ਸਭ ਦਾ ਧਿਆਨ ਉੱਧਰ ਗਿਆ। ਇੱਕ-ਦੋ ਤੁਰੇ ਹੀ ਸਨ ਕਿ ‘ਟੁੰਡੇ-ਲਾਟ’ ਦੀ ਘਰ ਵਾਲੀ ‘ਬੂ-ਬੂਆ’ ਕਰਦੀ ਬਾਹਰ ਆ ਗਈ। ਵਾਹਵਾ ਚਿਰ ‘ਮੱਛੀ-ਬਾਜ਼ਾਰ ਬਣੇ ਇਕੱਠ’ ਦਾ ਸਿੱਟਾ ਇਹ ਆਇਆ ਕਿ ‘ਮਾਈ ਦਾਨੀ’ ਦੀ ਉਸ ਨੂੰਹ ਨੂੰ, ਉਸ ਦੀ ‘ਪਤਾਲ-ਪੱਟ’ ਨੂੰਹ ਨੇ ਬੁੜ੍ਹਕਾ ਦਿੱਤਾ ਹੈ। ਮਗਰੋਂ ਧੂਣੀ ਦੀ ਵਧੀ ਰੌਣਕ ਵਿੱਚ ਕਈ, ਇਕੱਠੇ ਬੋਲ-ਬੋਲ, ਬਿਆਨ ਦਰਜ ਕਰਾਉਂਦੇ ਰਹੇ। ਥੋੜੀ ਸ਼ਾਂਤੀ ਹੋਈ ਤਾਂ ਦਿਲਪ੍ਰੀਤ ਪਾਸੇ-ਆਸੇ ਬਿੜਕ ਲੈ ਕੇ ਬੋਲਿਆ, ”ਇਹ ਤਾਂ ਬਾਈ ਹੋਣਾ ਹੀ ਸੀ। ‘ਜੈਸੀ ਕਰਨੀ ਵੈਸੀ ਭਰਨੀ’। ‘ਮਾਈ ਦਾਨੀ’ ਟਿਕਾਣੇ ਦੀ ਸੀ, ਰੱਜ ਕੇ ਕੰਮ ਕੀਤਾ, ਗਰੀਬ-ਗੁਰਬੇ ਨੂੰ ਵੀ ਵੰਡਿਆ। ਤਾਂਈਂਓਂ ਉਹਦਾ ਨਾਂ ਬਸੰਤ ਕੁਰ ਤੋਂ ‘ਦਾਨੀ’ ਪੱਕ ਗਿਆ। ਉਸ ਦਾ ਘਰ ਵਾਲਾ ਅਤੇ ਮੁੰਡਾ ਦੋਵੇਂ ਵਿਹਲੇ ਸਰਦਾਰ ‘ਅਫ਼ੀਮਚੀ’। ਪਰ ਮਾਈ ਨੇ ਕਦੇ ਵੀ ‘ਘਰੋਂ-ਬਾਹਰ’ ਕੋਈ ਗੱਲ ਨਾ ਜਾਣ ਦਿੱਤੀ। ਵੱਡੇ ਘਰ ਦੀ ਆਈ, ਇਸ ਨੂੰਹ ਵੇਲੇ ਵੀ, ਕੰਮ ਕਰਦੀ ਰਹੀ। ਜਦੋਂ ਵੱਡਾ ਸਰਦਾਰ ਚੱਲ ਵੱਸਿਆ, ਹੌਲੀ-ਹੌਲੀ ਨੂੰਹ ਦਾ, ‘ਤਪ-ਤੇਜ਼’ ਵੱਧ ਗਿਆ। ਮਾਈ ਫੇਰ ਵੀ ਚੁੱਪ। ਮੁੰਡਾ ਵੀ ਨੂੰਹ ਵੱਲ। ਫੇਰ ਏਹੀ, ਅੱਜ ਬੂ-ਬੂ ਕਰਦੀ ਨੂੰਹ ‘ਮਾਈ ‘ਤੇ ਹੱਥ ਚੱਕਣ ਲੱਗ ਪੀ। ਇੱਕ ਦਿਨ ਮਾਈ ਦੇ ਮੂੰਹ ‘ਤੇ ਕੜਛੀ ਮਾਰੀ। ਮਾਈ ਦੀ ਅੱਖ ਉੱਤੇ ਵਾਢ ਪੈ ਗੀ। ਲਹੂ-ਵਗੇ। ਖੁਰਲੀ ਬਣਾਉਂਦੇ ਚੰਨੇ ਮਿਸਤਰੀ ਨੇ ਸੰਭਾਲੀ। ਸੁਰਤ ‘ਚ ਆਈ ਮਾਈ-ਦਾਨੀ ਹੌਲੀ-ਹੌਲੀ ਕਹਿੰਦੀ, ”ਚੰਨਿਆਂ ਕਿਸੇ ਕੋਲੇ ਗੱਲ ਨਾ ਕਰੀਂ, ਸਾਡੇ ਘਰ ਦੀ ਬਦਨਾਮੀ ਹੋ ਜੂ”, ਚੰਨਾ ਆਵਦੇ ਘਰੇ ਆ ਕੇ ਫਿੱਸ ਪਿਆ।” ”ਅੱਧੇ ਰੌਲੇ ਤਾਂ ਬਾਈ ਹੁਣ ਫੂਨਾਂ ਦੇ ਆ, ਘਰ ਦੀ ਗੱਲ ਨਾਲੋ-ਨਾਲ ਸਪਲਾਈ ਹੁੰਦੀ ਰਹਿੰਦੀ ਐ, ਅੱਗੇ ਟੈਮ ਪੈ ਕੇ ‘ਆਈ-ਗਈ’ ਹੋ ਜਾਂਦੀ। ਬਾਕੀ ਤੇਰੀ ਗੱਲ ਠੀਕ ਐ ਪ੍ਰੀਤ, ਮਾਈ ਦਾ ਪਾਪ ਵੀ ਤਾਂ ਲੱਗਣੈਂ ਈ ਆ।” ਅਜੇ ਬੋਲ ਕਪੂਰੇ ਦੇ ਅਧੂਰੇ ਹੀ ਸਨ ਕਿ ‘ਵੱਡੇ ਘਰ ਦੇ’, ‘ਛੋਟੇ ਸਰਦਾਰ ਨੂੰ’ ਡੋਲਦਾ ਆਉਂਦਾ ਵੇਖ ਸਾਰੇ ਚੁੱਪ ਕਰ ਗਏ, ਕਈ ਖਿਸਕੰਤ ਹੋ ਗਏ।
ਹੋਰ, ਕਰਮਦੀਨ, ਕਰਮ ਚੰਦ ਅਤੇ ਕਰਮ ਸਿੰਘ, ਸਾਰੇ ਠੀਕ ਹਨ। ਛੁੱਟੀਆਂ ਕਰਕੇ ਠੰਡ ਵਿੱਚ ਵੀ, ਮੇਲ-ਮਿਲਾਪ ਲਈ ਜਾ-ਆ ਰਹੇ ਹਨ। ਕੋਰੋਨਾ, ਕੁਨੱਖਾ-ਕੁਨੱਖਾ, ਕਾਟੇ-ਬਾਟੇ ਕਰ ਰਿਹਾ ਹੈ। ਹਾੜੀ ਮੌਲੀ ਹੈ ਅਤੇ ਆਟਾ, ਤੂੜੀ ਮਹਿੰਗੇ ਹੋ ਰਹੇ ਹਨ। ਵੱਡਾ ਨੁਕਸਾਨ ਕਰਾ ਕੇ ਵੀ ਲੀਡਰ, ਪਾਰਟੀਆਂ ਅਜੇ ਪੰਜਾਬ ਬਾਰੇ ਗੰਭੀਰ ਨਹੀਂ ਹਨ। ਹਾਂ, ਸੱਚ, ਹੁਣ ਕੱਖ-ਕਾਨੇ, ਪਾਥੀਆਂ-ਛਿਟੀਆਂ ਸਭ ਵਿਕ ਜਾਂਦੇ ਹਨ। ਜਾਇਦਾਦਾਂ ਦੇ ਭਾਅ ਮਹਿੰਗੇ ਹੋ ਰਹੇ ਹਨ। ਚੰਗੀ ਖ਼ਬਰ, ਬਾਈ ਜਗਦੇਵ ਸਿੰਘ ਦਾ ਬੇਟਾ ਮਿਹਨਤ ਕਰਕੇ ਅਫ਼ਸਰ ਸਿਲੈਕਟ ਹੋ ਗਿਆ ਹੈ, ਵਧਾਈਆਂ।
ਚੰਗਾ, ਬਾਕੀ ਅਗਲੇ ਟੇਸ਼ਨ ਤੇ,

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com